ਆਪਣੀਆਂ ਹੀ ਧੀਆਂ ''ਤੇ ਜਿਨਸੀ ਤਸ਼ੱਦਦ ਢਾਹੁਣ ਦੇ ਬਲਵਿੰਦਰ ਸਿੰਘ ''ਤੇ ਲੱਗੇ ਦੋਸ਼, ਪੁੱਤਰ ਗ੍ਰਿਫ਼ਤਾਰ

Sunday, Mar 30, 2025 - 10:03 AM (IST)

ਆਪਣੀਆਂ ਹੀ ਧੀਆਂ ''ਤੇ ਜਿਨਸੀ ਤਸ਼ੱਦਦ ਢਾਹੁਣ ਦੇ ਬਲਵਿੰਦਰ ਸਿੰਘ ''ਤੇ ਲੱਗੇ ਦੋਸ਼, ਪੁੱਤਰ ਗ੍ਰਿਫ਼ਤਾਰ

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਇੱਕ ਮਹਿਲਾ ਪ੍ਰਧਾਨ ਦੇਸ਼ ਹੋਣ ਨਾਤੇ ਇੱਥੇ ਕੁੜੀ ਤੇ ਮੁੰਡੇ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਲਈ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਪਰ ਅਫ਼ਸੋਸ ਜਿਹੜੇ ਲੋਕ ਵਿਦੇਸ਼ੀ ਮੂਲ ਦੇ ਹਨ ਖਾਸਕਰ ਭਾਰਤ ਜਾਂ ਪਾਕਿਸਤਾਨ ਦੇ ਉਹ ਲੋਕ ਇਟਲੀ ਆਕੇ ਵੀ ਆਪਣੇ ਬੱਚਿਆਂ 'ਤੇ ਜ਼ਿੰਦਗੀ ਜਿਉਣ ਦੀ ਆਜ਼ਾਦੀ ਨੂੰ ਲੈਕੇ ਸਦੀਆਂ ਪੁਰਾਣੀਆਂ ਬੰਦਿਸ਼ਾਂ ਤੇ ਪਾਬੰਦੀਆਂ ਲਾਉਣ ਵਿੱਚ ਆਪਣੀ ਫੌਕੀ ਟੌਹਰ ਬਣਾਉਣੋ ਨਹੀਂ ਟਲਦੇ ਜਿਸ ਕਾਰਨ ਅਜਿਹੇ ਮਾਪਿਆਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਦੋਸ਼ੀ ਐਲਾਨ ਦਿੱਤਾ ਜਾਂਦਾ ਹੈ। ਕੁਝ ਅਜਿਹਾ ਹੀ ਵਾਕਿਆ ਲੰਬਾਰਦੀਆਂ ਸੂਬੇ ਦੇ ਸ਼ਹਿਰ ਬਰੇਸ਼ੀਆ ਵਿਖੇ ਉਦੋਂ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਮੂਲ ਦੇ ਇੱਕ ਪਰਿਵਾਰ ਬਲਵਿੰਦਰ ਸਿੰਘ, ਉਸ ਦੀ ਧਰਮਪਤਨੀ ਤੇ ਮੁੰਡੇ 'ਤੇ ਆਪਣੀਆਂ ਹੀ ਧੀਆਂ 'ਤੇ ਤਸ਼ੱਦਦ ਕਰਨ ਦਾ ਇਲਜਾਮ ਉਸ ਦੀਆਂ ਦੋ ਧੀਆਂ ਨੇ ਪੁਲਸ ਪ੍ਰਸ਼ਾਸ਼ਨ ਅੱਗੇ ਲਗਾਇਆ ਹੈ।

