ਕੈਨੇਡਾ ਦਾ ਕੌੜਾ ਸੱਚ, ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਕੁੜੀਆਂ
Sunday, Sep 15, 2024 - 11:16 AM (IST)
ਬਰੈਂਪਟਨ: ਕੈਨੇਡਾ ਵਿਚ ਪੜ੍ਹਨ ਲਈ ਗਈਆਂ ਕੁੜੀਆਂ ਸਬੰਧੀ ਇਕ ਕੌੜਾ ਸੱਚ ਸਾਹਮਣੇ ਆਇਆ ਹੈ। ਇੱਥੇ ਬਰੈਂਪਟਨ ਸ਼ਹਿਰ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਕਿਸੇ ਤੋਂ ਲੁਕਿਆ ਨਹੀਂ ਪਰ ਸਿਟੀ ਕੌਂਸਲਰ ਰੋਇਨਾ ਸੈਂਟੌਸ ਨੇ ਹੈਰਾਨਕੁੰਨ ਦਾਅਵਾ ਕੀਤਾ ਹੈ ਕਿ ਕੁੜੀਆਂ ਮਕਾਨ ਕਿਰਾਏ ਲਈ ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਹਨ ਅਤੇ ਕੁਝ ਲੈਂਡ ਲੌਰਡਜ਼ ਵੱਲੋਂ ਮੁਫ਼ਤ ਰਿਹਾਇਸ਼ ਬਾਰੇ ਦਿੱਤੇ ਜਾ ਰਹੇ ਇਸ਼ਤਿਹਾਰ ਇਸ ਦਾ ਕਾਰਨ ਬਣ ਰਹੇ ਹਨ। ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ਼ ਮੁਫ਼ਤ ਰਿਹਾਇਸ਼ ਦਾ ਲਾਲਚ ਨਹੀਂ ਦਿੱਤਾ ਜਾਂਦਾ ਸਗੋਂ ਮੁਫ਼ਤ ਖਾਣੇ ਅਤੇ ਸ਼ੌਪਿੰਗ ਦੇ ਲਾਰੇ ਵੀ ਲਾਏ ਜਾਂਦੇ ਹਨ। ਰੋਇਨਾ ਸੈਂਟੌਸ ਨੇ ਦੱਸਿਆ ਕਿ ਕੋਰੋਨਾ ਮਹਮਾਰੀ ਮਗਰੋਂ ਹਾਲਾਤ ਜ਼ਿਆਦਾ ਵਿਗੜ ਗਏ ਅਤੇ ਮਜਬੂਰੀ ਵਸ ਕੁਝ ਕੁੜੀਆਂ ਖੁਦਕੁਸ਼ੀ ਕਰ ਰਹੀਆਂ ਹਨ। ਨਤੀਜੇ ਵਜੋਂ ਤਾਬੂਤਾਂ ਵਿਚ ਉਨ੍ਹਾਂ ਦੀ ਲਾਸ਼ ਜੱਦੀ ਮੁਲਕ ਭੇਜੀ ਜਾ ਰਹੀ ਹੈ।
ਸਿਟੀ ਕੌਂਸਲਰ ਨੇ ਮੀਟਿੰਗ ਵਿਚ ਕੀਤਾ ਵੱਡਾ ਖੁਲਾਸਾ
ਸੈਂਟੌਸ ਨੇ ਅੱਗੇ ਕਿਹਾ ਕਿ ਬਰੈਂਪਟਨ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਗੈਰਕਾਨੂੰਨੀ ਬੇਸਮੈਂਟ ਅਕਸਰ ਹੀ ਵਿਦਿਆਰਥੀਆਂ ਨੂੰ ਕਿਰਾਏ ’ਤੇ ਦਿੱਤੇ ਜਾਂਦੇ ਹਨ। ਸੈਂਟੌਸ ਦਾ ਕਹਿਣਾ ਸੀ ਕਿ ਬਰੈਂਪਟਨ ਸ਼ਹਿਰ ਵਿਚ ਵਿਦਿਆਰਥੀਆਂ ਦੀ ਰਿਹਾਇਸ਼ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਅਤੇ ਉਹ ਬਦਤਰ ਹਾਲਾਤ ਵਿਚ ਦਿਨ ਕੱਟ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਫੇਸਬੁਕ, ਮਾਰਕੀਟ ਪਲੇਸ ਅਤੇ ਕੀਜੀਜੀ ਵਰਗੇ ਪਲੈਟਫਾਰਮਜ਼ ’ਤੇ ਅਕਸਰ ਅਜਿਹੇ ਇਸ਼ਤਿਹਾਰ ਦੇਖਣ ਨੂੰ ਮਿਲ ਜਾਂਦੇ ਹਨ ਜਿਥੇ ਕਿਰਾਏਦਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਾਂ ਫਾਇਦਿਆਂ ਵਾਲੇ ਦੋਸਤ ਦਾ ਨਾਂ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਬਿਨਾਂ ਮਨਜ਼ੂਰੀ ਦੇ ਹਸਪਤਾਲ ਨੇ ਬਜ਼ੁਰਗ ਸਿੱਖ ਦੀ ਕੱਟ ਦਿੱਤੀ ਦਾੜ੍ਹੀ, ਭਖਿਆ ਮਾਮਲਾ
ਇਸ ਰੁਝਾਨ ਤੋਂ ਚਿੰਤਤ ਬਰੈਂਪਟਨ ਵਾਸੀਆਂ ਵੱਲੋਂ ਸਾਰੇ ਇਸ਼ਤਿਹਾਰ ਆਪੋ ਆਪਣੇ ਕੌਂਸਲਰਾਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਰੋਇਨਾ ਸੈਂਟੋਸ ਨੇ ਦੱਸਿਆ ਕਿ ਕੈਨੇਡਾ ਦੇ ਸਭਿਆਚਾਰ ਤੋਂ ਅਣਜਾਣ ਕੁੜੀਆਂ ਨੂੰ ਫਾਇਦਿਆਂ ਵਾਲੇ ਦੋਸਤ ਦਾ ਅਸਲ ਮਤਲਬ ਹੀ ਸਮਝ ਨਹੀਂ ਆਉਂਦਾ ਅਤੇ ਉਹ ਗੰਦੀ ਦਲਦਲ ਵਿਚ ਫਸ ਜਾਂਦੀਆਂ ਹਨ। ਬੇਸਮੈਂਟਾਂ ਦੀ ਸਮੱਸਿਆ ਕਰ ਕੇ ਹੀ ਬਰੈਂਪਟਨ ਵਿਖੇ ਰੈਜ਼ੀਡੈਂਸ਼ੀਅਲ ਰੈਂਟਲ ਪ੍ਰੋਗਰਾਮ ਲਿਆਂਦਾ ਗਿਆ ਪਰ ਲੈਂਡਲੌਰਡ ਟੈਨੈਂਟ ਬੋਰਡ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ। ਉਨ੍ਹਾਂ ਮਿਸਾਲ ਪੇਸ਼ ਕੀਤੀ ਜੇ ਕੋਈ ਲੈਂਡਲੌਰਡ ਸ਼ਿਕਾਇਤ ਕਰਦਾ ਹੈ ਤਾਂ ਮਿਊਂਸਪੈਲਿਟੀ ਦੇ ਹੱਥ ਬੰਨ੍ਹੇ ਹੁੰਦੇ ਹਨ ਕਿਉਂਕਿ ਕਾਰਵਾਈ ਕਰਨ ਦਾ ਹੱਕ ਸਿਰਫ ਬੋਰਡ ਕੋਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।