38 ਸਾਲ ਬਾਅਦ ਡੈਮਕ੍ਰੇਟਸ ਨੇ ਰਚ''ਤਾ ਇਤਿਹਾਸ ! ਅਮਰੀਕੀ ਚੋਣਾਂ ’ਚ ਦਰਜ ਕੀਤੀ ਵੱਡੀ ਜਿੱਤ

Thursday, Nov 05, 2026 - 10:28 AM (IST)

38 ਸਾਲ ਬਾਅਦ ਡੈਮਕ੍ਰੇਟਸ ਨੇ ਰਚ''ਤਾ ਇਤਿਹਾਸ ! ਅਮਰੀਕੀ ਚੋਣਾਂ ’ਚ ਦਰਜ ਕੀਤੀ ਵੱਡੀ ਜਿੱਤ

ਇੰਟਰਨੈਸ਼ਨਲ ਡੈਸਕ (ਸੁਧੀਰ ਰਾਘਵ)– ਅਮਰੀਕਾ ਵਿਚ ਡੈਮੋਕ੍ਰੇਟਸ ਦੀ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। 1988 ਤੋਂ ਬਾਅਦ ਅਮਰੀਕੀ ਪ੍ਰਤੀਨਿਧੀ ਸਭਾ ਵਿਚ 241 ਸੀਟਾਂ ਦੇ ਨਾਲ ਡੈਮੋਕ੍ਰੇਟਸ ਨੂੰ ਇੰਨੀ ਵੱਡੀ ਜਿੱਤ ਮਿਲੀ ਹੈ। ਵੋਟਿੰਗ ਤੋਂ ਪਹਿਲਾਂ ਸੈਨੇਟ ਲਈ 50-50 ਦਾ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਸੀ ਪਰ ਨਤੀਜੇ ਡੈਮੋਕ੍ਰੇਟਸ ਦੇ ਹੱਕ ਵਿਚ 54 ਸੀਟਾਂ ਦਿਖਾ ਰਹੇ ਹਨ ਅਤੇ ਰਿਪਬਲਿਕਨ 7 ਸੀਟਾਂ ਗੁਆ ਕੇ 44 ਸੀਟਾਂ ਤੱਕ ਸਿਮਟ ਰਹੇ ਹਨ। ਕੌਮਾਂਤਰੀ ਮਾਮਲਿਆਂ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਮਰੀਕੀ ਸਿਆਸਤ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਡੈਮੋਕ੍ਰੇਟਸ ਨੂੰ ਇੰਨਾ ਵੱਡਾ ਬਹੁਮਤ ਮਿਲ ਰਿਹਾ ਹੈ। ਇਹ ਵੰਡਪਾਊ ਨੀਤੀ ਦੇ ਖ਼ਿਲਾਫ਼ ਵੋਟਿੰਗ ਹੈ। ਇਹ ਤਾਨਾਸ਼ਾਹੀ ਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਅਮਰੀਕੀ ਜਨਤਾ ਦਾ ਫ਼ਤਵਾ ਹੈ।

ਅਮਰੀਕਾ ਵਿਚ ਆਮ ਤੌਰ ’ਤੇ ਮੱਧਕਾਲੀ ਚੋਣਾਂ ਦੇ ਨਤੀਜੇ ਮੌਜੂਦਾ ਸਰਕਾਰ ਦੇ ਖ਼ਿਲਾਫ਼ ਜਾਂਦੇ ਹਨ ਪਰ ਇੰਨੀ ਬੁਰੀ ਹਾਰ ਇਕ ਵੱਡਾ ਸੰਦੇਸ਼ ਦਿੰਦੀ ਹੈ। ਖ਼ਾਸ ਤੌਰ ’ਤੇ ਉਸ ਸਮੇਂ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਸਨ। ਮੱਧਕਾਲੀ ਚੋਣਾਂ ਲਈ ਟਰੰਪ ਨੇ ਜਿੰਨਾ ਜ਼ਿਆਦਾ ਪ੍ਰਚਾਰ ਕੀਤਾ ਹੈ, ਸ਼ਾਇਦ ਹੀ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਅਮਰੀਕੀ ਰਾਸ਼ਟਰਪਤੀ ਨੇ ਕੀਤਾ ਹੋਵੇ। ਭਾਵੇਂ ਟਰੰਪ ਹੁਣ ਇਹ ਕਹਿ ਕੇ ਆਪਣੀ ਨਾਕਾਮੀ ਲੁਕੋ ਰਹੇ ਹਨ ਕਿ ਬੈਲਟ ਪੇਪਰ ’ਤੇ ਮੇਰਾ ਨਾਂ ਨਹੀਂ ਸੀ ਪਰ ਇਹ ਫਤਵਾ ਟਰੰਪ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਖ਼ਿਲਾਫ਼ ਹੈ।

