ਭਾਰਤ ''ਚ ਹਾਦਸੇ ਦੌਰਾਨ ਆਸਟ੍ਰੇਲੀਅਨ ਦੀ ਮੌਤ

12/23/2017 11:47:34 AM

ਸਿਡਨੀ (ਏਜੰਸੀ)— ਭਾਰਤ 'ਚ ਘੁੰਮਣ ਆਏ ਆਸਟ੍ਰੇਲੀਅਨ ਨਾਗਰਿਕ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਆਸਟ੍ਰੇਲੀਅਨ ਨਾਗਰਿਕ ਦੀ ਪਛਾਣ 26 ਸਾਲਾ ਰਿਡਲੇ ਮੈਥਿਊ ਵਜੋਂ ਹੋਈ ਹੈ। ਉਹ ਦਿੱਲੀ ਤੋਂ ਆਗਰਾ ਆਪਣੇ ਮੋਟਰਸਾਈਕਲ 'ਤੇ ਘੁੰਮ ਰਿਹਾ ਸੀ। ਬੀਤੇ ਵੀਰਵਾਰ ਦੀ ਸਵੇਰ ਨੂੰ ਤਕਰੀਬਨ 8.00 ਵਜੇ ਯਮੁਨਾ ਐਕਸਪ੍ਰੈੱਸ ਵੇਅ 'ਤੇ ਆਗਰਾ ਵੱਲ ਜਾ ਰਹੀ ਬੱਸ ਦੀ ਬੁਲੇਟ ਸਵਾਰ ਆਸਟ੍ਰੇਲੀਆਈ ਨਾਗਰਿਕ ਦੀ ਟੱਕਰ ਹੋ ਗਈ, ਮੈਥਿਊ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। 
ਮੈਥਿਊ ਨਾਲ ਦਿੱਲੀ ਤੋਂ ਆਗਰਾ ਦੀ ਯਾਤਰਾ 'ਤੇ ਦੋ ਹੋਰ ਦੋਸਤ ਵੀ ਸਨ, ਜੋ ਕਿ ਵੱਖਰੇ-ਵੱਖਰੇ ਮੋਟਰਸਾਈਕਲਾਂ 'ਤੇ ਸਵਾਰ ਸਨ। ਇਹ ਸਾਰੇ ਆਸਟ੍ਰੇਲੀਆ ਦੇ ਸਿਡਨੀ ਤੋਂ ਸਨ ਅਤੇ ਤਿੰਨ ਦਿਨ ਪਹਿਲਾਂ ਹੀ ਭਾਰਤ ਆਏ ਸਨ। ਓਧਰ ਮੈਥਿਊ ਦੀ ਭੈਣ ਨੇ ਫੇਸਬੁੱਕ ਪੋਸਟ ਜ਼ਰੀਏ ਇਸ ਖਬਰ ਦੀ ਪੁਸ਼ਟੀ ਕੀਤੀ। ਉਸ ਨੇ ਫੇਸਬੁੱਕ 'ਤੇ ਲਿਖਿਆ, '' ਇਹ ਸਾਡੀ ਲਈ ਬਹੁਤ ਦੁੱਖ ਦੀ ਖਬਰ ਹੈ, ਮੈਥਿਊ ਸਾਡੇ ਦਿਲ ਦੇ ਬਹੁਤ ਨੇੜੇ ਸੀ। ਉਹ ਭਿਆਨਕ ਹਾਦੇਸ ਦਾ ਸ਼ਿਕਾਰ ਹੋ ਗਿਆ। ਉਸ ਨੂੰ ਮੋਟਰਸਾਈਕਲ ਚਲਾਉਣਾ ਅਤੇ ਘੁੰਮਣ ਦਾ ਸ਼ੌਕ ਸੀ।'' ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਮੈਥਿਊ ਦੇ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਵਿਭਾਗ ਵਲੋਂ ਮੈਥਿਊ ਦੇ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।


Related News