ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ, ਇਟਲੀ 'ਚ ਬਿਨਾਂ ਆਗਿਆ ਨਹੀਂ ਬਣਨਗੇ ਅੰਗੀਠਾ ਸਾਹਿਬ

07/12/2018 6:36:54 PM

ਰੋਮ,(ਕੈਂਥ)— ਪਿਛਲੇ ਸਮੇਂ ਦੌਰਾਨ ਸਿੱਖ ਧਰਮ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਵਿਦੇਸ਼ਾਂ 'ਚ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਗੁਰਦੁਆਰਾ ਸਾਹਿਬ ਨਹੀਂ ਬਣਨਗੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬਾਵਜੂਦ ਵਿਦੇਸ਼ਾਂ ਵਿਚ ਕਈ ਅਜਿਹੇ ਗੁਰਦੁਆਰਾ ਸਾਹਿਬ ਬਣੇ ਅਤੇ ਬਣ ਰਹੇ ਹਨ, ਜਿਨ੍ਹਾਂ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਇਜਾਜ਼ਤ ਨਹੀਂ। ਇਟਲੀ ਵਿਚ ਵੀ ਕਈ ਅਜਿਹੇ ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਦੀ ਹੋਂਦ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਾਇਦ ਕੋਈ ਗਿਆਨ ਨਹੀਂ ਪਰ ਇੱਥੇ ਅਸੀਂ ਗੱਲ ਇਟਲੀ ਦੇ ਅਜਿਹੇ ਗੁਰਦੁਆਰਾ ਸਾਹਿਬ ਦੀ ਕਰਨ ਲੱਗੇ ਹਾਂ ਜਿਸ ਨੇ ਬਿਨਾਂ ਅਕਾਲ ਤਖਤ ਸਾਹਿਬ ਦੀ ਇਜਾਜ਼ਤ ਅੰਗੀਠਾ ਸਾਹਿਬ ਬਣਾਇਆ। 
ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਸ਼ਹਿਰ (ਬੋਨਫੈਰਾਰੋ ਸੋਰਗਾ) ਵਿਰੋਨਾ ਵਿਚ ਇਕ ਧਾਰਮਿਕ ਸੰਸਥਾ ਵਲੋਂ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕੇ, ਧਾਰਮਿਕ ਪੋਥੀਆਂ ਆਦਿ ਦਾ ਸਸਕਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਨਾਂ ਆਗਿਆ ਅੰਗੀਠਾ ਸਾਹਿਬ ਤਿਆਰ ਕੀਤਾ। ਜਿਸ ਬਾਬਤ ਇਟਲੀ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲਿਖਤੀ ਸ਼ਿਕਾਇਤਾਂ ਭੇਜਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਪਣਾ ਫੈਸਲਾ ਦਿੱਤਾ ਗਿਆ। ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫਤਰ ਤੋਂ ਮਿਤੀ 30 ਜੂਨ 2018 ਨੂੰ ਜਾਰੀ ਹੋਏ ਗੁਰਦੁਆਰਾ ਸਾਹਿਬ ਸੰਗਤ ਦਰਬਾਰ ਬੋਨਫੈਰਾਰੋ ਸੋਰਗਾ (ਵਿਰੋਨਾ) ਨੂੰ ਪੱਤਰ 'ਚ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਅੰਗੀਠਾ ਸਾਹਿਬ ਬਣਾਇਆ ਜਾ ਰਿਹਾ ਹੈ, ਇਸ ਦੀ ਆਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਨਹੀਂ ਲਈ ਗਈ। ਇਸ ਲਈ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਗਿਆ ਨਹੀਂ ਲਈ ਜਾਂਦੀ ਓਨੀ ਦੇਰ ਤੱਕ ਅੰਗੀਠਾ ਸਾਹਿਬ ਬਣਾਉਣਾ ਉੱਚਿਤ ਨਹੀਂ।
ਸੰਗਤਾਂ ਇਸ ਤਰ੍ਹਾਂ ਦੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਗਿਆ ਲੈਣ ਤੋਂ ਬਿਨਾਂ ਕਿਸੇ ਨੂੰ ਵੀ ਨਾ ਬਣਾਉਣ ਦੇਣ। ਇਸ ਪੱਤਰ ਨੂੰ ਸਤਿੰਦਰਪਾਲ ਸਿੰਘ ਨਿੱਜੀ ਸਕੱਤਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਇਟਲੀ ਦੀ ਸਮੂਹ ਸੰਗਤ ਨੂੰ ਜਾਰੀ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਇਸ ਫਰਮਾਨ ਅਤੇ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਅੰਗੀਠਾ ਸਾਹਿਬ ਸੰਬੰਧੀ ਜਦੋਂ ਇਸ ਪੱਤਰਕਾਰ ਨੇ ਸੰਬੰਧਤ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਕੋਸ਼ਿਸ ਕਰਨ 'ਤੇ ਵੀ ਕਿਸੇ ਵੀ ਜ਼ਿੰਮੇਵਾਰ ਆਗੂ ਨਾਲ ਗੱਲ ਨਹੀਂ ਹੋ ਸਕੀ। ਹੁਣ ਦੇਖਣਾ ਇਹ ਹੈ ਕਿ ਕੀ ਸੰਬੰਧਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਇਸ ਫਰਮਾਨ ਨੂੰ ਸਤਿਕਾਰ ਦਿੰਦੀ ਹੈ ਜਾਂ ਫਿਰ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾਂਗ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਨੂੰ ਟਿੱਚ ਮੰਨਦੀ ਹੈ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕੋਈ ਇਜਾਜ਼ਤ ਨਹੀਂ ਲਈ। 


Related News