ਆਸਟ੍ਰੇਲੀਆਈ ਪਾਰਟਨਰ ਵੀਜ਼ਾ ਤਬਦੀਲੀਆਂ ਨਸਲਵਾਦੀ ਨਹੀਂ : ਐਲਨ ਟੱਜ
Tuesday, Oct 27, 2020 - 06:21 PM (IST)
ਬ੍ਰਿਸਬੇਨ (ਬਿਊਰੋ): ਪਿਛਲੇ ਦਿਨੀਂ ਫੈਡਰਲ ਬਜਟ ਵਿਚ ਪਾਰਟਨਰ ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਕਾਰਜਸ਼ੀਲ ਪੱਧਰ ਦੀ ਲਾਜ਼ਮੀ ਅੰਗਰੇਜ਼ੀ ਨੀਤੀਆਂ ਦੀ ਘੋਸ਼ਣਾ ਕੀਤੀ ਗਈ ਸੀ। ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਜੋ ਅਨਿਸ਼ਚਿਤਤਾ ਪਾਈ ਜਾ ਰਹੀ ਹੈ, ਉਸ ਬਾਰੇ ਆਸਟ੍ਰੇਲੀਆ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਐਲਾਨ ਕੀਤਾ।ਉਹਨਾਂ ਮੁਤਾਬਕ, ਨਵੀਆਂ ਤਬਦੀਲੀਆਂ ਨਸਲਵਾਦੀ ਕਾਰਵਾਈ ਨਹੀਂ ਹੈ। ਸਰਕਾਰ ਨੇ ਸਿਰਫ਼ ਇਹ ਯਕੀਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਆਉਣ ਵਾਲ਼ੇ ਪ੍ਰਵਾਸੀ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਵਿਚ ਆਪਣੀ ਪੂਰੀ ਸ਼ਮੂਲੀਅਤ ਕਰਣ ਦੇ ਯੋਗ ਹੋ ਸਕਣ।
ਉਨ੍ਹਾਂ ਨੇ ਕਿਹਾ ਕਿ ਕਾਰਜਸ਼ੀਲ ਪੱਧਰ ਦੀ ਅੰਗਰੇਜ਼ੀ ਨਾ ਬੋਲਣ ਵਾਲੇ ਆਸਟ੍ਰੇਲੀਆ ਵਿਚ ਆਏ ਪ੍ਰਵਾਸੀਆਂ ਵਿਚੋਂ ਸਿਰਫ 13 ਫੀਸਦੀ ਲੋਕ ਹੀ ਨੌਕਰੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ ਆਲੋਚਕਾਂ ਵੱਲੋਂ ਨਵੀਂ ਨੀਤੀ ਨੂੰ ਆਸਟ੍ਰੇਲੀਆ ਦੀ ਨਵੀਂ ਨਸਲਵਾਦੀ ਅਤੇ ਵ੍ਹਾਈਟ ਆਸਟ੍ਰੇਲੀਆ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਤੱਕ ਵਧੇਰੇ ਇਕਾਂਤਵਾਸ ਥਾਂਵਾਂ ਮੁਹੱਈਆ ਨਹੀਂ ਹੁੰਦੀਆਂ ਉਦੋਂ ਤੱਕ ਵਿਦੇਸ਼ਾਂ ਵਿਚ ਫ਼ਸੇ ਆਸਟ੍ਰੇਲੀਆਈ ਨਾਗਰਿਕ, ਅਸਥਾਈ ਪ੍ਰਵਾਸੀ ਅਤੇ ਵਿਦੇਸ਼ੀ ਪਾੜ੍ਹਿਆਂ ਲਈ ਆਵਾਜਾਈ ਸੀਮਤ ਰਹੇਗੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਲਈ ਕੋਵਿਡ-19 ਵੈਕਸੀਨ ਦੀ ਉਪਲਬਧਤਾ ਅਤੇ ਰਾਜਾਂ ‘ਚ ਇਕਾਂਤਵਾਸ ਸਮਰੱਥਾ ਬਾਰੇ ਵਿਚਾਰਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਚੰਨ ਦੀ ਸਤਹਿ 'ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ
ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਮੇਂ ਲਗਭਗ 30,000 ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਵਸਨੀਕ ਵਿਦੇਸ਼ਾਂ ਵਿਚ ਫਸੇ ਹੋਏ ਹਨ। ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤ ਵਿਚ ਹਨ। ਗੌਰਤਲਬ ਹੈ ਕਿ ਤਕਰੀਬਨ 200,000 ਵਿਦੇਸ਼ੀ ਪਾੜ੍ਹੇ ਬਾਹਰ ਫਸੇ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ 6,600 ਭਾਰਤ ਵਿਚ ਹਨ। ਮੰਤਰੀ ਮੁਤਾਬਕ, ਸੂਬਾ ਵਿਕਟੋਰੀਆ ‘ਚ ਕਾਰਗਰ ਇਕਾਂਤਵਾਸ ਸਮਰੱਥਾ ਨਾ ਹੋਣ ਕਰਕੇ ਅੰਤਰਰਾਸ਼ਟਰੀ ਉਡਾਣਾਂ ਮੈਲਬੌਰਨ ਨਹੀਂ ਆ ਰਹੀਆਂ ਹਨ।