ਬੁਢਾਪੇ ਦੀ ਇਮੇਜ ਦਿਖਾਉਣ ਵਾਲੇ 'ਫੇਸਐਪ' ਦੀ ਅਮਰੀਕਾ ਵੱਲੋਂ ਜਾਂਚ ਦੀ ਮੰਗ

07/19/2019 2:09:08 PM

ਵਾਸ਼ਿੰਗਟਨ (ਬਿਊਰੋ)— ਹਾਲ ਹੀ ਵਿਚ ਲਾਂਚ ਹੋਈ ਇਕ ਐਪ ਫੇਸਐਪ ਬਾਰੇ ਲੋਕਾਂ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਲੋਕ ਇਸ 'ਤੇ ਦਿੱਤੇ ਗਏ ਟਾਈਮ ਟਰੈਵਲ ਫਿਲਟਰ ਜ਼ਰੀਏ ਇਹ ਜਾਣਨ ਵਿਚ ਲੱਗੇ ਹਨ ਕਿ ਜਦੋਂ ਉਹ ਬੁੱਢੇ ਹੋ ਜਾਣਗੇ ਤਾਂ ਕਿਸ ਤਰ੍ਹਾਂ ਦੇ ਦਿਸਣਗੇ। ਹੁਣ ਇਸ ਐਪ ਨੂੰ ਲੈ ਕੇ ਅਮਰੀਕਾ ਨੇ ਸਵਾਲ ਚੁੱਕੇ ਹਨ। ਅਮਰੀਕਾ ਦੇ ਸੈਨੇਟ ਘੱਟ ਗਿਣਤੀ ਨੇਤਾ ਚੱਕ ਸ਼ੂਮਰ ਨੇ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਐਪ ਜ਼ਰੀਏ ਰੂਸ ਨਿੱਜੀ ਜਾਣਕਾਰੀਆਂ ਇਕੱਠੀਆਂ ਕਰ ਰਿਹਾ ਹੈ। ਉਨ੍ਹਾਂ ਨੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਇਸ ਮਾਮਲੇ ਸਬੰਧੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਚਕ, ਨਿਊਯਾਰਕ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਹਨ। ਉਨ੍ਹਾਂ ਨੇ ਐੱਫ.ਬੀ.ਆਈ ਨੂੰ ਕਿਹਾ ਹੈ ਕਿ ਉਹ ਇਸ ਫੇਸਐਪ ਨੂੰ ਲੈ ਕੇ ਬਹੁਤ ਚਿੰਤਤ ਹਨ। ਕਿਉਂਕਿ ਇਹ ਐਪ ਦੇਸ਼ ਦੀ ਸੁਰੱਖਿਆ ਅਤੇ ਨਿੱਜਤਾ ਲਈ ਖਤਰਾ ਹੈ। ਉਨ੍ਹਾਂ ਮੁਤਾਬਕ ਐਪ ਕਾਰਨ ਕਰੋੜਾਂ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ 'ਤੇ ਖਤਰਾ ਪੈਦਾ ਹੋ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪ੍ਰਾਇਮਰੀ ਚੋਣਾਂ ਵਿਚ ਹਿੱਸਾ ਲੈ ਰਹੇ ਪ੍ਰਤੀਨਿਧੀਆਂ ਨੂੰ ਤੁਰੰਤ ਐਪ ਡਿਲੀਟ ਕਰਨ ਲਈ ਕਿਹਾ ਹੈ। 

ਚਕ ਮੁਤਾਬਕ ਜਿਹੜੀ ਗੱਲ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਉਹ ਇਹ ਹੈ ਕਿ ਕਿੰਨੇ ਲੰਬੇ ਸਮੇਂ ਤੱਕ ਡਾਟਾ ਨੂੰ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ। ਜੇਕਰ ਵਰਤੋਂ ਦੇ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਤਾਂ ਫਿਰ ਡਾਟਾ ਦਾ ਕੀ ਹੋਵੇਗਾ। ਚਕ ਨੇ ਕਿਹਾ ਕਿ ਇਸ ਐਪ ਜ਼ਰੀਏ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀਆਂ ਵਿਦੇਸ਼ੀ ਤਾਕਤਾਂ ਨੂੰ ਮਿਲ ਰਹੀਆਂ ਹਨ ਜੋ ਅਮਰੀਕਾ ਵਿਰੁੱਧ ਕਿਸੇ ਸਾਈਬਰ ਯੁੱਧ ਨੂੰ ਅੰਜਾਮ ਦੇ ਸਕਦੀਆਂ ਹਨ।

