ਏਅਰਲਾਈਨਜ਼ ਦਾ ਵਿਲੱਖਣ ਟ੍ਰੈਵਲ ਪ੍ਰੋਗਰਾਮ, ਮਿੰਟਾਂ 'ਚ ਵਿਕ ਰਹੇ ਟਿਕਟ

Saturday, Apr 12, 2025 - 12:39 PM (IST)

ਏਅਰਲਾਈਨਜ਼ ਦਾ ਵਿਲੱਖਣ ਟ੍ਰੈਵਲ ਪ੍ਰੋਗਰਾਮ, ਮਿੰਟਾਂ 'ਚ ਵਿਕ ਰਹੇ ਟਿਕਟ

ਕੋਪਨਹੇਗਨ- ਰੋਮਾਂਚਕ ਯਾਤਰਾ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਮਤਲਬ ਕਿ ਤੁਸੀਂ ਆਪਣਾ ਬੈਗ ਪੈਕ ਕਰੋ, ਹਵਾਈ ਅੱਡੇ 'ਤੇ ਪਹੁੰਚੋ ਅਤੇ ਅਜਿਹੀ ਫਲਾਈਟ 'ਤੇ ਚੜ੍ਹੋ ਜਿਸ ਦੀ ਮੰਜ਼ਿਲ ਅਣਜਾਣ ਹੈ। ਇਹ ਅਨੁਭਵ ਡਰਾਉਣਾ ਹੋ ਸਕਦਾ ਹੈ, ਪਰ ਕੁਝ ਲੋਕਾਂ ਲਈ ਇਹ ਰੋਮਾਂਚਕ ਵੀ ਹੈ। ਸਵੀਡਨ ਦੀ ਸਕੈਂਡੇਨੇਵੀਅਨ ਏਅਰਲਾਈਨਜ਼ (ਐਸ.ਏ.ਐਸ) ਨੇ ਅਪ੍ਰੈਲ ਵਿੱਚ ਦੂਜੀ 'ਡੈਸਟੀਨੇਸ਼ਨ ਅਣਜਾਣ' (Destination unknown) ਉਡਾਣ ਚਲਾਈ। ਇਹ ਉਡਾਣ ਸੈਲਾਨੀਆਂ ਨੂੰ ਕੋਪੇਨਹੇਗਨ ਤੋਂ ਸਪੇਨ ਦੇ ਸੇਵਿਲ ਸ਼ਹਿਰ ਲੈ ਗਈ।

ਮਿੰਟਾਂ ਵਿੱਚ ਟਿਕਟਾਂ ਦੀ ਵਿਕਰੀ

ਇਸ ਰਹੱਸਮਈ ਉਡਾਣ ਦੀਆਂ ਟਿਕਟਾਂ ਸਿਰਫ਼ ਚਾਰ ਮਿੰਟਾਂ ਵਿੱਚ ਹੀ ਵਿਕ ਗਈਆਂ। ਐਸ.ਏ.ਐਸ ਨੇ ਆਖਰੀ ਸਮੇਂ ਤੱਕ ਯਾਤਰੀਆਂ ਅਤੇ ਕੈਬਿਨ ਕਰੂ ਨੂੰ ਮੰਜ਼ਿਲ ਬਾਰੇ ਨਹੀਂ ਦੱਸਿਆ। ਸਿਰਫ਼ ਪਾਇਲਟ ਨੂੰ ਹੀ ਪਤਾ ਸੀ ਕਿ ਫਲਾਈਟ ਕਿੱਥੇ ਜਾ ਰਹੀ ਹੈ। ਯਾਤਰੀਆਂ ਨੇ ਹਵਾਈ ਅੱਡੇ 'ਤੇ 'ਮਿਸਟਰੀ ਫਲਾਈਟ' ਅਤੇ 'ਅਨਨੋਨ ਸ਼ੈਂਗੇਨ' ਵਰਗੇ ਬੋਰਡ ਦੇਖੇ। ਇਸ ਪ੍ਰੋਗਰਾਮ ਵਿੱਚ ਯਾਤਰੀ ਟਿਕਟਾਂ ਤਾਂ ਖਰੀਦਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਜਾ ਰਹੇ ਹਨ। ਬੋਰਡਿੰਗ ਪਾਸ 'ਤੇ 'ਅਣਜਾਣ ਮੰਜ਼ਿਲ' ਵੀ ਲਿਖਿਆ ਹੋਇਆ ਹੈ। ਇਹ ਜਾਣਕਾਰੀ ਜਾਂ ਤਾਂ ਫਲਾਈਟ ਦੌਰਾਨ ਦਿੱਤੀ ਜਾਂਦੀ ਹੈ ਜਾਂ ਉਤਰਨ ਤੋਂ ਬਾਅਦ। 

