ਕੈਨੇਡਾ ''ਚ ਸਖ਼ਤੀ ਤੋਂ ਬਾਅਦ ਡੌਂਕੀ ਬਾਜ਼ਾਰ ਮੁੜ ਸਰਗਰਮ, 50 ਲੱਖ ''ਚ ਭੇਜ ਰਹੇ ਅਮਰੀਕਾ

Thursday, Sep 26, 2024 - 11:20 AM (IST)

ਇੰਟਰਨੈਸ਼ਨਲ ਡੈਸਕ-  ਕੈਨੇਡਾ 'ਚ ਵੀਜ਼ਾ ਸਬੰਧੀ ਸਖ਼ਤੀ ਤੋਂ ਬਾਅਦ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਕਰਨ ਵਾਲੇ ਫਿਰ ਤੋਂ ਸਰਗਰਮ ਹੋ ਗਏ ਹਨ। ਇਹ ਧੰਦਾ ਕਰਨ ਵਾਲੇ 50-50 ਲੱਖ ਰੁਪਏ ਲੈ ਕੇ ਨੌਜਵਾਨਾਂ ਨੂੰ ਡੌਂਕੀ ਵੀਜ਼ੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਵਿਚ ਮਦਦ ਕਰ ਰਹੇ ਹਨ। ਪੰਜਾਬ 'ਚ ਖਾਸ ਕਰਕੇ ਜਲੰਧਰ 'ਚ ਬਾਜ਼ਾਰ 'ਚ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਨਾਜਾਇਜ਼ ਮਨੁੱਖੀ ਤਸਕਰੀ ਤੇਜ਼ ਕਰ ਦਿੱਤੀ ਗਈ ਹੈ। 

ਇੱਥੇ ਦੱਸ ਦਈਏ ਕਿ ਟ੍ਰੈਵਲ ਏਜੰਟ ਭਾਰਤੀਆਂ ਨੂੰ ਦਿੱਲੀ ਤੋਂ ਸਰਬੀਆ ਲਈ ਸਿੱਧੀ ਉਡਾਣ ਭਰਨ ਅਤੇ ਬੇਲਗ੍ਰੇਡ ਵਿੱਚ ਉਤਰਨ ਦਾ ਪ੍ਰਬੰਧ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹੰਗਰੀ ਅਤੇ ਹੰਗਰੀ ਤੋਂ ਆਸਟਰੀਆ ਲਿਜਾਂਦੇ ਸਨ। ਆਸਟਰੀਆ ਦੀ ਸਰਹੱਦ ਇਟਲੀ, ਸਵਿਟਜ਼ਰਲੈਂਡ ਅਤੇ ਜਰਮਨੀ ਨਾਲ ਲੱਗਦੀ ਹੈ। ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚਦੇ ਸਨ ਅਤੇ ਇਸ ਯਾਤਰਾ ਨੂੰ ਡੌਂਕੀ ਰੂਟ ਕਿਹਾ ਜਾਂਦਾ ਹੈ। ਇੱਥੋਂ ਮੈਕਸੀਕਨ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਇਆ ਜਾਂਦਾ ਹੈ।

