ਲੀਬੀਆ : ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ 'ਚ ਫਸੀ, ਹੁਣ ਤੱਕ 17 ਲਾਸ਼ਾਂ ਬਰਾਮਦ
Thursday, Apr 30, 2026 - 09:59 AM (IST)
ਤ੍ਰਿਪੋਲੀ (ਆਈਏਐਨਐਸ): ਲੀਬੀਆ ਦੇ ਪੂਰਬੀ ਤੱਟ 'ਤੇ ਇੱਕ ਪ੍ਰਵਾਸੀ ਕਿਸ਼ਤੀ ਦੇ ਖਰਾਬ ਹੋਣ ਕਾਰਨ ਵੱਡਾ ਦੁਖਾਂਤ ਵਾਪਰਿਆ ਹੈ। ਲੀਬੀਆ ਦੇ ਰੈੱਡ ਕ੍ਰੀਸੈਂਟ ਅਨੁਸਾਰ ਇਸ ਘਟਨਾ ਤੋਂ ਬਾਅਦ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 7 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਕਿਸ਼ਤੀ ਟੋਬਰੂਕ ਸ਼ਹਿਰ ਦੇ ਤੱਟ ਨੇੜੇ ਖਰਾਬ ਹੋ ਗਈ ਸੀ। ਰੈੱਡ ਕ੍ਰੀਸੈਂਟ ਨੇ ਦੱਸਿਆ ਕਿ ਇਹ ਲੋਕ ਅੱਠ ਦਿਨਾਂ ਤੋਂ ਬੇਹੱਦ ਖਰਾਬ ਹਾਲਾਤ ਵਿੱਚ ਸਮੁੰਦਰ ਵਿੱਚ ਫਸੇ ਹੋਏ ਸਨ। ਜਲ ਸੈਨਾ ਅਤੇ ਕੋਸਟ ਗਾਰਡ ਦੇ ਸਹਿਯੋਗ ਨਾਲ ਚਲਾਇਆ ਗਿਆ ਇਹ ਬਚਾਅ ਕਾਰਜ ਕਰੀਬ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ।
ਲੀਬੀਆ ਆਪਣੀ ਲੰਬੀ ਸਮੁੰਦਰੀ ਤੱਟ ਰੇਖਾ ਅਤੇ ਯੂਰਪ ਦੇ ਨਜ਼ਦੀਕ ਹੋਣ ਕਾਰਨ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਟ੍ਰਾਂਜ਼ਿਟ ਹੱਬ ਬਣਿਆ ਹੋਇਆ ਹੈ। ਖਾਸ ਕਰਕੇ ਮਾਰਚ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਸਮੁੰਦਰ ਸ਼ਾਂਤ ਹੋਣ ਕਾਰਨ ਇੱਥੋਂ ਯੂਰਪ ਜਾਣ ਵਾਲਿਆਂ ਦੀ ਗਿਣਤੀ ਕਾਫੀ ਵਧ ਜਾਂਦੀ ਹੈ।ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਦੇ ਅੰਕੜਿਆਂ ਮੁਤਾਬਕ ਸਾਲ 2025 ਵਿੱਚ ਹੁਣ ਤੱਕ 27,116 ਪ੍ਰਵਾਸੀਆਂ ਨੂੰ ਰੋਕ ਕੇ ਵਾਪਸ ਲੀਬੀਆ ਭੇਜਿਆ ਗਿਆ ਹੈ। ਇਸ ਖਤਰਨਾਕ ਰਸਤੇ 'ਤੇ ਸਫ਼ਰ ਦੌਰਾਨ ਹੁਣ ਤੱਕ 1,314 ਪ੍ਰਵਾਸੀ ਆਪਣੀ ਜਾਨ ਗੁਆ ਚੁੱਕੇ ਹਨ ਜਾਂ ਲਾਪਤਾ ਹਨ। ਕੇਂਦਰੀ ਭੂਮੱਧ ਸਾਗਰ ਦੇ ਇਸ ਰਸਤੇ ਨੂੰ ਦੁਨੀਆ ਦੇ ਸਭ ਤੋਂ ਘਾਤਕ ਪ੍ਰਵਾਸ ਮਾਰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
