ਭਾਈ ਜਸਵੀਰ ਸਿੰਘ ਦਸਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਸੰਗਤ ਦਰਸ਼ਨਾਂ ਲਈ ਲੈ ਕੇ ਪਹੁੰਚ ਰਹੇ ਯੂਰਪ
Friday, Dec 20, 2024 - 05:56 PM (IST)
ਰੋਮ (ਦਲਵੀਰ ਕੈਂਥ ) : ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀਓ ਨੇ ਦਸਤਾਰ ਅਤੇ ਕੁੱਝ ਹੋਰ ਨਿਸ਼ਾਨੀਆਂ, ਮਾਤਾ ਸੁੰਦਰ ਕੌਰ ਜੀ ਨੇ ਖੜਾਵਾਂ ਅਤੇ ਮਾਤਾ ਸਾਹਿਬ ਕੌਰ ਜੀ ਨੇ ਪੈਰ ਦੀ ਜੁੱਤੀ (ਜੋੜਾ ਸਾਹਿਬ) ਨਿਸ਼ਾਨੀ ਵਜੋਂ ਮਾਈ ਦੇਸ਼ਾਂ ਨੂੰ ਦਿੱਤੀਆਂ ਤੇ ਫ਼ੁਰਮਾਇਆ ਕਿ "ਦਸਤਾਰ ਦੀ ਸੇਵਾ ਸਾਡੀ ਹੀ ਸੇਵਾ ਹੋਵੇਗੀ।" ਉਸ ਅਸਥਾਨ 'ਤੇ ਅੱਜ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਉਸੇ ਹੀ ਪੁਰਾਤਨ ਸਰੂਪ ਵਿੱਚ ਸੁਸ਼ੋਭਿਤ ਹੈ। ਮਾਈ ਦੇਸਾਂ ਜੀ ਦਾ ਪਰਿਵਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਸਾਹਿਬ ਨਾਲ ਪ੍ਰੀਤ ਰੱਖਣ ਵਾਲਾ ਪਰਿਵਾਰ ਹੈ। ਮਾਈ ਦੇਸਾਂ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦਾ ਪਰਿਵਾਰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਦੀ ਪੂਰੀ ਸ਼ਰਧਾ ਨਾਲ ਸੇਵਾ ਕਰਦਾ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਉਂਦਾ ਆ ਰਿਹਾ ਹੈ।
ਅਜੋਕੇ ਸਮੇਂ ਵਿੱਚ ਇਹ ਸੇਵਾ ਸਿੱਖ ਵਿਰਾਸਤ ਸੰਭਾਲ ਕਾਰ ਸੇਵਾ ਜਥਾ, ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਦੇ ਰੂਪ ਵਿੱਚ ਮਾਈ ਦੇਸਾਂ ਜੀ ਦੇ ਪਰਿਵਾਰ ਵੱਲੋਂ ਮੁੱਖ ਸੇਵਾਦਾਰ ਭਾਈ ਜਸਵੀਰ ਸਿੰਘ ਕਰ ਰਹੇ ਹਨ। ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ, ਇਟਲੀ ਦੇ ਸੇਵਾਦਾਰਾਂ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦੀ ਸੰਸਥਾ ਦੇ ਉਪਰਾਲੇ ਸਦਕਾ ਭਾਈ ਜਸਵੀਰ ਸਿੰਘ ਯੂਰਪ ਅਤੇ ਇਟਲੀ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 20.12.2024 ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ, ਮੁਨਚਨ, ਜਰਮਨੀ ਵਿਖੇ ਸ਼ਾਮ 17.00 ਤੋਂ 19.00 ਵਜੇ ਤੱਕ ਅਤੇ 21.12.2024 ਨੂੰ ਸਵੇਰੇ 10.00 ਤੋਂ 12.00 ਵਜੇ ਤੱਕ, 21.12.2024 ਨੂੰ 22 ਸੈਕਟਰ ਗੁਰਦੁਆਰਾ ਸਾਹਿਬ, ਵਿਆਨਾ, ਅਸਟਰੀਆ ਵਿਖੇ ਸ਼ਾਮ ਦੇ 18.00 ਤੋਂ 20.00 ਵਜੇ ਤੱਕ, 22.12.2024 ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੀਆਨੋ ਦੀ ਪੋਰਦੇਨੋਨੇ, ਇਟਲੀ ਵਿਖੇ ਸਵੇਰੇ 10.00 ਤੋਂ 12.30 ਵਜੇ ਤੱਕ, 23.12.2024 ਨੂੰ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ, ਰੇਜੋ ਇਮੀਲੀਆ, ਇਟਲੀ ਵਿਖੇ ਸਵੇਰੇ 10.00 ਵਜੇ ਤੋਂ 12.30 ਵਜੇ ਤੱਕ, 23.12.2024 ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ, ਬਰੇਸ਼ੀਆ ਵਿਖੇ ਸ਼ਾਮ 17.00 ਤੋਂ 19.00 ਵਜੇ ਤੱਕ, 24.12.2024 ਨੂੰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਨੀਗੋ, ਵਿਚੈਂਸਾ ਵਿਖੇ ਸਵੇਰੇ 11.00 ਤੋਂ 13.00 ਵਜੇ ਤੱਕ, 24.12.2024 ਨੂੰ ਗੁਰਦੁਆਰਾ ਸ੍ਰੀ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਸ਼ਾਮ 17.00 ਤੋਂ 19.00 ਵਜੇ ਤੱਕ, 25.12.2024 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਕਜਲਮੋਰਾਨੋ, ਕਰੇਮੋਨਾ ਵਿਖੇ ਸਵੇਰੇ 09.30 ਤੋਂ 11.00 ਵਜੇ ਤੱਕ, 25.12.2024 ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਦੁਪਹਿਰ 12.30 ਤੋਂ 14.00 ਵਜੇ ਤੱਕ, 25.12.2024 ਨੂੰ ਗੁਰਦੁਆਰਾ ਕਲਗੀਧਰ ਸਾਹਿਬ, ਤੌਰੇ ਦੇ ਪਿਚਨਾਰਦੀ, ਕਰੇਮੋਨਾ ਵਿਖੇ ਸ਼ਾਮ 17.00 ਤੋਂ 19.00 ਵਜੇ ਤੱਕ, 26.12.2024 ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਸਤੇਨੇਦਲੋ, ਬਰੇਸ਼ੀਆ ਵਿਖੇ ਸਵੇਰੇ 10.00 ਤੋਂ 12.00 ਵਜੇ ਤੱਕ ਅਤੇ 26.12.2024 ਨੂੰ ਗੁਰਦੁਆਰਾ ਸਿੰਘ ਸਭਾ ਕੁਰਤੇਨੋਵਾ, ਬੈਰਗਾਮੋ ਵਿਖੇ ਸ਼ਾਮ 17.00 ਤੋਂ 19.00 ਵਜੇ ਤੱਕ, 27.12.2024 ਨੂੰ ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ, ਮਾਨਤੋਵਾ ਵਿਖੇ ਸਵੇਰੇ 10.30 ਤੋਂ 12.30 ਵਜੇ ਤੱਕ ਪਹੁੰਚ ਰਹੇ ਹਨ।
ਸੰਸਥਾ ਵੱਲੋਂ ਸਾਰੀ ਹੀ ਇਟਲੀ ਨਿਵਾਸੀ ਸਾਧ ਸੰਗਤ ਨੂੰ ਅਪੀਲ ਹੈ ਕਿ ਇਸ ਮੌਕੇ ਵੱਧ ਚੜ੍ਹ ਕੇ ਉੱਪਰ ਦਿੱਤੇ ਸਮੇਂ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਹਾਜ਼ਰੀਆਂ ਭਰ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੀ।