ਅਮਰੀਕਾ: ਰਾਸ਼ਟਰਪਤੀ ਚੋਣਾਂ 'ਚ Immigration ਇੱਕ ਅਹਿਮ ਮੁੱਦਾ

Sunday, Oct 27, 2024 - 05:25 PM (IST)

ਅਮਰੀਕਾ: ਰਾਸ਼ਟਰਪਤੀ ਚੋਣਾਂ 'ਚ Immigration ਇੱਕ ਅਹਿਮ ਮੁੱਦਾ

ਅਟਲਾਂਟਾ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਸਿਰਫ 9 ਦਿਨ ਬਾਕੀ ਰਹਿ ਗਏ ਹਨ, ਅਜਿਹੇ ਵਿਚ ਚੋਣ ਪ੍ਰਚਾਰ ਮੁਹਿੰਮ ਵਿਚ ਇਮੀਗ੍ਰੇਸ਼ਨ ਇਕ ਅਹਿਮ ਮੁੱਦਾ ਬਣਿਆ ਹੋਇਆ ਹੈ। ਭਾਰਤ ਸਮੇਤ ਦੱਖਣੀ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਡਰ ਹੈ ਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਚੋਣ ਜਿੱਤਣ 'ਤੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ,ਟਰੰਪ ਨੇ ਚੋਣ ਪ੍ਰਚਾਰ ਭਾਸ਼ਣਾਂ ਵਿੱਚ ਰਾਸ਼ਟਰਪਤੀ ਚੁਣੇ ਜਾਣ 'ਤੇ ਨਾ ਸਿਰਫ ਵਾਸ਼ਿੰਗਟਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦਾ ਵਾਅਦਾ ਕੀਤਾ ਹੈ, ਬਲਕਿ ਅਮਰੀਕੀ ਇਤਿਹਾਸ ਵਿੱਚ ਗੈਰ-ਦਸਤਾਵੇਜ਼ ਪ੍ਰਵਾਸੀਆਂ ਦੀ "ਸਭ ਤੋਂ ਵੱਡੀ" ਘਰੇਲੂ ਦੇਸ਼ ਨਿਕਾਲੇ ਮੁਹਿੰਮ ਸ਼ੁਰੂ ਕਰਨ ਅਤੇ ਮੌਜੂਦਾ ਸ਼ਰਨਾਰਥੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਦਾ ਵੀ ਸੰਕਲਪ ਲਿਆ ਹੈ। 

ਜਨਮ ਅਧਿਕਾਰ ਨਾਗਰਿਕਤਾ ਵਿਵਸਥਾ ਖ਼ਤਮ ਕਰਨ ਦਾ ਵਾਅਦਾ

ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਦੀ ਵਿਵਸਥਾ ਨੂੰ ਖ਼ਤਮ ਕਰਨ ਦਾ ਵੀ ਵਾਅਦਾ ਕੀਤਾ ਹੈ, ਜਿਸ ਨਾਲ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਮੀਗ੍ਰੇਸ਼ਨ ਪੱਖੀ ਸਮੂਹਾਂ ਨੇ ਇਮੀਗ੍ਰੇਸ਼ਨ 'ਤੇ ਟਰੰਪ ਦੇ ਬਿਆਨਬਾਜ਼ੀ ਨੂੰ ਲੈ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਕਾਨੂੰਨੀ ਤੌਰ 'ਤੇ ਸ਼ੱਕੀ ਹੈ, ਕਿਉਂਕਿ ਇਹ (ਜਨਮ ਅਧਿਕਾਰ ਨਾਗਰਿਕਤਾ) ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਵਿੱਚ ਦਰਜ ਹੈ। ਉੱਥੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਪ੍ਰਧਾਨ ਕਮਲਾ ਹੈਰਿਸ ਨੇ ਵੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਟੁੱਟ ਚੁੱਕੀ ਹੈ ਅਤੇ ਇਸ ਨੂੰ ਠੀਕ ਕਰਨ ਲਈ ਵਿਧਾਨਕ ਉਪਾਵਾਂ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਭੇਜਿਆ ਵਾਪਸ

