AUS ; ਸਮੁੰਦਰ ਵਿਚਾਲੇ ਫ਼ਸ ਗਈ ਕਿਸ਼ਤੀ ! ਬਚਾਉਣ ਗਈ ਰੈਸਕਿਊ ਬੋਟ ਵੀ ਡੁੱਬੀ, ਵਾਲੰਟੀਅਰਾਂ ਸਣੇ 3 ਦੀ ਮੌਤ
Tuesday, May 05, 2026 - 02:02 PM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਨਿਊ ਸਾਊਥ ਵੇਲਜ਼ ਤਟ ਦੇ ਕੋਲ ਇੱਕ ਰੈਸਕਿਊ ਆਪਰੇਸ਼ਨ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ 'ਮਰੀਨ ਰੈਸਕਿਊ NSW' ਦੇ ਦੋ ਵਾਲੰਟੀਅਰ ਵੀ ਸ਼ਾਮਲ ਹਨ, ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਗਏ।
ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਲਗਭਗ 6:15 ਵਜੇ ਸੂਚਨਾ ਮਿਲੀ ਕਿ ਕਿ ਸਾਊਥ ਬੈਲੀਨਾ ਦੀ ਬ੍ਰੇਕਵਾਲ ਦੇ ਕੋਲ ਇੱਕ ਪ੍ਰਾਈਵੇਟ ਯਾਟ ਮੁਸ਼ਕਲ 'ਚ ਫਸੀ ਹੋਈ ਹੈ। 'ਮਰੀਨ ਰੈਸਕਿਊ NSW' ਦੇ 6 ਮੈਂਬਰਾਂ ਦੀ ਟੀਮ ਤੁਰੰਤ ਆਪਣੀ ਕਿਸ਼ਤੀ ਲੈ ਕੇ ਰਵਾਨਾ ਹੋਈ। ਜਦੋਂ ਇਹ ਟੀਮ ਖ਼ਤਰਨਾਕ 'ਬੈਲੀਨਾ ਬਾਰ' ਨੂੰ ਪਾਰ ਕਰ ਰਹੀ ਸੀ, ਤਾਂ ਕਰੀਬ 5 ਮੀਟਰ ਉੱਚੀਆਂ ਉੱਠੀਆਂ ਲਹਿਰਾਂ ਅਤੇ ਖ਼ਰਾਬ ਮੌਸਮ ਕਾਰਨ ਉਨ੍ਹਾਂ ਦੀ ਕਿਸ਼ਤੀ ਪਲਟ ਗਈ।
ਇਹ ਵੀ ਪੜ੍ਹੋ- ਰੂਸ ਤੇ ਯੂਕ੍ਰੇਨ ਵਿਚਾਲੇ ਹੋ ਗਈ ਜੰਗਬੰਦੀ ! Victory Day ਮੌਕੇ ਕੀਤਾ ਗਿਆ ਐਲਾਨ
ਹਾਦਸੇ ਵਿੱਚ 78 ਅਤੇ 62 ਸਾਲ ਦੀ ਉਮਰ ਦੇ 2 ਵਾਲੰਟੀਅਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਮੰਗਲਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ, ਜਦਕਿ ਤੀਜੀ ਲਾਸ਼ ਉਸ ਵਿਅਕਤੀ ਦੀ ਮਿਲੀ ਹੈ ਜੋ ਫਸੀ ਹੋਈ ਯਾਟ 'ਤੇ ਸਵਾਰ ਸੀ। ਲਗਭਗ 50 ਸਾਲਾ ਇਸ ਵਿਅਕਤੀ ਦੀ ਲਾਸ਼ ਰੇਤ 'ਤੇ ਪਈ ਮਿਲੀ ਅਤੇ ਉਸ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਤੱਕ ਰੈਸਕਿਊ ਟੀਮ ਪਹੁੰਚ ਹੀ ਨਹੀਂ ਸਕੀ।
ਹਾਲਾਂਕਿ ਰੈਸਕਿਊ ਬੋਟ 'ਤੇ ਸਵਾਰ 4 ਹੋਰ ਮੈਂਬਰ ਸੁਰੱਖਿਅਤ ਹਨ ਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਮ੍ਰਿਤਕ ਵਾਲੰਟੀਅਰਾਂ ਨੂੰ 'ਹੀਰੋ' ਕਰਾਰ ਦਿੱਤਾ ਹੈ। ਮਰੀਨ ਏਰੀਆ ਕਮਾਂਡ ਦੇ ਸੁਪਰਡੈਂਟ ਜੋ ਮੈਕਨਲਟੀ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਸੀਬਤ ਵਿੱਚ ਫਸੀ ਯਾਟ ਬ੍ਰੇਕਵਾਲ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਈ ਸੀ। ਜਾਂਚ ਟੀਮ ਦੇ ਗੋਤਾਖੋਰ ਵੀਰਵਾਰ ਨੂੰ ਮੁੜ ਘਟਨਾ ਸਥਾਨ ਦਾ ਜਾਇਜ਼ਾ ਲੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