ਸਾਬਕਾ ਲੋਕ ਪ੍ਰਸ਼ਾਸਕ, ਭਾਰਤੀ ਡਿਪਲੋਮੈਟ ਤੇ ਲੇਖਕ ਦਲੀਪ ਸਿਨਹਾ ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਡੈਮੋਕ੍ਰੇਟਸ ਦੀ ਬਹੁਤ ਵੱਡੀ ਜਿੱਤ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਤਵਾ ਪੂਰੀ ਤਰ੍ਹਾਂ ਟਰੰਪ ਦੇ ਖ਼ਿਲਾਫ਼ ਗਿਆ ਹੈ। ਇਸ ਦੇ ਕਈ ਕਾਰਨ ਹਨ। ਪਹਿਲਾ ਮਹਿੰਗਾਈ ਕਾਰਨ ਅਤੇ ਦੂਜਾ ਈਰਾਨ ਦੀ ਜੰਗ ਕਾਰਨ। ਦੋਵੇਂ ਕਾਰਨ ਆਪਸ ਵਿਚ ਜੁੜੇ ਹੋਏ ਹਨ ਕਿਉਂਕਿ ਈਰਾਨ ਜੰਗ ਕਾਰਨ ਹੀ ਮਹਿੰਗਾਈ ਵਧੀ ਹੈ। ਟਰੰਪ ਦੀ ਵਿਦੇਸ਼ ਨੀਤੀ, ਖ਼ਾਸ ਤੌਰ ’ਤੇ ਗ੍ਰੀਨਲੈਂਡ ਦੀ ਮੰਗ ਕਰਨਾ, ਯੂਕ੍ਰੇਨ ਦਾ ਸਮਰਥਨ ਨਾ ਕਰਨਾ ਅਤੇ ਮਿੱਤਰ ਯੂਰਪੀ ਦੇਸ਼ਾਂ ਨਾਲ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਵੀ ਅਮਰੀਕਾ ਵਿਚ ਕਾਫ਼ੀ ਰੋਸ ਹੈ। ਇਸ ਕਾਰਨ ਮੱਧ ਅਮਰੀਕਾ ਦੇ ਹਿਸਪੈਨਿਕ ਵੋਟਰ, ਜਿਨ੍ਹਾਂ ਨੇ 2024 ਦੀਆਂ ਚੋਣਾਂ ਵਿਚ ਟਰੰਪ ਦਾ ਬੇਮਿਸਾਲ ਸਮਰਥਨ ਕੀਤਾ ਸੀ, ਹੁਣ ਉਨ੍ਹਾਂ ਤੋਂ ਦੂਰ ਹੋ ਗਏ ਹਨ।

ਭਾਰਤੀ ਮੂਲ ਦੇ ਭਾਈਚਾਰੇ ਦਾ ਰੁਖ਼ ਵੀ ਬਦਲ ਗਿਆ ਹੈ। ਪਹਿਲਾਂ ਜਿਹੜੇ ਭਾਰਤੀ ਮੂਲ ਦੇ ਲੋਕ ਟਰੰਪ ਦੇ ਸਮਰਥਨ ਵਿਚ ਆਏ ਸਨ, ਹੁਣ ਉਹ ਵੀ ਪਿੱਛੇ ਹਟ ਗਏ ਹਨ। ਰਿਪਬਲਿਕਨ ਵਿਵੇਕ ਰਾਮਾਸਵਾਮੀ ਦੀ ਓਹਾਓ ਵਿਚ ਵੱਡੀ ਹਾਰ ਹੋਈ ਹੈ। ਅਫ਼ਰੀਕੀ ਮੂਲ ਦੇ ਅਮਰੀਕੀ ਲੋਕ ਤਾਂ ਪਹਿਲਾਂ ਤੋਂ ਹੀ ਟਰੰਪ ਤੋਂ ਨਾਰਾਜ਼ ਸਨ। ਕੁੱਲ ਮਿਲਾ ਕੇ ਟਰੰਪ ਨੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ।

