ਇਟਲੀ 'ਚ ਪੰਜਾਬ ਦੀ ਧੀ ਨੇ ਵਧਾਇਆ ਮਾਣ, ਪੜ੍ਹਾਈ 'ਚ ਗੱਡੇ ਝੰਡੇ

Monday, Jul 30, 2018 - 03:00 PM (IST)

ਵੀਨਸ, (ਏਜੰਸੀ)— ਇਟਲੀ 'ਚ ਪੰਜਾਬੀ ਮੂਲ ਦੀ ਇਕ ਵਿਦਿਆਰਥਣ ਨੇ 12ਵੀਂ ਜਮਾਤ ਦੀ ਪ੍ਰੀਖਿਆ 'ਚ 100 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ, ਜਿਸ ਨਾਲ ਉਸ ਦੇ ਪਰਿਵਾਰ ਦੇ ਨਾਲ-ਨਾਲ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ 'ਚ ਵੀ ਖੁਸ਼ੀ ਦੀ ਲਹਿਰ ਹੈ। ਅਨਮੋਲਪ੍ਰੀਤ ਕੌਰ ਨਾਂ ਦੀ ਇਸ ਕੁੜੀ ਨੇ ਸੱਚ-ਮੁੱਚ ਆਪਣੇ ਪਰਿਵਾਰ ਨੂੰ ਇਹ ਇਕ ਅਨਮੋਲ ਤੋਹਫਾ ਦਿੱਤਾ ਹੈ। ਉਹ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ।

ਅਨਮੋਲਪ੍ਰੀਤ ਦੇ ਪਰਿਵਾਰ ਨੇ ਖੁਸ਼ੀ ਪ੍ਰਗਟ ਕਰਦਿਆਂ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਸ ਦੇ ਪਿਤਾ ਪਰਮਜੀਤ ਸਿੰਘ ਖੱਟੜਾ ਅਤੇ ਮਾਤਾ ਰਛਪਾਲ ਕੌਰ ਇਟਲੀ ਦੇ ਸ਼ਹਿਰ ਕਿਆਂਪੋ 'ਚ ਰਹਿੰਦੇ ਹਨ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਜ਼ਿਲੇ ਲੁਧਿਆਣੇ ਨਾਲ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਅਨਮੋਲਪ੍ਰੀਤ ਦੀ ਸ਼ੁਰੂ ਤੋਂ ਹੀ ਪੜ੍ਹਾਈ 'ਚ ਕਾਫੀ ਰੁਚੀ ਸੀ। ਉਸ ਨੇ ਦੱਸਿਆ ਕਿ ਉਹ ਐੱਮ.ਬੀ.ਬੀ.ਐੱਸ. ਕਰਨ ਲਈ ਤਿਆਰੀਆਂ ਕਰ ਰਹੀ ਹੈ। ਉਸ ਦੇ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਉਸ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਆਸ ਕਰਦੇ ਹਾਂ ਕਿ ਇਹ ਪੰਜਾਬਣ ਧੀ ਵਿਦੇਸ਼ 'ਚ ਉੱਚ ਪ੍ਰਾਪਤੀਆਂ ਹਾਸਲ ਕਰਕੇ ਪੰਜਾਬ ਦਾ ਨਾਂ ਸਾਰੀ ਦੁਨੀਆ 'ਚ ਰੌਸ਼ਨ ਕਰੇ। ਇਸ ਤਰ੍ਹਾਂ ਦੀਆਂ ਧੀਆਂ ਹੋਰਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ।


Related News