ਅਮਰੀਕਾ ’ਚ ਸਮਲਿੰਗੀ ਵਿਆਹ ਨੂੰ ਮਿਲੀ ਕਾਨੂੰਨੀ ਮਾਨਤਾ, ਬਾਈਡੇਨ ਨੇ ਕੀਤੇ ਦਸਤਖ਼ਤ
Thursday, Dec 15, 2022 - 12:46 PM (IST)

ਵਾਸ਼ਿੰਗਟਨ (ਏ. ਪੀ.)- ਅਮਰੀਕਾ ਵਿਚ ਸਮਲਿੰਗੀ ਵਿਆਹ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਸਮਲਿੰਗੀ ਵਿਆਹ ਨੂੰ ਵੈਧਤਾ ਦੇਣ ਵਾਲੇ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਕਦਮ ਅਮਰੀਕੀ ਕਾਂਗਰਸ ਵੱਲੋਂ ਮੈਰਿਜ ਐਕਟ ਦੇ ਸਨਮਾਨ ਦੇ ਕੁਝ ਦਿਨ ਬਾਅਦ ਆਇਆ ਹੈ। ਬਾਈਡੇਨ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿਚ ਕਿਹਾ ਕਿ ਇਹ ਕਾਨੂੰਨ ਨਫਰਤ ਦੇ ਸਾਰੇ ਰੂਪਾਂ ਖ਼ਿਲਾਫ਼ ਇਕ ਝਟਕਾ ਹੈ ਅਤੇ ਇਸ ਲਈ ਇਹ ਕਾਨੂੰਨ ਹਰੇਕ ਅਮਰੀਕੀ ਲਈ ਮਾਇਨੇ ਰੱਖਦਾ ਹੈ।
ਇਸ ਸਮਲਿੰਗੀ ਵਿਆਹ ਬਿੱਲ 'ਤੇ ਦਸਤਖ਼ਤ ਕਰਨ ਤੋਂ ਬਾਅਦ ਜੋਅ ਬਾਈਡੇਨ ਨੇ ਟਵੀਟ ਕੀਤਾ ਅਤੇ ਕਿਹਾ, 'ਅੱਜ ਦਾ ਦਿਨ ਬਹੁਤ ਚੰਗਾ ਹੈ। ਅੱਜ ਬਰਾਬਰੀ ਦੀ ਦਿਸ਼ਾ ਵਿੱਚ ਅਮਰੀਕਾ ਨੇ ਇੱਕ ਹੋਰ ਕਦਮ ਪੁੱਟਿਆ ਹੈ। ਇਹ ਕਦਮ ਆਜ਼ਾਦੀ ਅਤੇ ਨਿਆਂ ਵੱਲ ਨਾ ਸਿਰਫ਼ ਕੁਝ ਲਈ, ਸਗੋਂ ਸਾਰਿਆਂ ਲਈ ਹੈ। ਕਿਉਂਕਿ ਅੱਜ ਮੈਂ ਵਿਆਹ ਦੇ ਬਿੱਲ 'ਤੇ ਦਸਤਖ਼ਤ ਕੀਤੇ ਹਨ।' ਇਸ ਮੌਕੇ ਗਾਇਕ ਸੈਮ ਸਮਿਥ ਅਤੇ ਸਿੰਡੀ ਲੂਪਰ ਨੇ ਪੇਸ਼ਕਾਰੀ ਕੀਤੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨ ਫਰਾਂਸਿਸਕੋ ਵਿਚ ਇਕ ਸਮਲਿੰਗੀ ਵਿਆਹ ਸਮਾਰੋਹ ਨੂੰ ਯਾਦ ਕੀਤਾ। ਵ੍ਹਾਈਟ ਹਾਊਸ ਨੇ ਇਕ ਦਹਾਕੇ ਪਹਿਲਾਂ ਬਾਈਡੇਨ ਦੇ ਟੈਲੀਵਿਜ਼ਨ ਇੰਟਰਵਿਊ ਦੀ ਰਿਕਾਰਡਿੰਗ ਚਲਾਈ ਜਦੋਂ ਉਨ੍ਹਾਂ ਨੇ ਸਮਲਿੰਗੀ ਵਿਆਹ ਦਾ ਸਮਰਥਨ ਕਰਦੇ ਹੋਏ ਸਿਆਸੀ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਬਾਈਡੇਨ ਉਸ ਸਮੇਂ ਉਪ ਰਾਸ਼ਟਰਪਤੀ ਸਨ ਅਤੇ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਓਦੋਂ ਸਮਲਿੰਗੀ ਵਿਆਹ ਦਾ ਸਮਰਥਨ ਨਹੀਂ ਕੀਤਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।