ਸੱਜੇਪੱਖੀ ਲਹਿਰ ਨੂੰ ਲੱਗੀ ਰੋਕ–

ਬ੍ਰਾਜ਼ੀਲ ਵਿਚ ਕੁਝ ਦਿਨ ਪਹਿਲਾਂ ਹੀ ਖੱਬੇਪੱਖੀ ਨੇਤਾ ਲੂਇਜ਼ ਇਨਾਸਿਓ ਲੂਲਾ ਦਾ ਸਿਲਵਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਹੰਗਰੀ ਵਿਚ ਵੀ ਕੱਟੜ ਦੱਖਣਪੰਥੀ ਵਿਕਟਰ ਓਰਬਨ ਦੀ ਹਾਰ ਹੋਈ। ਹੁਣ ਅਮਰੀਕਾ ਵਿਚ ਟਰੰਪ ਦੀ ਪਾਰਟੀ ਦੀ ਹਾਰ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਵਿਚ ਜਿਸ ਸੱਜੇਪੱਖੀ ਲਹਿਰ ਦੀ ਚਰਚਾ ਹੋ ਰਹੀ ਸੀ, ਉਸ ਦੇ ਖ਼ਿਲਾਫ਼ ਬ੍ਰਾਜ਼ੀਲ, ਹੰਗਰੀ ਅਤੇ ਹੁਣ ਅਮਰੀਕਾ ਵਿਚ ਵੀ ਲੋਕਾਂ ਨੇ ਵੋਟ ਪਾਈ ਹੈ। ਇਹ ਸਪੱਸ਼ਟ ਹੈ ਕਿ ਲੋਕ ਤਾਨਾਸ਼ਾਹੀ ਦੇ ਖ਼ਿਲਾਫ਼ ਖੜ੍ਹੇ ਹੋ ਰਹੇ ਹਨ।

ਟਰੰਪ ’ਤੇ ਲੱਗੇਗੀ ਲਗਾਮ–

ਹੁਣ ਅਮਰੀਕੀ ਬਜਟ ’ਤੇ ਕੰਟਰੋਲ ਕਾਂਗਰਸ ਦਾ ਰਹੇਗਾ। ਸਾਰੀਆਂ ਨਿਯੁਕਤੀਆਂ ਲਈ ਸੈਨੇਟ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ। ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਆਪਣੇ ਜਵਾਈ, ਨੂੰਹ ਅਤੇ ਇਕ ਪੁੱਤਰ ਦੀ ਮੰਗੇਤਰ ਨੂੰ ਨਿਯੁਕਤੀਆਂ ਦਿੱਤੀਆਂ ਸਨ, ਹੁਣ ਉਨ੍ਹਾਂ ’ਤੇ ਲਗਾਮ ਲੱਗੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਕਈ ਮਾਮਲਿਆਂ ਵਿਚ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ। ਜਾਂਚ ਕਰਨ ਦਾ ਅਧਿਕਾਰ ਸਦਨ ਕੋਲ ਹੁੰਦਾ ਹੈ। ਹੁਣ ਅਮਰੀਕਾ ਵਿਚ ਡੈਮੋਕ੍ਰੇਟਸ ਦਾ ਬਹੁਮਤ ਹੈ।