ਇਟਾਲੀਅਨ ਮੀਡੀਏ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (49) ਬਰੇਸ਼ੀਆ ਨਗਰ ਕੌਂਸਲ ਵਿੱਚ ਐਮ.ਸੀ.ਵੀ ਹੈ ਤੇ ਪਿਛਲੇ 24 ਸਾਲਾਂ ਤੋਂ ਇਟਲੀ ਵਿੱਚ ਰਹਿਣ ਬਸੇਰਾ ਕਰਦਾ ਹੈ। ਕਥਿਤ ਦੋਸ਼ੀ ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ 'ਤੇ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਆਪਣੀਆਂ ਸਕੀਆਂ ਕੁੜੀਆਂ ਨੂੰ ਪੱਛਮੀ ਸੱਭਿਆਚਾਰ ਨੂੰ ਅਪਨਾਉਣ ਤੋਂ ਰੋਕਣ ਲਈ ਦੁਰਵਿਵਹਾਰ ਕੀਤਾ, ਕੁਟਿਆ ਤੇ ਉਨ੍ਹਾਂ ਨੂੰ ਹੋਰ ਦੇਸ਼ਾਂ ਦੇ ਦੋਸਤਾਂ ਨੂੰ ਮਿਲਣ ਤੋਂ ਰੋਕਿਆ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਲਵਿੰਦਰ ਸਿੰਘ ਦੀ ਛੋਟੀ ਨਾਬਾਲਗ ਧੀ ਨੇ ਆਪਣੇ ਮਾਪਿਆਂ ਵੱਲੋਂ ਉਨ੍ਹਾਂ ਦੋਨਾਂ ਭੈਣਾਂ ਨਾਲ ਕੀਤੀ ਹਿੰਸਾ ਦਾ ਪਰਦਾਫਾਸ਼ ਆਪਣੇ ਅਧਿਆਪਕਾਂ ਕੋਲ ਕਰ ਦਿੱਤਾ।

ਇਟਾਲੀਅਨ ਅਧਿਆਪਕਾਂ ਨੇ ਰੂਹ ਨੂੰ ਝੰਜੋੜ ਦੀ ਘਟਨਾ 'ਤੇ ਤੁਰੰਤ ਪੁਲਸ ਪ੍ਰਸ਼ਾਸ਼ਨ ਦੇ ਧਿਆਨ ਹਿੱਤ ਸਾਰਾ ਮਾਮਲਾ ਲਿਆ ਦਿੱਤਾ। ਜਾਂਚ ਵਿੱਚ ਕਥਿਤ ਦੋਸ਼ੀ ਬਲਵਿੰਦਰ ਸਿੰਘ ਦਾ 26 ਸਾਲਾ ਪੁੱਤਰ ਆਪਣੀਆਂ ਹੀ ਭੈਣਾਂ ਨਾਲ ਜਿਨਸੀ ਸ਼ੋਸ਼ਣ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਲਵਿੰਦਰ ਸਿੰਘ ਤੇ ਉਸ ਦੀ ਧਰਮਪਤਨੀ ਨੂੰ ਬਰੇਸ਼ੀਆ ਪੁਲਸ ਹੈਡਕੁਆਰਟਰ ਦੇ ਫਲਾਇੰਗ ਸਕੁਐਡ ਦੀ ਜਾਂਚ ਅਨੁਸਾਰ ਹੱਥਾਂ ਵਿੱਚ ਵਿਸ਼ੇਸ ਜੀ.ਪੀ.ਐਸ ਲੱਗੇ ਬਰੈਸਲਟ ਪਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਆਪਣੀ ਧੀਆਂ ਕੋਲ ਜਾਕੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਫਿਲਹਾਲ ਉਹ ਪੁਲਸ ਦੀ ਨਿਗਰਾਨੀ ਹੇਠ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਟਰਨਬੈਰੀ ਰਿਜੋਰਟ 'ਤੇ ਲਾਲ ਰੰਗ ਥੱਪਣ ਵਾਲਾ ਗ੍ਰਿਫ਼ਤਾਰ