ਪ੍ਰਵਾਸੀਆਂ ਵਿਚ ਦਹਿਸ਼ਤ

ਟਰੰਪ (78) ਨੇ ਇਸ ਹਫ਼ਤੇ ਇੱਕ ਚੋਣ ਰੈਲੀ ਵਿੱਚ ਹੈਰਿਸ (60) 'ਤੇ "ਪ੍ਰਵਾਸੀ ਗੈਂਗ ਅਤੇ ਗੈਰ ਕਾਨੂੰਨੀ ਪਰਦੇਸੀ ਅਪਰਾਧੀਆਂ" ਨੂੰ ਅਮਰੀਕਾ ਵਿੱਚ ਲਿਆਉਣ ਦਾ ਦੋਸ਼ ਲਗਾਇਆ। ਉਸਨੇ ਕਿਹਾ,"ਅਮਰੀਕਾ ਵਿੱਚ ਪ੍ਰਵਾਸੀਆਂ ਦੇ ਗਰੋਹ ਨੂੰ ਲਿਆਉਣ ਦੀ ਉਨ੍ਹਾਂ ਦੀ ਨੀਤੀ ਸਾਡੇ ਦੇਸ਼ ਦੇ ਵਿਰੁੱਧ ਅਪਰਾਧ ਹੈ।" ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਟਲਾਂਟਾ ਵਿੱਚ ਰਹਿ ਰਹੇ ਬੰਗਲਾਦੇਸ਼ੀ ਮੂਲ ਦੇ ਗ੍ਰੀਨ ਕਾਰਡ ਧਾਰਕ ਮੁਹੰਮਦ ਇਕਬਾਲ ਨੇ ਕਿਹਾ, "ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਅਤੇ ਜੇਕਰ ਟਰੰਪ ਜਿੱਤਦਾ ਹੈ ਤਾਂ ਅਸੀਂ ਸੰਭਾਵਿਤ ਨਤੀਜਿਆਂ ਬਾਰੇ ਚਿੰਤਤ ਹਾਂ।" ਉਸਨੇ ਕਿਹਾ,"ਟਰੰਪ ਦੀਆਂ ਨੀਤੀਆਂ ਵੱਖ-ਵੱਖ ਪ੍ਰਵਾਸੀ ਭਾਈਚਾਰਿਆਂ ਵਿੱਚ ਦਹਿਸ਼ਤ ਪੈਦਾ ਕਰ ਰਹੀਆਂ ਹਨ ਅਤੇ ਇਸ ਲਈ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰ ਰਹੇ ਹਨ।" ਇਸ ਦੇ ਨਾਲ ਹੀ ਜਾਰਜੀਆ 'ਚ 'ਫ਼ੈਡਰੇਸ਼ਨ ਆਫ਼ ਇੰਡੀਅਨ-ਅਮਰੀਕਨ' ਦੇ ਜਨਰਲ ਸਕੱਤਰ ਵਾਸੂਦੇਵ ਪਟੇਲ ਦਾ ਕਹਿਣਾ ਹੈ ਕਿ ਟਰੰਪ ਅਮਰੀਕਾ 'ਚ 'ਪੜ੍ਹੇ-ਲਿਖੇ' ਅਤੇ 'ਸ਼ਾਂਤੀ ਪਸੰਦ' ਲੋਕਾਂ ਦਾ ਸਵਾਗਤ ਕਰਨਾ ਚਾਹੁੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਚੋਣਾਂ:  ਹੁਣ ਤੱਕ 3 ਕਰੋੜ ਲੋਕਾਂ ਨੇ ਪਾਈ ਵੋਟ

ਪਿਊ ਰਿਸਰਚ ਦੀ ਇੱਕ ਸਰਵੇਖਣ ਰਿਪੋਰਟ ਦਰਸਾਉਂਦੀ ਹੈ ਕਿ ਦੋਵੇਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਸਮੂਹਿਕ ਦੇਸ਼ ਨਿਕਾਲੇ ਦੇ ਮੁੱਦੇ 'ਤੇ ਵੱਖੋ-ਵੱਖਰੇ ਵਿਚਾਰ ਹਨ, ਪਰ ਉਹ ਸਰਹੱਦੀ ਸੁਰੱਖਿਆ ਦੇ ਮੁੱਦੇ 'ਤੇ ਇੱਕਮਤ ਹਨ। ਰਿਪੋਰਟ ਮੁਤਾਬਕ 88 ਫੀਸਦੀ ਟਰੰਪ ਸਮਰਥਕ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦੇਣ ਦੇ ਪੱਖ 'ਚ ਹਨ। ਇਸਦੇ ਉਲਟ ਸਿਰਫ 27 ਪ੍ਰਤੀਸ਼ਤ ਹੈਰਿਸ ਸਮਰਥਕ ਸਮੂਹਿਕ ਦੇਸ਼ ਨਿਕਾਲੇ ਦਾ ਸਮਰਥਨ ਕਰਦੇ ਹਨ, ਜਦੋਂ ਕਿ 72 ਪ੍ਰਤੀਸ਼ਤ ਇਸਦੇ ਵਿਰੁੱਧ ਹਨ। ਮਿਸ਼ੀਗਨ ਦੀ ਇੱਕ ਵਿਦਿਆਰਥਣ ਲਤਾਨੀਆ ਨੇ ਕਿਹਾ ਕਿ ਇਮੀਗ੍ਰੇਸ਼ਨ ਇੱਕ ਮਹੱਤਵਪੂਰਨ ਚੋਣ ਮੁੱਦਾ ਹੈ ਅਤੇ ਉਹ ਇਸ ਸਬੰਧ ਵਿੱਚ ਟਰੰਪ ਦੀਆਂ ਨੀਤੀਆਂ ਤੋਂ ਨਾਖੁਸ਼ ਹੈ। ਉਸਨੇ ਕਿਹਾ,"ਮੈਨੂੰ ਲਗਦਾ ਹੈ ਕਿ ਹੈਰਿਸ ਚੋਣਾਂ ਵਿੱਚ ਟਰੰਪ ਨਾਲੋਂ ਬਹੁਤ ਵਧੀਆ ਵਿਕਲਪ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News