ਸ਼ੁਰੂ ਹੋਵੇਗੀ ਡੈਮੋਕ੍ਰੇਟਸ ’ਚ ਲੀਡਰਸ਼ਿਪ ਦੀ ਹੋੜ


ਡੈਮੋਕ੍ਰੇਟਸ ਵਿਚ ਫ਼ੁੱਟ ਬਹੁਤ ਜਲਦੀ ਪੈਂਦੀ ਹੈ। ਉੱਥੇ ਲੀਡਰਸ਼ਿਪ ਦੀ ਘਾਟ ਹੈ। ਹੁਣ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ’ਚ ਲੀਡਰਸ਼ਿਪ ਦੀ ਹੋੜ ਸ਼ੁਰੂ ਹੋਵੇਗੀ। ਇਨ੍ਹਾਂ ’ਚ ਜਾਰਜੀਆ ਤੋਂ ਸੈਨੇਟ ਸੀਟ ਜਿੱਤਣ ਵਾਲੇ ਜਾਨ ਓਸਾਫ਼ ਹਨ। ਅਗਲੇ ਸਾਲ ਤੋਂ ਪਾਰਟੀ ’ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਸ਼ੁਰੂ ਹੋ ਜਾਵੇਗੀ। ਇਸ ਲਈ ਕਈ ਨਾਂ ਚਰਚਾ ’ਚ ਆ ਗਏ ਹਨ। ਇਨ੍ਹਾਂ ’ਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀ ਮੂਲ ਦੇ ਨੇਤਾਵਾਂ ਨੇ ਰਚ'ਤਾ ਇਤਿਹਾਸ, ਜਿੱਤੀਆਂ 30 ਸੀਟਾਂ

ਭਾਰਤ ਨੂੰ ਵੀ ਰਾਹਤ

ਟਰੰਪ ਲਈ ਇਹ ਬਹੁਤ ਵੱਡੀ ਹਾਰ ਹੈ। ਉਹ ਜਿਨ੍ਹਾਂ ਦੇਸ਼ਾਂ ’ਤੇ ਦਬਾਅ ਬਣਾ ਰਹੇ ਸਨ, ਉਹ ਹੁਣ ਘੱਟ ਹੋਵੇਗਾ। ਉਹ ਹੁਣ ਅੰਦਰੂਨੀ ਸਿਆਸਤ ਵਿਚ ਉਲਝ ਜਾਣਗੇ। ਸੰਭਾਵਨਾ ਹੈ ਕਿ ਭਾਰਤ ਨਾਲ ਹੋਣ ਵਾਲੀ ਟਰੇਡ ਡੀਲ ਨੂੰ ਵੀ ਹੁਣ ਠੰਢੇ ਬਸਤੇ ਵਿਚ ਪਾ ਦਿੱਤਾ ਜਾਵੇ। ਖ਼ਰਾਬ ਡੀਲ ਕਰਨ ਨਾਲੋਂ ਚੰਗਾ ਹੈ ਕਿ ਡੀਲ ਨਾ ਕਰੋ।

ਚੀਨ ਅਤੇ ਰੂਸ  ਹੋਣਗੇਚਿੰਤਤ

ਚੀਨ ਅਤੇ ਰੂਸ ਟਰੰਪ ਨਾਲ ਚੰਗਾ ਤਾਲਮੇਲ ਬਣਾ ਰਹੇ ਸਨ ਅਤੇ ਸਮਝੌਤੇ ਕਰ ਰਹੇ ਸਨ। ਅਮਰੀਕਾ ’ਚ ਰਿਪਬਲਿਕਨਜ਼ ਦੀ ਹਾਰ ਨਾਲ ਇਨ੍ਹਾਂ ਦੋਵਾਂ ਨੂੰ ਥੋੜ੍ਹੀ ਚਿੰਤਾ ਹੋ ਸਕਦੀ ਹੈ।

