ਆਸਟ੍ਰੇਲੀਆ : ਅਮਰ ਨੂਰੀ ਨੇ ਆਪਣੇ ਕਰ ਕਮਲਾਂ ਨਾਲ ਲਗਾਇਆ ਸਰਦੂਲ ਸਿਕੰਦਰ ਦਾ ਪੋਰਟਰੇਟ

Wednesday, Aug 28, 2024 - 10:32 AM (IST)

ਆਸਟ੍ਰੇਲੀਆ : ਅਮਰ ਨੂਰੀ ਨੇ ਆਪਣੇ ਕਰ ਕਮਲਾਂ ਨਾਲ ਲਗਾਇਆ ਸਰਦੂਲ ਸਿਕੰਦਰ ਦਾ ਪੋਰਟਰੇਟ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸਿਰਮੌਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਆਸਟ੍ਰੇਲੀਆ ਦੌਰੇ 'ਤੇ ਆਏ ਨਾਮਵਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਗਿੱਧਾ ਕੱਪ ਬ੍ਰਿਸਬੇਨ ਵਿਚ ਸ਼ਿਰਕਤ ਕਰਨ ਪਹੁੰਚੇ ਗਿੱਧਾ ਵਿਸ਼ੇਸ਼ੱਗ ਸਰਬਜੀਤ ਮਾਂਗਟ ਵੀ ਉਨ੍ਹਾਂ ਨਾਲ ਉਚੇਚੇ ਰੂਪ ਵਿੱਚ ਸ਼ਾਮਲ ਹੋਏ। ਆਸਟ੍ਰੇਲੀਆ ਦੀ ਸਾਹਿਤਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਬ੍ਰਿਸਬੇਨ ਵਿਚ ਸਥਾਪਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਹਾਲ ਆਫ਼ ਫੇਮ ਵਿਚ ਅਮਰ ਨੂਰੀ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਮਰਹੂਮ ਸਰਦੂਲ ਸਿਕੰਦਰ ਜੀ ਦੀ ਪੋਰਟਰੇਟ ਆਪਣੇ ਹੱਥੀਂ ਬਹੁਤ ਹੀ ਸੰਜੀਦਾ ਅਤੇ ਭਾਵੁਕ ਮਾਹੌਲ ਵਿੱਚ ਲਗਾਇਆ ਗਿਆ। 

ਸਮਾਗਮ ਦੀ ਸ਼ੁਰੂਆਤ ਪ੍ਰਭਜੋਤ ਸਿੰਘ ਸੰਧੂ ਪੰਜਾਬੀ ਕੌਂਸਲ ਸਿਡਨੀ ਦੇ ਸੋਹਣੇ ਸ਼ਬਦਾਂ ਨਾਲ ਸਰਦੂਲ ਸਿਕੰਦਰ ਦੀ ਸੰਗੀਤਕ ਦੇਣ ਬਾਰੇ ਚਾਨਣਾ ਪਾਉਂਦਿਆਂ ਹੋਈ। ਇਸ ਤੋਂ ਬਾਅਦ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਪ੍ਰਾਪਤੀਆਂ, ਕਾਰਜਾਂ ਅਤੇ ਇਤਿਹਾਸ ਬਾਰੇ ਦੱਸਦਿਆਂ ਸਰਦੂਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਦਿੰਦਿਆਂ ਗੀਤਕਾਰ ਨਿਰਮਲ ਦਿਓਲ ਜੀ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ। ਗਾਇਕ ਕੁਲਜੀਤ ਸੰਧੂ, ਬਿੱਕਰ ਬਾਈ ਅਤੇ ਪਾਲ ਰਾਊਕੇ ਵੱਲੋਂ ਗੀਤਾਂ ਨਾਲ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਗਿਆ। ਪਰਥ ਤੋਂ ਆਏ ਹਰਲਾਲ ਸਿੰਘ ਨੇ ਸਰਦੂਲ ਸਿਕੰਦਰ ਨੂੰ ਨਮਨ ਕਰਦਿਆਂ ਇਪਸਾ ਦੇ ਇਸ ਉਪਰਾਲੇ ਨੂੰ ਬਹੁਤ ਵਿਸ਼ੇਸ ਦੱਸਿਆ। ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਸਰਦੂਲ ਸਿਕੰਦਰ ਦੀ ਗਾਇਕੀ ਦੇ ਸੰਜੀਦਾ, ਉਸਾਰੂ ਅਤੇ ਸਕੂਨ ਦੇਣ ਵਾਲੇ ਪੱਖ ਬਾਰੇ ਵਿਚਾਰ ਰੱਖੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਹੀਂ ਮਿਲੇਗਾ Study Visa! ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਝਟਕਾ 

