ਮਾਵਾਂ ਪੁੱਤਾਂ ਨੂੰ 'ਵੱਖ' ਕਰ ਰਿਹੈ ਕੈਨੇਡਾ ਦਾ ਮੋਹ ! ਅਸਾਈਲਮ ਕਾਰਨ ਹੋ ਰਹੇ ਇਕ-ਦੂਜੇ ਤੋਂ ਦੂਰ
Saturday, Nov 28, 2026 - 03:23 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ, ਜੋ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਹੈ, ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਾਰਡਰ 'ਤੇ ਅਸਾਈਲਮ ਮੰਗਣ ਦੀ ਕੋਸ਼ਿਸ਼ ਕਰ ਰਹੇ ਪਰਿਵਾਰਾਂ ਦੇ ਆਪਣੇ ਬੱਚਿਆਂ ਤੋਂ ਵੱਖ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। 16 ਨਵੰਬਰ 2026 ਤੱਕ 1,300 ਤੋਂ ਵੱਧ ਪਰਿਵਾਰਾਂ ਨੂੰ ਸਰਹੱਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।
ਅੰਤਰਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ, ਇਕ 30 ਸਾਲਾ ਔਰਤ ਆਪਣੇ ਇੱਕ ਅਤੇ ਦੋ ਸਾਲ ਦੇ ਬੱਚਿਆਂ ਤੇ ਪਤੀ ਨਾਲ ਕੈਨੇਡਾ ਸਰਹੱਦ 'ਤੇ ਪਹੁੰਚੀ ਸੀ, ਜਿੱਥੇ ਪਤੀ ਅਤੇ ਬੱਚਿਆਂ ਨੂੰ ਕੈਨੇਡਾ 'ਚ ਐਂਟਰੀ ਮਿਲ ਗਈ, ਪਰ ਔਰਤ ਨੂੰ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਅਤੇ ਹੁਣ ਉਹ ਬੱਚਿਆਂ ਤੋਂ 3,200 ਕਿਲੋਮੀਟਰ ਦੂਰ ਨਿਊ ਮੈਕਸੀਕੋ ਦੇ ਡਿਟੈਂਸ਼ਨ ਸੈਂਟਰ 'ਚ ਬੰਦ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ-ਕੈਨੇਡਾ ਅਸਾਈਲਮ ਐਗਰੀਮੈਂਟ ਤਹਿਤ ਨਜ਼ਦੀਕੀ ਰਿਸ਼ਤੇਦਾਰ ਹੋਣ 'ਤੇ ਐਂਟਰੀ ਦੀ ਛੋਟ ਮਿਲਦੀ ਹੈ, ਪਰ ਸਹੁਰੇ ਪਰਿਵਾਰ ਦੇ ਰਿਸ਼ਤੇਦਾਰ ਇਸ ਦਾਇਰੇ 'ਚ ਮੰਨੇ ਨਹੀਂ ਜਾਂਦੇ। ਕੈਨੇਡਾ 'ਚ ਔਰਤ ਦੇ ਪਤੀ ਦੇ ਦੋ ਭਰਾ ਰਹਿੰਦੇ ਹਨ, ਜਿਸ ਕਾਰਨ ਇਹ ਨਿਯਮ ਪਰਿਵਾਰ ਦੇ ਵੱਖ ਹੋਣ ਦਾ ਕਾਰਨ ਬਣਿਆ ਅਤੇ ਵਕੀਲਾਂ ਕੋਲ ਅਜਿਹੇ ਦਰਜਨਾਂ ਮਾਮਲੇ ਪਹੁੰਚੇ ਹਨ।
2025 'ਚ ਕੈਨੇਡਾ ਵਿੱਚ ਕੁੱਲ 1.13 ਲੱਖ ਲੋਕਾਂ ਨੇ ਅਸਾਈਲਮ ਲਈ ਅਪਲਾਈ ਕੀਤਾ ਸੀ। ਇਨ੍ਹਾਂ 'ਚ ਹੈਤੀ ਸਭ ਤੋਂ ਅੱਗੇ ਰਿਹਾ, ਜਦਕਿ 17,205 ਅਰਜ਼ੀਆਂ ਨਾਲ ਭਾਰਤੀ ਦੂਜੇ ਸਥਾਨ 'ਤੇ ਰਹੇ ਅਤੇ ਇਸ ਤੋਂ ਬਾਅਦ ਇਰਾਨ ਤੇ ਮੈਕਸੀਕੋ ਦਾ ਨੰਬਰ ਆਉਂਦਾ ਹੈ।