ਡੈਮੋਕ੍ਰੇਟਸ ਲਈ ਪੰਜ ਵੱਡੀਆਂ ਉਪਲੱਬਧੀਆਂ

ਮਿਡਟਰਮ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਰਿਪਬਲਿਕਨ ਪਾਰਟੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਬਹੁਤ ਵੱਡਾ ਝਟਕਾ ਦਿੱਤਾ ਹੈ। ਜਿਵੇਂ ਚੋਣਾਂ ਤੋਂ ਪਹਿਲਾਂ ਸਰਵੇ ਦੱਸ ਰਹੇ ਸਨ, ਨਤੀਜਾ ਉਸ ਤੋਂ ਵੀ ਕਿਤੇ ਵੱਧ ਕੇ ਡੈਮੋਕ੍ਰੇਟਸ ਦੇ ਪੱਖ ਵਿਚ ਆਇਆ ਹੈ। ਡੈਮੋਕ੍ਰੇਟਸ ਦੀ ਇਹ ਸਫ਼ਲਤਾ ਆਪਣੇ ਨਾਲ ਪੰਜ ਵੱਡੀਆਂ ਉਪਲੱਬਧੀਆਂ ਲੈ ਕੇ ਆਈ ਹੈ।

1. ਰਿਪਬਲਿਕਨ ਦੇ ਮਜ਼ਬੂਤ ਗੜ੍ਹ ਵੀ ਢਹਿ-ਢੇਰੀ ਹੋਏ

ਕੰਸਾਸ ਦੀ ਸੈਨੇਟ ਸੀਟ ’ਤੇ ਡੈਮੋਕ੍ਰੇਟਿਕ ਉਮੀਦਵਾਰ ਐਡਮ ਹੈਮਿਲਟਨ ਨੇ ਮੌਜੂਦਾ ਰਿਪਬਲਿਕਨ ਸੈਨੇਟਰ ਰੌਜਰ ਮਾਰਸ਼ਲ ਨੂੰ ਹਰਾ ਕੇ 94 ਸਾਲਾਂ ਦਾ ਸੋਕਾ ਖ਼ਤਮ ਕੀਤਾ ਹੈ। ਇਸੇ ਤਰ੍ਹਾਂ ਰਿਪਬਲਿਕਨਜ਼ ਦਾ ਸਭ ਤੋਂ ਮਜ਼ਬੂਤ ਗੜ੍ਹ ਟੈਕਸਾਸ ਵੀ 38 ਸਾਲਾਂ ਬਾਅਦ ਢਹਿ ਗਿਆ ਹੈ। ਸਾਊਥ ਕੈਰੋਲੀਨਾ ਨੂੰ ਵੀ ਰਿਪਬਲਿਕਨ 28 ਸਾਲਾਂ ਬਾਅਦ ਹਾਰ ਗਏ ਹਨ।

2. ਜਨਤਾ ਦਾ ਭਰੋਸਾ ਜਿੱਤਿਆ

ਨਤੀਜੇ ਦੱਸ ਰਹੇ ਹਨ ਕਿ ਮਹਿੰਗਾਈ ਅਤੇ ਅਰਥਵਿਵਸਥਾ ਨਾਲ ਜੁੜੇ ਮੁੱਦਿਆਂ ’ਤੇ ਡੈਮੋਕ੍ਰੇਟਸ ਨੇ ਜਨਤਾ ਦਾ ਭਰੋਸਾ ਜਿੱਤਿਆ ਹੈ। ਡੈਮੋਕ੍ਰੇਟਸ ਨੂੰ ਰਿਪਬਲਿਕਨਜ਼ ’ਤੇ 9 ਫੀਸਦੀ ਅੰਕਾਂ ਦੀ ਲੀਡ ਮਿਲੀ ਹੈ। ਅਮਰੀਕੀ ਜਨਤਾ ਟਰੰਪ ਦੇ ਸ਼ਾਸਨ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਸੀ।

