ਅਮਰੀਕਾ : 2020 ਦੀ ਜਨਗਣਨਾ ''ਚ ਨਹੀਂ ਹੋਵੇਗਾ ''ਨਾਗਰਿਕਤਾ'' ਦਾ ਸਵਾਲ
Wednesday, Jul 03, 2019 - 12:32 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਹੋਣ ਜਾ ਰਹੀ 2020 ਦੀ ਜਨਗਣਨਾ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਲਿਆ ਹੈ। ਫੈਸਲੇ ਮੁਤਾਬਕ ਟਰੰਪ ਸਰਕਾਰ ਵਿਵਾਦਮਈ ਨਾਗਰਿਕਤਾ ਦੇ ਸਵਾਲ ਨੂੰ 2020 ਦੀ ਜਨਗਣਨਾ ਦੀ ਸ਼ਾਮਲ ਨਹੀਂ ਕਰੇਗੀ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਿਛਲੇ ਵੀਰਵਾਰ ਨੂੰ ਫੈਸਲਾ ਸੁਣਾਇਆ ਸੀ ਕਿ ਟਰੰਪ ਪ੍ਰਸ਼ਾਸਨ ਨੇ 2020 ਦੀ ਜਨਗਣਾ ਵਿਚ ਨਾਗਰਿਕਤਾ ਸਬੰਧੀ ਪ੍ਰਸ਼ਨ ਜੋੜਨ ਦਾ ਲੋੜੀਂਦਾ ਕਾਰਨ ਨਹੀਂ ਦਿੱਤਾ ਅਤੇ ਨਾਗਰਿਕਤਾ ਦੇ ਸਵਾਲ ਨੂੰ 2020 ਦੀ ਜਨਗਣਨਾ ਵਿਚ ਸ਼ਾਮਲ ਕਰਨ 'ਤੇ ਰੋਕ ਲਗਾ ਦਿੱਤੀ ਸੀ, ਜਿਸ ਮਗਰੋਂ ਹੁਣ ਟਰੰਪ ਸਰਕਾਰ ਨੂੰ ਫੈਸਲੇ ਅੱਗੇ ਝੁਕਣਾ ਪਿਆ ਹੈ।
ਇਕ ਸਮਾਚਾਰ ਏਜੰਸੀ ਨੇ ਨਿਆਂਮੂਰਤੀ ਕੇਟ ਬੇਟੇ ਦੇ ਵਿਭਾਗ ਦੇ ਹਵਾਲੇ ਨਾਲ ਕਿਹਾ,''ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ 2020 ਦੀ ਜਨਗਣਨਾ ਪ੍ਰਸ਼ਨਾਵਲੀ ਨੂੰ ਬਿਨਾਂ ਨਾਗਰਿਕਤਾ ਸਬੰਧੀ ਪ੍ਰਸ਼ਨਾਂ ਦੇ ਛਾਪੇ ਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਇਨ੍ਹਾਂ ਨੂੰ ਛਾਪਣ ਦਾ ਨਿਰਦੇਸ਼ ਦੇ ਦਿੱਤਾ ਗਿਆ ਹੈ। ਓਬਾਮਾ ਦੇ ਸਾਬਕਾ ਵ੍ਹਾਈਟ ਹਾਊਸ ਦੇ ਵਕੀਲ ਡੈਨੀਅਲ ਜੈਕਬਸਨ ਨੇ ਟਵਿੱਟਰ 'ਤੇ ਈ-ਮੇਲ ਦਾ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ। ਅਮਰੀਕਾ ਨਿਆਂ ਵਿਭਾਗ ਦੇ ਬੁਲਾਰੇ ਕੇਲੀ ਲਾਕੋ ਨੇ ਪੁਸ਼ਟੀ ਕੀਤੀ ਕਿ ਇਹ ਸਵਾਲ ਜਨਗਣਨਾ ਪ੍ਰਸ਼ਨਾਵਲੀ ਵਿਚ ਦਿਖਾਈ ਨਹੀਂ ਦੇਵੇਗਾ।