ਪੁਲਸ ਜਾਂਚ ਵਿੱਚ ਇਹ ਗੱਲ ਵੀ ਸਾਹਮ੍ਹਣੇ ਆਈ ਹੈ ਕਿ ਬੀਤੇ ਸਮੇਂ ਇਮੀਲੀਆ ਰੋਮਾਨਾ ਸੂਬੇ ਵਿੱਚ ਇੱਕ ਪਾਕਿਸਤਾਨੀ ਪਰਿਵਾਰ ਵੱਲੋਂ ਆਪਣੀ ਹੀ ਧੀ ਨੂੰ ਇਸ ਕਾਰਨ ਮਾਰਕੇ ਦੱਬ ਦਿੱਤਾ ਸੀ ਕਿਉਂਕਿ ਉਹ ਆਪਣੀ ਮਰਜੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਘਟਨਾ ਨੂੰ ਬਲਵਿੰਦਰ ਸਿੰਘ ਨੇ ਸਹੀ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਸਮਾਜ ਵਿੱਚ ਸਾਖ਼ ਨੂੰ ਬਣਾਈ ਰੱਖਣ ਲਈ ਇੱਕ ਫਰਜ਼ਪੂਰਨ ਕਾਰਵਾਈ ਸੀ।ਇਟਾਲੀਅਨ ਇੰਡੀਅਨ ਪ੍ਰੈੱਸ ਕੱਲਬ ਨੇ ਜਦੋਂ ਕਥਿਤ ਦੋਸ਼ੀ ਬਲਵਿੰਦਰ ਸਿੰਘ ਨੂੰ ਆਪਣੀਆਂ ਹੀ ਧੀਆਂ ਵੱਲੋ ਲਗਾਏ ਇਲਜਾਮਾਂ ਦੀ ਸੱਚਾਈ ਪੁੱਛੀ ਤਾਂ ਉਸ ਨੇ ਕਿਹਾ ਕਿ ਉਸ 'ਤੇ ਲੱਗੇ ਇਲਜ਼ਾਮ ਸਭ ਝੂਠੇ ਹਨ ਤੇ ਉਨ੍ਹਾਂ ਦਾ ਕੇਸ ਅਦਾਲਤ ਵਿੱਚ ਹੈ ਜਿਸ ਦਾ ਆਉਣ ਵਾਲੇ ਸਮੇਂ ਵਿੱਚ ਫ਼ੈਸਲਾ ਹੋਵੇਗਾ। ਦੂਜੇ ਪਾਸੇ ਇਟਾਲੀਅਨ ਲੋਕ ਜਿਹੜੇ ਕਿ ਪੀੜਤ ਬੱਚੀਆਂ ਦੇ ਪੱਖ ਵਿੱਚ ਖੜ੍ਹੇ ਹਨ ਉਹ ਉਸ ਸਿਆਸੀ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨਾਲ ਜਲਦ ਗੱਲਬਾਤ ਕਰ ਰਹੇ ਹਨ ਜਿਨ੍ਹਾਂ ਦੀ ਪਾਰਟੀ ਵੱਲੋਂ ਉਹ ਨਗਰ ਕੌਂਸਲ ਬਰੇਸ਼ੀਆ ਵਿੱਚ ਅਗਵਾਈ ਕਰਦਾ ਹੈ।

ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਤੇ ਸ਼ੋਸ਼ਲ ਮੀਡੀਏ ਤੇ ਭਾਰਤੀ ਭਾਈਚਾਰੇ ਦੀਆਂ ਧੀਆਂ ਦੀ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਨੂੰ ਲੈਕੇ ਪ੍ਰਤੀ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਨਿੰਦਿਆਂ ਭਰੀਆਂ ਟਿਪਣੀਆਂ ਜੋਰਾਂ 'ਤੇ ਹਨ ਜਿਨ੍ਹਾਂ ਵਿੱਚ ਇਟਾਲੀਅਨ ਲੋਕ ਭਾਰਤੀਆਂ ਨੂੰ ਜਿੱਥੇ ਭੱਦੀ ਸ਼ਬਦਾਵਲੀ ਬੋਲ ਰਹੇ ਹਨ ਉੱਥੇ ਜਾਨਵਰ ਕਹਿ ਕੇ ਵੀ ਸੰਬੋਧਿਤ ਕਰ ਰਹੇ ਹਨ। ਕੁਝ ਲੋਕ ਤਾਂ ਇਹ ਕਹਿ ਰਹੇ ਹਨ ਕਿ ਜੇ ਭਾਰਤੀਆਂ ਨੇ ਧੀਆਂ ਨੂੰ ਇਟਲੀ ਦੇ ਸੱਭਿਆਚਾਰ ਅਨੁਸਾਰ ਜ਼ਿੰਦਗੀ ਜਿਉਣ ਦਾ ਹੱਕ ਨਹੀ ਦੇਣਾ ਤਾਂ ਵਾਪਸ ਭਾਰਤ ਚਲੇ ਜਾਣ ਇੱਥੇ ਉਨ੍ਹਾਂ ਦੇ ਅਜਿਹੇ ਹੈਂਕਰਬਾਜੀ ਵਾਲੇ ਕਾਨੂੰਨ ਨਹੀਂ ਚੱਲਣੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News