ਭਾਰਤੀਆਂ ਨੂੰ ਲੱਖਾਂ ਵੀਜ਼ੇ ਦੇਵੇਗਾ ਅਮਰੀਕਾ, ਤੁਸੀਂ ਵੀ ਖਿੱਚ ਲਓ ਤਿਆਰੀ
Tuesday, Oct 01, 2024 - 02:18 PM (IST)
ਵਾਸ਼ਿੰਗਟਨ- ਅਮਰੀਕਾ ਨੇ ਭਾਰਤੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕਰ ਲਈ ਹੈ। ਅਮਰੀਕਾ ਵੱਲੋਂ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਇਹ ਵਾਧੂ ਵੀਜ਼ੇ ਦਿੱਤੇ ਜਾਣਗੇ। ਅਮਰੀਕੀ ਮਿਸ਼ਨ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਭਾਰਤ-ਅਮਰੀਕਾ ਸਬੰਧਾਂ ਵਿਚ ਹੋਰ ਸੁਧਾਰ ਆਵੇਗਾ। ਐਕਸ 'ਤੇ ਸਾਂਝੀ ਕੀਤੀ ਪੋਸਟ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਵਾਨਾਂ ਨੂੰ ਭਾਰਤ ਵਿਚ 5 ਅਮਰੀਕੀ ਕੌੰਸੁਲੇਟਾਂ ਵਿਚੋਂ ਇਕ ਵਿਚ ਮਿਲਣ ਦਾ ਸਮਾਂ ਮਿਲ ਸਕਦਾ ਹੈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਇਹ ਪਰਿਵਾਰਾਂ ਨੂੰ ਜੋੜਨ, ਕਾਰੋਬਾਰੀਆਂ ਨਾਲ ਸੰਪਰਕ ਕਾਇਮ ਕਰਨ ਅਤੇ ਸੈਰ ਸਪਾਟੇ ਨੂੰ ਸਰਲ ਬਣਾਉਣ ਦਾ ਉਪਰਾਲਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਨਿਊਜ਼ੀਲੈਂਡ ਨੇ ਬਦਲੇ ਨਿਯਮ
ਬਿਆਨ ਮੁਤਾਬਕ ਬੀਤੇ ਇਕ ਸਾਲ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ ਜੋ 2023 ਦੇ ਮੁਕਾਬਲੇ ਵਿਚ 35 ਫੀਸਦੀ ਦਾ ਵਾਧਾ ਹੈ। ਅਮਰੀਕਾ ਦੇ ਦੌਰੇ ਲਈ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਗੈਰ ਇਮੀਗ੍ਰੈਂਟ ਵੀਜ਼ੇ ਹਨ। ਅਤੇ ਮਿਸ਼ਨ ਵੱਲੋਂ ਰੋਜ਼ਾਨਾ ਹਜ਼ਾਰਾਂ ਹੋਰ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਭਾਰਤ ਵਿਚ ਅਮਰੀਕੀ ਸਫੀਰ ਐਰਿਕ ਗਾਰਸੇਟੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਜ਼ਾ ਪ੍ਰਕਿਰਿਆ ਵਿਚ ਸੁਧਾਰ ਅਤੇ ਤੇਜ਼ੀ ਲਿਆਉਣ ਦਾ ਟੀਚਾ ਤੈਅ ਕੀਤਾ ਹੈ ਅਤੇ ਨਾਲ ਹੀ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ। ਭਾਰਤੀਆਂ ਵਿਚ ਅਮਰੀਕਾ ਜਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਅਮਰੀਕੀ ਮਿਸ਼ਨ ਅਤੇ ਕੌਂਸੁਲੇਟਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਨੇ 2023 ਵਿਚ ਭਾਰਤੀਆਂ ਨੂੰ 1.4 ਲੱਖ ਤੋਂ ਵੱਧ ਵੀਜ਼ੇ ਜਾਰੀ ਕੀਤੇ ਸਨ। ਇਹ ਵੀਜ਼ੇ ਦੁਨੀਆ ਦੇ ਕਿਸੇ ਹੋਰ ਦੇਸ਼ ਨਾਲੋਂ ਜ਼ਿਆਦਾ ਸਨ। ਲਗਾਤਾਰ ਤੀਜੇ ਸਾਲ ਇੰਨੇ ਜ਼ਿਆਦਾ ਵੀਜ਼ੇ ਜਾਰੀ ਕਰ ਕੇ ਰਿਕਾਰਡ ਸਥਾਪਿਤ ਕੀਤਾ ਗਿਆ ਹੈ।
ਵੀਜ਼ਾ ਦੀਆਂ ਮੁੱਖ ਸ਼੍ਰੇਣੀਆਂ:
H-1B ਵੀਜ਼ਾ:
ਇਹ ਵੀਜ਼ਾ ਸਿਰਫ਼ ਭਾਰਤੀ ਆਈ.ਟੀ ਅਤੇ ਤਕਨਾਲੋਜੀ ਪੇਸ਼ੇਵਰਾਂ ਲਈ ਹੈ। ਭਾਰਤੀ ਪੇਸ਼ੇਵਰਾਂ ਵਿੱਚ H-1B ਵੀਜ਼ਾ ਦੀ ਮੰਗ ਬਹੁਤ ਜ਼ਿਆਦਾ ਹੈ, ਅਤੇ ਅਮਰੀਕੀ ਕੰਪਨੀਆਂ ਨੂੰ ਖਾਸ ਤੌਰ 'ਤੇ ਭਾਰਤੀ ਤਕਨਾਲੋਜੀ ਮਾਹਿਰਾਂ ਦੀ ਲੋੜ ਹੈ।
F-1 ਵਿਦਿਆਰਥੀ ਵੀਜ਼ਾ:
ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ। ਐੱਫ-1 ਵੀਜ਼ਾ ਤਹਿਤ ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਵੱਡੀ ਗਿਣਤੀ 'ਚ ਦਾਖਲਾ ਹਾਸਲ ਕਰਨਗੇ।
B1/B2 ਵਪਾਰਕ ਅਤੇ ਟੂਰਿਸਟ ਵੀਜ਼ਾ:
ਇਹ ਵੀਜ਼ਾ ਭਾਰਤੀ ਕਾਰੋਬਾਰੀਆਂ ਅਤੇ ਸੈਲਾਨੀਆਂ ਨੂੰ ਅਮਰੀਕਾ ਜਾਣ ਲਈ ਜਾਰੀ ਕੀਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਸੈਰ-ਸਪਾਟਾ ਸਬੰਧ ਵਧਣਗੇ।
ਸੰਭਾਵੀ ਉਦੇਸ਼:
ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨਾ:
ਇਹ ਕਦਮ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਵਿਦਿਅਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਲਾਭ:
ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਮੌਕੇ ਵਧਣਗੇ, ਜੋ ਉਨ੍ਹਾਂ ਦੇ ਕਰੀਅਰ ਅਤੇ ਵਿਦਿਅਕ ਵਿਕਾਸ ਲਈ ਲਾਭਦਾਇਕ ਹੋਣਗੇ। ਇਹ ਕਦਮ ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ, ਜਿਸ ਨਾਲ ਭਾਰਤੀ ਨਾਗਰਿਕਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਅਮਰੀਕਾ ਵਿੱਚ 'ਏਸ਼ੀਅਨ-ਅਮਰੀਕਨਾਂ ਲਈ ਰਾਸ਼ਟਰਪਤੀ ਕਮਿਸ਼ਨ' ਦੇ ਇੱਕ ਭਾਰਤੀ-ਅਮਰੀਕੀ ਮੈਂਬਰ ਨੇ ਭਾਰਤ ਵਿੱਚ ਅਮਰੀਕੀ ਦੂਤਘਰ ਦੁਆਰਾ 2.5 ਲੱਖ ਨਵੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦਾ ਸਵਾਗਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।