Canada 'ਚ ਬਦਤਰ ਹੋਏ ਹਾਲਾਤ, Food Bank 'ਚ ਵੀ ਮੁੱਕਣ ਲੱਗਾ ਖਾਣਾ, ਅੰਤਰਰਾਸ਼ਟਰੀ ਵਿਦਿਆਰਥੀ ਬੇਬਸ
Tuesday, Oct 29, 2024 - 02:57 PM (IST)
ਟੋਰਾਂਟੋ- ਕੈਨੇਡਾ ਵਿਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 20 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਹ ਅੰਕੜਾ ਮਾਰਚ 2019 ਦੇ ਮੁਕਾਬਲੇ ਦੁੱਗਣਾ ਬਣਦਾ ਹੈ। ਫੂਡ ਬੈਂਕਸ ਕੈਨੇਡਾ ਨੇ ਤਾਜ਼ਾ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਬੀਤੇ ਮਾਰਚ ਮਹੀਨੇ ਦੌਰਾਨ 20 ਲੱਖ ਤੋਂ ਵੱਧ ਲੋਕ ਵੱਖ-ਵੱਖ ਰਾਜਾਂ ਦੇ ਫੂਡ ਬੈਂਕਸ ਵਿਚ ਪੁੱਜੇ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਛੇ ਫ਼ੀਸਦੀ ਵੱਧ ਬਣਦੀ ਹੈ। ਅਜਿਹੇ ਹਾਲਾਤ ਵਿਚ ਵੈਨਕੂਵਰ ਵਿੱਚ ਇੱਕ ਕੈਨੇਡੀਅਨ ਫੂਡ ਬੈਂਕ ਨੇ ਕਾਲਜ ਦੇ ਪਹਿਲੇ ਸਾਲ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਭੋਜਨ ਦੀਆਂ ਉੱਚੀਆਂ ਕੀਮਤਾਂ ਅਤੇ ਵਧਦੀ ਬੇਰੁਜ਼ਗਾਰੀ ਦੇ ਪਿਛੋਕੜ ਵਿੱਚ ਲੋਕ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਫੂਡ ਬੈਂਕਾਂ ਤੱਕ ਪਹੁੰਚ ਕਰ ਰਹੇ ਹਨ। ਗ੍ਰੇਟਰ ਵੈਨਕੂਵਰ ਫੂਡ ਬੈਂਕ ਦੀ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁਫਤ ਭੋਜਨ ਦੇਣ ਤੋਂ ਇਨਕਾਰ ਕਰਨ ਦੇ ਇਸ ਕਦਮ ਲਈ ਨਿੰਦਾ ਕੀਤੀ ਗਈ ਹੈ। ਗੌਰਤਲਬ ਹੈ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਕ ਵੱਡਾ ਹਿੱਸਾ ਭਾਰਤ ਤੋਂ ਹੈ।
ਵਿਦਿਆਰਥੀਆਂ ਦੇ ਖਰਚਿਆਂ ਵਿਚ ਵਾਧਾ
ਫੂਡ ਬੈਂਕਸ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨ ਬਿਅਰਡਜ਼ਲੀ ਦਾ ਕਹਿਣਾ ਸੀ ਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੈ ਅਤੇ ਉਹ ਫੂਡ ਬੈਂਕਸ ਵੱਲ ਜਾਣ ਲਈ ਮਜਬੂਰ ਹਨ। ਗ੍ਰੇਟਰ ਵੈਨਕੂਵਰ ਫੂਡ ਬੈਂਕ ਦੀ ਦਲੀਲ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਦੀ ਨੀਤੀ ਮੁਤਾਬਕ ਉਨ੍ਹਾਂ ਨੂੰ ਯਾਤਰਾ ਅਤੇ ਟਿਊਸ਼ਨ ਲਈ ਭੁਗਤਾਨ ਕਰਨ ਤੋਂ ਇਲਾਵਾ 20,635 ਡਾਲਰ ਦੀ ਲੋੜ ਹੈ। ਫੂਡ ਬੈਂਕ ਦਾ ਕਹਿਣਾ ਹੈ ਕਿ ਇਹ ਰਾਸ਼ੀ ਉਨ੍ਹਾਂ ਦੇ ਪਹਿਲੇ ਸਾਲ ਲਈ ਲੋੜੀਂਦੀ ਹੋਣੀ ਚਾਹੀਦੀ ਹੈ। ਕੈਨੇਡਾ ਨੇ 1 ਜਨਵਰੀ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗੁਜਾਰੇ ਦੀ ਲਾਗਤ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਹੈ। ਰਕਮ ਨੂੰ ਦੋ ਦਹਾਕਿਆਂ ਬਾਅਦ ਸੋਧਿਆ ਗਿਆ ਸੀ। ਹੁਣ ਰਹਿਣ ਦੇ ਖਰਚਿਆਂ ਦੀ ਲਾਗਤ ਨੂੰ ਸਟੈਟਿਸਟਿਕਸ ਕੈਨੇਡਾ ਬੈਂਚਮਾਰਕ ਦੇ ਆਧਾਰ 'ਤੇ ਸਾਲਾਨਾ ਐਡਜਸਟ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-Mc'Donalds ਦੇ ਮੀਨੂ 'ਚ ਮੁੜ ਸ਼ਾਮਲ ਹੋਵੇਗਾ ਬਰਗਰ, ਨਹੀਂ ਹੋਵੇਗੀ ਗੰਢੇ ਦੀ ਵਰਤੋਂ