PunjabKesari

2024 ਵਿੱਚ ਸ਼ੁਰੂ ਕੀਤਾ ਗਿਆ ਸੀ ਯਾਤਰਾ ਪ੍ਰੋਗਰਾਮ 

ਐਸ.ਏ.ਐਸ ਨੇ 2024 ਵਿੱਚ ਉਕਤ ਪ੍ਰੋਗਰਾਮ ਸ਼ੁਰੂ ਕੀਤਾ ਸੀ। ਪਹਿਲੀ ਉਡਾਣ ਕੋਪਨਹੇਗਨ ਤੋਂ ਏਥਨਜ਼ ਲਈ ਸੀ। ਇਸ ਵਾਰ ਸੇਵਿਲ ਪਹੁੰਚਣ 'ਤੇ ਸੈਲਾਨੀਆਂ ਨੂੰ ਸਥਾਨਕ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਗਤੀਵਿਧੀਆਂ ਵਿੱਚ ਸੇਵਿਲ ਦੇ ਇਤਿਹਾਸਕ ਸਥਾਨਾਂ ਦਾ ਦੌਰਾ, ਫਲੈਮੇਨਕੋ ਡਾਂਸ ਦੁਆਰਾ ਪ੍ਰੇਰਿਤ ਇੱਕ ਸ਼ੋਅ ਅਤੇ ਸਥਾਨਕ ਪਕਵਾਨਾਂ ਦਾ ਸੁਆਦ ਲੈਣਾ ਸ਼ਾਮਲ ਸੀ। ਇਸ ਨੂੰ ਇੱਕ ਕਸਟਮਾਈਜ਼ਡ ਟੂਰ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਸੀ, ਜਿਸ ਨਾਲ ਯਾਤਰੀਆਂ ਨੂੰ ਇੱਕ ਵਿਲੱਖਣ ਅਨੁਭਵ ਮਿਲਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-Canada ਚੋਣਾਂ 'ਚ ਇਮੀਗ੍ਰੇਸ਼ਨ ਮੁੱਦਾ ਗਾਇਬ, ਉਮੀਦਵਾਰਾਂ ਵੱਲੋਂ ਟੈਰਿਫ ਵਿਵਾਦ 'ਤੇ ਵੋਟਾਂ ਦੀ ਮੰਗ

ਥੀਮ ਦੇ ਆਧਾਰ 'ਤੇ ਟਿਕਟਾਂ ਦੀ ਬੁੱਕਿੰਗ

ਇਸ ਦੀਆਂ ਫਲਾਈਟਾਂ ਸਿਰਫ ਸ਼ੈਂਗੇਨ ਖੇਤਰ ਦੇ 29 ਦੇਸ਼ਾਂ 'ਚ ਜਾਂਦੀਆਂ ਹਨ, ਜਿਸ ਕਾਰਨ ਵੀਜ਼ਾ ਦੀ ਕੋਈ ਸਮੱਸਿਆ ਨਹੀਂ ਹੈ। ਇਸ ਦੇ ਨਾਲ ਹੀ ਲੁਫਥਾਂਸਾ ਏਅਰਲਾਈਨਜ਼ ਦੇ 'ਸਰਪ੍ਰਾਈਜ਼' ਪ੍ਰੋਗਰਾਮ 'ਚ ਯਾਤਰੀ ਥੀਮ ਦੇ ਆਧਾਰ 'ਤੇ ਟਿਕਟਾਂ ਬੁੱਕ ਕਰਦੇ ਹਨ। ਜਿਵੇਂ 'ਨੇਚਰ', 'ਸਨ ਐਂਡ ਸੈਂਡ' ਅਤੇ 'ਰੋਮਾਂਸ' ਆਦਿ। 'ਨੇਚਰ' ਥੀਮ ਵਿੱਚ ਓਸਲੋ, ਜਿਨੀਵਾ, ਸਟਾਕਹੋਮ ਸ਼ਾਮਲ ਹਨ, ਜਦੋਂ ਕਿ 'ਰੋਮਾਂਸ' ਥੀਮ ਵਿੱਚ ਪੈਰਿਸ, ਰੋਮ, ਵੇਨਿਸ ਸ਼ਾਮਲ ਹਨ। ਯਾਤਰਾ ਯੋਜਨਾਕਾਰਾਂ ਅਨੁਸਾਰ ਲੋਕ ਇਸ ਹੈਰਾਨ ਕਰਨ ਵਾਲੇ ਅਨੁਭਵ ਵਿੱਚ ਸ਼ਾਮਲ ਹੋਣ ਲਈ ਉਤਸੁਕ ਹਨ, ਭਾਵੇਂ ਯੋਜਨਾ ਉਨ੍ਹਾਂ ਅਨੁਸਾਰ ਨਹੀਂ ਚੱਲਦੀ ਹੈ। ਮੰਜ਼ਿਲ ਦੇਸ਼ ਅਤੇ ਟਿਕਟ ਦੀ ਕੀਮਤ ਏਅਰਲਾਈਨ ਅਤੇ ਏ ਪ੍ਰੋਗਰਾਮ 'ਤੇ ਨਿਰਭਰ ਕਰਦੀ ਹੈ। SAS ਉਡਾਣਾਂ 'ਤੇ ਟਿਕਟਾਂ ਯੂਰੋਬੋਨਸ ਪੁਆਇੰਟਾਂ ਨਾਲ ਬੁੱਕ ਕੀਤੀਆਂ ਜਾਂਦੀਆਂ ਹਨ। ਘੱਟ ਪੁਆਇੰਟਾਂ ਵਾਲੇ ਵਾਧੂ ਪੁਆਇੰਟ ਖਰੀਦ ਸਕਦੇ ਹਨ। 