ਇਸ ਸਿਮਰਤੀ ਸਮਾਰੋਹ ਦੇ ਅੰਤਲੇ ਭਾਗ ਵਿੱਚ ਨਾਮਵਰ ਗਿੱਧਾ ਕੋਚ ਅਤੇ ਬੋਲੀਕਾਰ ਪਾਲ ਸਿੰਘ ਸਮਾਉ ਨੇ ਆਪਣੇ ਸ਼ਬਦਾਂ ਰਾਹੀਂ ਜਿੱਥੇ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਸਮਾਜ ਵਿੱਚ ਕਲਾ ਦੀ ਬੇਕਦਰੀ, ਸੰਗੀਤ ਵਿੱਚ ਨਿਘਾਰ ਅਤੇ ਲੋਕ ਨਾਚਾਂ ਲਈ ਹੋਰ ਯਤਨ ਕੀਤੇ ਜਾਣ ਦੀ ਬੇਨਤੀ ਕੀਤੀ। ਪਾਲ ਸਿੰਘ ਸਮਾਉ ਨੇ ਕਿਹਾ ਕਿ ਸਰਦੂਲ ਸਿਕੰਦਰ ਵਰਗੇ ਗਾਇਕ ਮਿੱਟੀ ਵਿੱਚੋਂ ਉੱਠੇ ਅੰਬਰਾਂ ਦੇ ਸਿਰਨਾਵੇਂ ਸਨ। ਗਿੱਧਿਆਂ ਦੀ ਰਾਣੀ ਸਰਬਜੀਤ ਮਾਂਗਟ ਨੇ ਆਪਣੀ ਬਹੁਤ ਹੀ ਸਟੀਕ ਅਤੇ ਭਾਵੁਕ ਕਰ ਦੇਣ ਵਾਲੀ ਅਪੀਲ ਵਿੱਚ ਅਜਿਹੇ ਸਮਾਗਮਾਂ ਦੀ ਮਹੱਤਤਾ, ਚੰਗੇ ਸੰਗੀਤ ਅਤੇ ਨਾਰੀ ਨੇਤਰਵ ਦੀ ਗੱਲ ਕਰਦਿਆਂ ਸਰਦੂਲ ਸਿਕੰਦਰ ਹੁਰਾਂ ਦੀ ਗਾਇਕੀ ਨੂੰ ਪੰਜਾਬੀ ਸੰਗੀਤ ਜਗਤ ਦਾ ਅਹਿਮ ਹਾਸਲ ਕਿਹਾ। ਉਨ੍ਹਾਂ ਇਪਸਾ ਪਰਿਵਾਰ ਵੱਲੋਂ ਬਣਾਈ ਗਈ ਲਾਇਬ੍ਰੇਰੀ ਅਤੇ ਮਰਹੂਮ ਹਸਤੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰੇ ਹੋਏ ਮਾਹੌਲ ਨੂੰ ਕਿਸੇ ਮੁਕੱਦਸ ਸਥਾਨ ਦਾ ਦਰਜਾ ਦਿੱਤਾ। ਉਨ੍ਹਾਂ ਪਰਵਾਸ ਵਿੱਚ ਅਜਿਹੇ ਉਪਰਾਲਿਆਂ ਨੂੰ ਪਾਏਦਾਰ ਅਤੇ ਪ੍ਰੇਰਨਾਦਾਇਕ ਆਖਿਆ। ਅੰਤ ਵਿੱਚ ਅਮਰ ਨੂਰੀ ਜੀ ਨੇ ਸੇਜਲ ਸ਼ਬਦਾਂ ਨਾਲ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਰੱਖੇ। 

