Canada ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ
Sunday, Nov 17, 2024 - 12:54 PM (IST)
ਟੋਰਾਂਟੋ: ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਅਪਡੇਟ ਜਾਰੀ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਈ ਨਵੇਂ ਐਲਾਨ ਕੀਤੇ ਹਨ। ਐਲਾਨ ਵਿਚ ਵਿਦਿਆਰਥੀਆਂ ਨੂੰ ਹਫ਼ਤੇ ਵਿਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਨਾਲ ਹੀ ਕਾਲਜ ਬਦਲਣ ਦੇ ਇੱਛੁਕ ਕੌਮਾਂਤਰੀ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਦਾ ਨਿਯਮ ਵੀ ਲਾਗੂ ਕਰ ਦਿੱਤਾ। ਨਿਯਮ ਤੋੜਨ ਵਾਲਿਆਂ ਨੂੰ ਇਕ ਸਾਲ ਲਈ ਕਿਸੇ ਵੀ ਕਾਲਜ-ਯੂਨੀਵਰਸਿਟੀ ਵਿਚ ਦਾਖਲਾ ਨਹੀਂ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਨਵੇਂ ਨਿਯਮ 15 ਨਵੰਬਰ ਤੋਂ ਹੀ ਲਾਗੂ ਮੰਨੇ ਜਾਣਗੇ।
ਹਫ਼ਤੇ ਵਿਚ 24 ਘੰਟੇ ਕਰ ਸਕਣਗੇ ਕੰਮ
ਇਸ ਤੋਂ ਪਹਿਲਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕਾਲਜ ਜਾਂ ਯੂਨੀਵਰਸਿਟੀ ਵਿਚ ਛੁੱਟੀਆਂ ਦੌਰਾਨ ਉਹ ਜਿੰਨਾ ਮਰਜ਼ੀ ਸਮਾਂ ਕੰਮ ਕਰ ਸਕਦੇ ਹਨ। ਇਸ ਬਾਰੇ ਕੋਈ ਬੰਦਿਸ਼ ਲਾਗੂ ਨਹੀਂ। ਮਾਰਕ ਮਿਲਰ ਨੇ ਕਿਹਾ ਕਿ ਹਫ਼ਤੇ ਵਿਚ ਕੰਮ ਦਾ ਸਮਾਂ 4 ਘੰਟੇ ਵਧਾਉਣ ਦਾ ਮਕਸਦ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀਆਂ ਜ਼ਰੂਰਤ ਪੂਰੀਆਂ ਕਰਨ ਵਿਚ ਮਦਦ ਕਰਨਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ-ਲਿਖਾਈ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ।
ਹਾਲਾਂਕਿ ਇਹ ਨੀਤੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਕਰਨ ਲਈ ਸ਼ਰਤਾਂ ਨਿਰਧਾਰਤ ਕਰਦੀ ਹੈ। ਇੱਕ ਵਿਦਿਆਰਥੀ ਸਿਰਫ਼ ਤਾਂ ਹੀ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਯੋਗ ਹੁੰਦਾ ਹੈ ਜੇਕਰ ਉਹ ਇੱਕ ਮਨੋਨੀਤ ਲਰਨਿੰਗ ਇੰਸਟੀਚਿਊਟ (DLI) ਵਿੱਚ ਫੁੱਲ-ਟਾਈਮ ਵਿਦਿਆਰਥੀ ਹੈ ਅਤੇ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਪ੍ਰੋਗਰਾਮਾਂ ਦਾ ਅਧਿਐਨ ਕਰ ਰਿਹਾ ਹੈ। ਅਜਿਹੇ ਪ੍ਰੋਗਰਾਮ ਘੱਟੋ-ਘੱਟ ਛੇ ਮਹੀਨਿਆਂ ਤੱਕ ਚੱਲਣੇ ਚਾਹੀਦੇ ਹਨ ਅਤੇ ਕਿਊਬਿਕ ਵਿੱਚ ਸੈਕੰਡਰੀ ਸਿੱਖਿਆ ਦੇ ਪੱਧਰ 'ਤੇ ਪੋਸਟ-ਸੈਕੰਡਰੀ ਅਕਾਦਮਿਕ ਜਾਂ ਵੋਕੇਸ਼ਨਲ ਸਿਖਲਾਈ ਦੇ ਨਾਲ-ਨਾਲ ਕਿੱਤਾਮੁਖੀ ਸਿਖਲਾਈ ਸ਼ਾਮਲ ਕਰਦੇ ਹਨ। ਹੋਰ ਲੋੜਾਂ ਵਿੱਚ ਕੈਂਪਸ ਤੋਂ ਬਾਹਰ ਕੰਮ ਕਰਨ ਦੀਆਂ ਸ਼ਰਤਾਂ ਦੇ ਨਾਲ ਇੱਕ ਵੈਧ ਸਟੱਡੀ ਪਰਮਿਟ ਹੋਣਾ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੋਸ਼ਲ ਇੰਸ਼ੋਰੈਂਸ ਨੰਬਰ (SIN) ਰੱਖਣਾ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ- 2025 ਲਈ Visa ਸਬੰਧੀ ਅਮਰੀਕਾ ਨੇ ਕੀਤਾ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਕਾਲਜ ਬਦਲਣ ਲਈ ਨਵਾਂ ਸਟੱਡੀ ਵੀਜ਼ਾ ਲਾਜ਼ਮੀ
ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਾਲਜ ਜਾਂ ਯੂਨੀਵਰਸਿਟੀ ਬਦਲਣ ਦੇ ਇੱਛੁਕ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਲਈ ਅਰਜ਼ੀ ਦਾਇਰ ਕਰਨੀ ਹੋਵੇਗੀ ਅਤੇ ਕੁਝ ਮਾਮਲਿਆਂ ਵਿਚ ਸਟੱਡੀ ਵੀਜ਼ਾ ਪ੍ਰਵਾਨ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਹੁਣ ਤੱਕ ਕੌਮਾਂਤਰੀ ਵਿਦਿਆਰਥੀਆਂ ਉਤੇ ਅਜਿਹੀ ਕੋਈ ਬੰਦਿਸ਼ ਲਾਗੂ ਨਹੀਂ ਸੀ ਅਤੇ ਪਹਿਲਾਂ ਮਿਲੇ ਸਟੱਡੀ ਵੀਜ਼ਾ ’ਤੇ ਹੀ ਕਿਸੇ ਹੋਰ ਵਿਦਿਅਕ ਅਦਾਰੇ ਵਿਚ ਦਾਖਲਾ ਲੈ ਸਕਦੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 40 ਘੰਟੇ ਕੰਮ ਕਰਨ ਦੀ ਆਰਜ਼ੀ ਰਿਆਇਤ ਦਿੱਤੀ ਗਈ ਸੀ ਜੋ ਹਾਲਾਤ ਕਾਬੂ ਹੇਠ ਆਉਣ ਮਗਰੋਂ 30 ਅਪ੍ਰੈਲ 2024 ਨੂੰ ਖ਼ਤਮ ਹੋ ਗਈ। ਫੈਡਰਲ ਸਰਕਾਰ ਵੱਲੋਂ ਇਸ ਆਰਜ਼ੀ ਨੀਤੀ ਰਾਹੀਂ ਕਈ ਮਕਸਦ ਪੂਰੇ ਕੀਤੇ ਗਏ। ਇਕ ਪਾਸੇ ਜਿਥੇ ਕਿਰਤੀਆਂ ਦੀ ਕਿੱਲਤ ਨਾਲ ਨਜਿੱਠਿਆ ਗਿਆ ਤਾਂ ਦੂਜੇ ਪਾਸੇ ਵਿਦਿਆਰਥੀਆਂ ਵੱਧ ਕਮਾਈ ਕਰਨ ਦਾ ਮੌਕਾ ਮਿਲਿਆ ਜੋ ਕੋਰੋਨਾ ਦੌਰਾਨ ਬੇਵਸ ਹੋ ਚੁੱਕੇ ਸਨ।
ਕੈਨੇਡਾ ਸਰਕਾਰ ਪਿਛਲੇ ਇਕ ਹਫ਼ਤੇ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਕਈ ਵੱਡੇ ਐਲਾਨ ਕਰ ਚੁੱਕੀ ਹੈ। 8 ਨਵੰਬਰ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਡਾਇਰੈਕਟਰ ਸਟ੍ਰੀਮ ਬੰਦ ਕਰ ਦਿਤੀ ਅਤੇ ਸਟੱਡੀ ਵੀਜ਼ਾ ਦੀ ਫਾਸਟ ਟ੍ਰੈਕ ਪ੍ਰੋਸੈਸਿੰਗ ਵਾਲੀ ਯੋਜਨਾ ਖ਼ਤਮ ਕਰ ਦਿੱਤੀ ਗਈ। ਐਸ.ਡੀ.ਐਸ. ਯੋਜਨਾ 2018 ਵਿਚ ਭਾਰਤ ਸਣੇ 14 ਮੁਲਕਾਂ ਲਈ ਆਰੰਭੀ ਗਈ ਅਤੇ ਇਸ ਦਾ ਪੰਜਾਬੀ ਵਿਦਿਆਰਥੀਆਂ ਨੂੰ ਬੇਹੱਦ ਫ਼ਾਇਦਾ ਹੋਇਆ। ਐਸ.ਡੀ.ਐਸ. ਅਧੀਨ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਘੱਟ ਰਹੀ। ਵਿਦਿਆਰਥੀਆਂ ਨੂੰ ਇਕ ਸਾਲ ਦੀ ਟਿਊਸ਼ਨ ਫੀਸ ਨਾਲ 20,635 ਡਾਲਰ ਦੀ ਜੀ.ਆਈ.ਸੀ. ਭਰਨੀ ਪੈਂਦੀ ਸੀ। ਹੁਣ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਸਿਰਫ ਛੇ ਮਹੀਨੇ ਦੀ ਫੀਸ ਭਰਨੀ ਲਾਜ਼ਮੀ ਹੈ ਅਤੇ ਪੜ੍ਹਾਈ ਦੌਰਾਨ ਖਰਚਾ ਚਲਾਉਣ ਲਈ ਖਾਤੇ ਵਿਚ ਫੰਡਜ਼ ਦਿਖਾਉਣ ਦੀ ਸ਼ਰਤ ਲਾਗੂ ਕੀਤੀ ਗਈ ਹੈ। ਭਾਵੇਂ ਜੀ.ਆਈ.ਸੀ. ਹੁਣ ਵੀ ਇਕ ਬਦਲ ਵਜੋਂ ਵਰਤੀ ਜਾ ਸਕਦੀ ਹੈ ਪਰ ਇਸ ਨੂੰ ਲਾਜ਼ਮੀ ਨਹੀਂ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ 2025 ਦੌਰਾਨ 4 ਲੱਖ 37 ਹਜ਼ਾਰ ਸਟੱਡੀ ਵੀਜ਼ਾ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।