ਇਹ ਰਵਾਇਤੀ ਯਾਤਰਾ ਤੋਂ ਵੱਖਰਾ

ਯਾਤਰਾ ਮਾਹਿਰ ਜੈਫਰੀ ਫੀਫਰ ਦਾ ਕਹਿਣਾ ਹੈ, 'ਮਿਸਟਰੀ ਫਲਾਈਟ' ਉਨ੍ਹਾਂ ਲੋਕਾਂ ਲਈ ਬਿਹਤਰ ਵਿਕਲਪ ਹੈ ਜੋ ਯਾਤਰਾ 'ਚ ਰੋਮਾਂਚ ਅਤੇ ਅਨਿਸ਼ਚਿਤਤਾ ਨੂੰ ਪਸੰਦ ਕਰਦੇ ਹਨ। ਟਿਕਟ ਬੁੱਕ ਕਰਨ ਤੋਂ ਬਾਅਦ ਮੰਜ਼ਿਲ ਦਾ ਪਤਾ ਨਾ ਹੋਣਾ ਯਾਤਰੀਆਂ ਨੂੰ ਨਵਾਂ ਅਨੁਭਵ ਦਿੰਦਾ ਹੈ। ਇਹ ਰਵਾਇਤੀ ਯਾਤਰਾ ਤੋਂ ਵੱਖਰਾ ਹੈ। ਏਅਰਲਾਈਨਜ਼ ਬ੍ਰਾਂਡ ਪ੍ਰਚਾਰ ਅਤੇ ਵਫਾਦਾਰੀ ਪ੍ਰੋਗਰਾਮਾਂ ਲਈ ਵੀ ਇਸਦੀ ਵਰਤੋਂ ਕਰ ਰਹੀਆਂ ਹਨ। ਸੀਮਤ ਟਿਕਟਾਂ ਅਤੇ ਵਿਲੱਖਣ ਅਨੁਭਵਾਂ ਕਾਰਨ ਇਹ ਰੁਝਾਨ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਹਾਲਾਂਕਿ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਜਿਹੜੇ ਦੇਸ਼ਾਂ ਵਿਚ ਫਲਾਈਟ ਜਾ ਸਕਦੀ ਹੈ ਉਨ੍ਹਾਂ ਲਈ ਵੀਜ਼ਾ ਪਹਿਲਾਂ ਤੋਂ ਲਿਆ ਜਾਵੇ। ਹਰ ਏਅਰਲਾਈਨ ਦੀਆਂ ਆਪਣੀਆਂ ਸ਼ਰਤਾਂ ਹੁੰਦੀਆਂ ਹਨ, ਇਸ ਲਈ ਉਡਾਣ ਭਰਨ ਤੋਂ ਪਹਿਲਾਂ ਉਨ੍ਹਾਂ ਦੇ ਨਿਯਮਾਂ ਨੂੰ ਪੜ੍ਹਨਾ ਜ਼ਰੂਰੀ ਹੈ। ਯਾਤਰਾ ਬੀਮਾ ਵੀ ਲੈਣਾ ਹੋਵੇਗਾ ਕਿਉਂਕਿ ਮੰਜ਼ਿਲ ਦਾ ਪਤਾ ਨਹੀਂ ਹੁੰਦਾ। 

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News