ਇਸ ਐਪ ਨੰ ਰੂਸ ਦੀ ਵਾਇਰਲੈਸ ਲੈਬ ਨੇ ਵਿਕਸਿਤ ਕੀਤਾ ਹੈ। ਇਸ ਕਾਰਨ ਐਪ ਦੇ ਡਾਟਾ ਕੁਲੈਕਸ਼ਨ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਫੇਸਐਪ ਨੂੰ ਬੀਤੇ ਕੁਝ ਦਿਨਾਂ ਵਿਚ ਕਾਫੀ ਲੋਕਪ੍ਰਿਅਤਾ ਮਿਲੀ ਹੈ। ਮਸ਼ਹੂਰ ਹਸਤੀਆਂ ਅਤੇ ਆਮ ਨਾਗਰਿਕ ਸਾਰੇ ਇਹ ਦੇਖਣ ਵਿਚ ਦਿਲਚਸਪੀ ਰੱਖਦੇ ਹਨ ਅਗਲੇ 50 ਸਾਲਾਂ ਵਿਚ ਉਹ ਕਿਹੋ ਜਿਹੇ ਦਿੱਸਣਗੇ। ਇਸ ਲਈ ਐਪ ਵਿਚ ਐਡੀਟਿੰਗ ਟੂਲ ਵੀ ਦਿੱਤਾ ਗਿਆ ਹੈ। ਮਾਹਰ ਇਸ ਐਪ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। 

ਐਪ ਨੂੰ ਸਾਲ 2017 ਵਿਚ ਵਿਕਸਿਤ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਐਪ ਸਥਾਈ ਤੌਰ 'ਤੇ ਯੂਜ਼ਰਸ ਦੀਆਂ ਤਸਵੀਰਾਂ 'ਤੇ ਐਕਸੈਸ ਹਾਸਲ ਕਰ ਲੈਂਦੀ ਹੈ। ਐਪ ਵਿਚ ਇਕ ਕਲੌਜ਼ ਹੈ ਜਿਸ ਦੇ ਤਹਿਤ ਉਹ ਯੂਜ਼ਰਸ ਨੂੰ ਇਜਾਜ਼ਤ ਦੀ ਬਿਨਾਂ ਉਸ ਦੀ ਤਸਵੀਰ ਨੂੰ ਨਾ ਸਿਰਫ ਵਰਤ ਸਕਦੀ ਹੈ ਸਗੋਂ ਉਸ ਨੂੰ ਸਟੋਰ ਵੀ ਕਰ ਸਕਦੀ ਹੈ। ਚਕ ਮੁਤਾਬਕ ਫੇਸਐਪ ਦੀ ਲੋਕੇਸ਼ਨ ਰੂਸ ਹੈ ਅਤੇ ਇਹ ਗੱਲ ਨਿਸ਼ਚਿਤ ਤੌਰ 'ਤੇ ਪਰੇਸ਼ਾਨ ਕਰਨ ਵਾਲੀ ਹੈ। ਉੱਥੇ ਫੇਸਐਪ ਦੇ ਸੀ.ਈ.ਓ. ਯਾਰੋਸਲਾਵ ਗੋਂਚਾਰੋਵ ਨੇ ਕਿਹਾ ਕਿ ਰੂਸੀ ਏਜੰਸੀਆਂ ਦੀ ਯੂਜ਼ਰਸ ਦੇ ਡਾਟਾ ਤੱਕ ਕੋਈ ਪਹੁੰਚ ਨਹੀਂ ਹੈ। ਜ਼ਿਆਦਾਤਰ ਤਸਵੀਰਾਂ 48 ਘੰਟੇ ਵਿਚ ਸਰਵਰ ਤੋਂ ਡਿਲੀਟ ਕਰ ਦਿੱਤੀਆਂ ਜਾਂਦੀ ਆਂ ਹਨ ਅਤੇ ਤਸਵੀਰਾਂ ਨੂੰ ਕਿਸੇ ਹੋਰ ਉਦੇਸ਼ ਨਾਲ ਨਹੀਂ ਵਰਤਿਆ ਜਾਂਦਾ।


Vandana

Content Editor

Related News