ਰਿਕਾਰਡ ਗਿਣਤੀ 'ਚ ਲੋਕ ਫੂਡ ਬੈਂਕਾਂ 'ਤੇ ਨਿਰਭਰ
ਕੈਨੇਡਾ ਵਿੱਚ ਰਹਿਣ ਦੀ ਲਾਗਤ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਰਿਕਾਰਡ ਗਿਣਤੀ ਵਿੱਚ ਲੋਕ ਹੁਣ ਫੂਡ ਬੈਂਕਾਂ 'ਤੇ ਨਿਰਭਰ ਹਨ ਜੋ ਮੁਫਤ ਭੋਜਨ ਦੀ ਪੇਸ਼ਕਸ਼ ਕਰਦੇ ਹਨ। ਕੈਨੇਡੀਅਨ ਮੀਡੀਆ ਨੇ ਫੂਡ ਬੈਂਕਸ ਕੈਨੇਡਾ ਦੇ ਸੀ.ਈ.ਓ ਕਰਿਸਟਨ ਬੀਅਰਡਸਲੇ ਦੇ ਹਵਾਲੇ ਨਾਲ ਕਿਹਾ ਕਿ ਫੂਡ ਬੈਂਕਾਂ ਨੂੰ ਖ਼ਤਮ ਹੋਣ ਦੇ "ਕਿਨਾਰੇ" ਵੱਲ ਧੱਕਿਆ ਜਾ ਰਿਹਾ ਹੈ। ਸਿਟੀ ਨਿਊਜ਼ ਵੈਨਕੂਵਰ ਅਨੁਸਾਰ ਕੈਨੇਡਾ ਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਗ੍ਰੇਟਰ ਵੈਨਕੂਵਰ ਫੂਡ ਬੈਂਕ ਦੇ ਫੈਸਲੇ ਨੂੰ "ਭਿਆਨਕ" ਦੱਸਿਆ। ਅੰਤਰਰਾਸ਼ਟਰੀ ਵਿਦਿਆਰਥੀ ਨੇ ਕਿਹਾ ਕਿ ਨੀਤੀ ਨੇ ਉਨ੍ਹਾਂ ਵਿਦਿਆਰਥੀਆਂ ਲਈ ਜੀਵਨ ਮੁਸ਼ਕਲ ਬਣਾ ਦਿੱਤਾ ਹੈ ਜਿਨ੍ਹਾਂ ਕੋਲ ਨਵੇਂ ਦੇਸ਼ ਵਿੱਚ ਸਰੋਤਾਂ ਅਤੇ ਸਹਾਇਤਾ ਦੀ ਘਾਟ ਹੋਣ ਦੀ ਸੰਭਾਵਨਾ ਹੈ।ਇਸ ਕਦਮ ਨੇ ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਵੀ ਜ਼ੋਰਦਾਰ ਬਹਿਸ ਛੇੜ ਦਿੱਤੀ ਹੈ।ਹਾਲਾਂਕਿ ਇਸਦੇ ਪ੍ਰਤੀ ਵੀ ਵਿਰੋਧੀ ਦਲੀਲਾਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਸ਼ੁਰੂ ਕੀਤਾ ਨਵਾਂ ਵੀਜ਼ਾ, ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਫ਼ਾਇਦਾ
‘ਹੰਗਰ ਕਾਊਂਟ 2024’ ਦੇ ਅੰਕੜਿਆਂ ਮੁਤਾਬਕ 20 ਲੱਖ 59 ਹਜ਼ਾਰ ਲੋਕਾਂ ਨੇ ਮਾਰਚ ਵਿਚ ਫੂਡ ਬੈਂਕ ਦਾ ਦਰਵਾਜ਼ਾ ਖੜਕਾਇਆ। ਕ੍ਰਿਸਟੀਨ ਨੇ ਦੱਸਿਆ ਕਿ ਫੂਡ ਬੈਂਕ ਆਉਣ ਵਾਲੇ ਇਕ ਤਿਹਾਈ ਤੋਂ ਵੱਧ ਕਲਾਈਂਟ ਬੱਚੇ ਹੁੰਦੇ ਹਨ ਅਤੇ ਇਸ ਅੰਕੜੇ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। 2019 ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 10 ਲੱਖ 86 ਹਜ਼ਾਰ ਦਰਜ ਕੀਤੀ ਗਈ। 2020 ਵਿਚ ਕੋਰੋਨਾ ਮਹਾਮਾਰੀ ਕਾਰਨ ਅਸਲ ਅੰਕੜਾ ਸਾਹਮਣੇ ਨਹੀਂ ਆਇਆ ਪਰ 2021 ਵਿਚ 12 ਲੱਖ 72 ਹਜ਼ਾਰ ਲੋਕ ਫੂਡ ਬੈਂਕਸ ਵਿਚ ਪੁੱਜੇ ਅਤੇ 17 ਫ਼ੀਸਦੀ ਵਾਧਾ ਦਰਜ ਕੀਤਾ ਗਿਆ। 2022 ਵਿਚ 14 ਲੱਖ 65 ਹਜ਼ਾਰ ਲੋਕ ਫੂਡ ਬੈਂਕਸ ਵਿਚ ਪੁੱਜੇ ਅਤੇ 15 ਫ਼ੀਸਦੀ ਵਾਧਾ ਦਰਜ ਕੀਤਾ ਗਿਆ। 2023 ਵਿਚ 19 ਲੱਖ 35 ਹਜ਼ਾਰ ਤੋਂ ਵੱਧ ਲੋਕ ਫੂਡ ਬੈਂਕਸ ਪੁੱਜੇ ਅਤੇ 32 ਫ਼ੀਸਦੀ ਵਾਧਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।