3. ਸਵਿੰਗ ਤੈਅ ਕਰਨ ਵਾਲੇ ਸੂਬਿਆਂ ’ਚ ਲੀਡ

ਅਮਰੀਕਾ ਦੇ ਸੱਤ ਸੂਬਿਆਂ ਨੂੰ ਸਵਿੰਗ ਤੈਅ ਕਰਨ ਵਾਲੇ ਭਾਵ ਬੈਟਲਗ੍ਰਾਊਂਡ ਸਟੇਟ ਕਿਹਾ ਜਾਂਦਾ ਹੈ। ਇਨ੍ਹਾਂ ’ਚੋਂ ਪੰਜ ਸੂਬਿਆਂ ਵਿਚ ਡੈਮੋਕ੍ਰੇਟਸ ਲਗਾਤਾਰ ਰਿਪਬਲਿਕਨਜ਼ ਤੋਂ ਅੱਗੇ ਹਨ ਜਾਂ ਸੀਟ ਜਿੱਤ ਲਈ ਹੈ। ਇਨ੍ਹਾਂ ’ਚੋਂ ਮਿਸ਼ੀਗਨ, ਜਾਰਜੀਆ, ਨਾਰਥ ਕੈਰੋਲੀਨਾ, ਨੇਵਾਦਾ ਵਿਚ ਡੈਮੋਕ੍ਰੇਟਸ ਨੇ ਜਿੱਤ ਦਰਜ ਕੀਤੀ ਹੈ। ਪੈਨਸਿਲਵੇਨੀਆ ’ਚ ਉਹ ਅੱਗੇ ਚੱਲ ਰਹੇ ਹਨ।

4. ਟਰੰਪ ਦੀ ਲੋਕਪ੍ਰਿਅਤਾ

ਟਰੰਪ ਨੇ ਜਿੰਨੇ ਸੂਬਿਆਂ ਵਿਚ ਪ੍ਰਚਾਰ ਰੈਲੀਆਂ ਕੀਤੀਆਂ, ਉਨ੍ਹਾਂ ’ਚੋਂ ਜ਼ਿਆਦਾਤਰ ਵਿਚ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ 19 ਸੂਬਿਆਂ ਵਿਚ ਦੋ ਦਰਜਨ ਤੋਂ ਜ਼ਿਆਦਾ ਰੈਲੀਆਂ ਕੀਤੀਆਂ ਸਨ। ਇਹ ਸਾਰੇ ਉਹ ਖੇਤਰ ਸਨ, ਜਿੱਥੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਨੂੰ ਲੀਡ ਮਿਲੀ ਸੀ।

5. ਵੱਡੀਆਂ ਸੀਟਾਂ ’ਤੇ ਵੱਡੀ ਜਿੱਤ

ਸੂਬਿਆਂ ਦੇ ਗਵਰਨਰ ਚੋਣਾਂ ’ਚ ਜਿੱਥੇ ਰਿਪਬਲਿਕਨਜ਼ ਦੇ ਵੱਡੇ ਚਿਹਰੇ ਸਨ, ਉੱਥੇ ਡੈਮੋਕ੍ਰੇਟਸ ਨੂੰ ਵੱਡੀ ਜਿੱਤ ਮਿਲੀ ਹੈ, ਇਹ ਪਾਰਟੀ ਲਈ ਸ਼ੁਭ ਸੰਕੇਤ ਹੈ। ਓਹਾਇਓ ਵਿਚ ਟਰੰਪ ਦੇ ਕਰੀਬੀ ਅਰਬਪਤੀ ਵਿਵੇਕ ਰਾਮਾਸਵਾਮੀ ਗਵਰਨਰ ਚੋਣ ’ਚ ਡੈਮੋਕ੍ਰੇਟ ਐਮੀ ਐਕਟਨ ਤੋਂ ਹਾਰ ਗਏ ਹਨ। ਇਸ ਸੀਟ ’ਤੇ ਪੂਰੇ ਦੇਸ਼ ਦੀ ਨਜ਼ਰ ਲੱਗੀ ਹੋਈ ਸੀ। ਇਸੇ ਤਰ੍ਹਾਂ ਜਾਰਜੀਆ ਵਿਚ ਡੈਮੋਕ੍ਰੇਟ ਕੀਸ਼ਾ ਲਾਂਸ ਬਾਟਮਸ ਦੀ ਜਿੱਤ ਨੇ ਕਿਸੇ ਅਮਰੀਕੀ ਸੂਬੇ ਵਿਚ ਪਹਿਲੀ ਅਸ਼ਵੇਤ ਮਹਿਲਾ ਗਵਰਨਰ ਬਣਨ ਦਾ ਇਤਿਹਾਸ ਰਚਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News