ਸਰਦੂਲ ਸਿਕੰਦਰ ਜੀ ਦੇ ਨਾਲ ਜੀਵਨ ਦੇ ਕਈ ਵਾਕਿਆਤ ਸਾਂਝੇ ਕਰਦਿਆਂ ਉਨ੍ਹਾਂ ਦਾ ਕਈ ਵਾਰ ਮਨ ਭਰ ਆਇਆ। ਅਮਰ ਨੂਰੀ ਨੇ ਇਪਸਾ ਪਰਿਵਾਰ ਦੇ ਇਸ ਸਮਾਗਮ ਲਈ ਉਮਰ ਭਰ ਰਿਣੀ ਰਹਿਣ ਦੀ ਗੱਲ ਕਰਦਿਆਂ ਮਰਹੂਮ ਹਸਤੀਆਂ ਨੂੰ ਇੰਜ ਯਾਦ ਰੱਖਣ ਦੇ ਉਪਰਾਲੇ ਨੂੰ ਅਰਥ ਭਰਪੂਰ ਅਤੇ ਸੇਧ ਭਰਪੂਰ ਕਿਹਾ। ਉਨ੍ਹਾਂ ਨੇ ਇਨ੍ਹਾਂ ਪਲਾਂ ਨੂੰ ਆਪਣੇ ਜੀਵਨ ਦੇ ਇਤਿਹਾਸਿਕ ਪਲ ਆਖਦਿਆਂ ਸਰਦੂਲ ਸਿਕੰਦਰ ਜੀ ਦਾ ਪੋਰਟਰੇਟ ਆਪ ਆਪਣੇ ਹੱਥਾਂ ਨਾਲ ਦੀਵਾਰ ਤੇ ਸ਼ੁਸੋਭਿਤ ਕੀਤਾ। ਇਪਸਾ ਕਮੇਟੀ ਵੱਲੋਂ ਅਮਰ ਨੂਰੀ, ਸਰਬਜੀਤ ਮਾਂਗਟ, ਪ੍ਰੋ. ਰਵੀ ਗਿੱਲ ਅਤੇ ਪਾਲ ਸਿੰਘ ਸਮਾਉ ਨੂੰ ਇਪਸਾ ਐਵਾਰਡ ਆਫ਼ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿੰਦਰਜੀਤ ਕੌਰ ਸਿਡਨੀ, ਹਰਜੀਤ ਕੌਰ ਆਕਲੈਂਡ, ਅਮਰਜੀਤ ਸਿੰਘ ਮਾਹਲ, ਪ੍ਰੀਤਮ ਸਿੰਘ ਝੱਜ, ਮਲਕੀਤ ਸਿੰਘ ਧਾਲੀਵਾਲ, ਰਾਜਦੀਪ ਸਿੰਘ ਲਾਲੀ, ਚਰਨਜੀਤ ਕੌਰ ਬੈਨੀਪਾਲ, ਕਮਲ ਬਾਜਵਾ, ਗੁਰਜੀਤ ਉੱਪਲ਼, ਇਪਸਾ ਦੇ ਸਰਪ੍ਰਸਤ ਬਿਕਰਮਜੀਤ ਸਿੰਘ, ਗਾਇਕ ਪ੍ਰੀਤ ਸਰਗਮ, ਸ਼ਰਨਦੀਪ ਸਿੰਘ ਨਿਊਜ਼ੀਲੈਂਡ, ਗੁਰਵਿੰਦਰ ਖੱਟੜਾ, ਅਰਸ਼ ਦਿਓਲ, ਦਲਵੀਰ ਹਲਵਾਰਵੀ, ਰੁਪਿੰਦਰ ਸਿੰਘ ਪ੍ਰਧਾਨ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ, ਮਨਦੀਪ ਸਿੰਘ ਸੁਰਤਾਲ, ਗੁਰਜੀਤ ਬਾਰੀਆ, ਵਰੁਣ ਭਿਰਗੂ ਅਤੇ ਬਲਦੇਵ ਸਿੰਘ, ਸ਼ਮਸ਼ੇਰ ਚੀਮਾ, ਗਿੱਧਾ ਕੋਚ ਚਰਨਜੀਤ ਕਾਹਲੋਂ, ਜਗਬੀਰ ਸਿੰਘ ਖਹਿਰਾ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News