ਸਰਬੀਆ ਤੋਂ ਡੌਂਕੀ ਦਾ ਦੂਜਾ ਰਸਤਾ, ਕਈ ਦੇਸ਼ਾਂ ਦੇ ਬਾਅਦ ਅਮਰੀਕਾ

ਦੂਜਾ ਰਸਤਾ ਸਰਬੀਆ ਤੋਂ ਨਿਕਲਦਾ ਹੈ। ਗੈਰ-ਕਾਨੂੰਨੀ ਯਾਤਰਾ ਦੇ ਮੱਦੇਨਜ਼ਰ ਸਰਬੀਆ ਨੇ 1 ਜਨਵਰੀ, 2023 ਤੋਂ ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਸਾਲ ਦਸੰਬਰ ਤੱਕ ਭਾਰਤੀ ਬਿਨਾਂ ਵੀਜ਼ੇ ਦੇ ਸਰਬੀਆ ਜਾ ਸਕਦੇ ਸਨ ਅਤੇ ਉੱਥੇ 30 ਦਿਨ ਰਹਿ ਸਕਦੇ ਸਨ। ਭਾਰਤੀ ਸਰਬੀਆ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਯੂਰਪੀ ਦੇਸ਼ਾਂ ਵਿੱਚ ਜਾਂਦੇ ਸਨ। ਡੌਂਕੀ ਰੂਟ ਜ਼ਰੀਏ ਭਾਰਤ ਤੋਂ ਅਮਰੀਕਾ ਪਹੰਚਾਉਣ ਦਾ ਸਾਰਾ ਕੰਮ ਗੈਰ ਕਾਨੂੰਨੀ ਹੁੰਦਾ ਹੈ। ਇਸ ਢੰਗ ਨਾਲ ਅਮਰੀਕਾ ਪਹੁੰਚਣ ਵਿਚ ਦਿਨ ਨਹੀਂ ਸਗੋਂ ਕਈ ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਹਨ। ਅਜਿਹੇ ਢੰਗ ਨਾਲ ਅਮਰੀਕਾ ਪਹੁੰਚਾਉਣ ਵਿਚ ਮਦਦ ਕਰਨ ਵਾਲੇ ਤਸਕਰ ਵੀ ਮੋਟੀ ਰਾਸ਼ੀ ਲੈਂਦੇ ਹਨ। ਇਸ ਵਿਚ ਇਕ ਤਰ੍ਹਾਂ ਨਾਲ ਪੂਰਾ ਕਾਰਟਲ ਜਾਂ ਨੈਟਵਰਕ ਕੰਮ ਕਰਦਾ ਹੈ।

ਇਸ ਵਿੱਚ ਭਾਰਤ ਤੋਂ ਲੋਕ ਸਿੱਧੇ ਅਮਰੀਕਾ ਨਹੀਂ ਪਹੁੰਚਦੇ। ਸਗੋਂ ਕਈ ਦੇਸ਼ਾਂ ਰਾਹੀਂ ਪਹੁੰਚਦੇ ਹਨ। ਪਹਿਲਾਂ ਇਸਨੂੰ ਮੱਧ ਪੂਰਬ ਜਾਂ ਯੂਰਪ ਦੇ ਕਿਸੇ ਦੇਸ਼ ਵਿੱਚ ਲਿਜਾਇਆ ਜਾਂਦਾ ਹੈ। ਫਿਰ ਇੱਥੋਂ ਅਗਲਾ ਸਟਾਪ ਅਫਰੀਕਾ ਜਾਂ ਦੱਖਣੀ ਅਮਰੀਕਾ ਹੁੰਦਾ ਹੈ। ਉਸ ਤੋਂ ਬਾਅਦ ਇੱਥੋਂ ਦੱਖਣੀ ਮੈਕਸੀਕੋ। ਫਿਰ ਦੱਖਣੀ ਮੈਕਸੀਕੋ ਤੋਂ ਉੱਤਰੀ ਮੈਕਸੀਕੋ. ਅਤੇ ਅੰਤ ਵਿੱਚ ਮੈਕਸੀਕੋ ਬਾਰਡਰ ਤੋਂ ਅਮਰੀਕਾ ਤੱਕ. ਇਸ ਦੀ ਕੁੱਲ ਲਾਗਤ 50 ਲੱਖ ਰੁਪਏ ਹੈ। ਇੱਕ ਅੰਕੜੇ ਮੁਤਾਬਕ 2023 ਤੋਂ ਜੁਲਾਈ 2024 ਤੱਕ 17 ਹਜ਼ਾਰ 774 ਭਾਰਤੀ ਅਮਰੀਕੀ ਸਰਹੱਦ ਪਾਰ ਕਰਦੇ ਹੋਏ ਫੜੇ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੇ ਬਿਆਨ ਨੇ ਵਧਾਈ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ

ਬਾਲੀ ਵਿੱਚ ਘਰ ਵਿੱਚ ਕੀਤਾ ਗਿਆ ਕੈਦ , ਕੁੱਟਿਆ ਗਿਆ, ਬੁਲਵਾਇਆ ਗਿਆ ਝੂਠ... 

35 ਸਾਲਾ ਇਕ ਪੰਜਾਬੀ ਨੇ ਵੀ ਅਮਰੀਕਾ ਜਾ ਕੇ ਚੰਗੀ ਜ਼ਿੰਦਗੀ ਜਿਊਣ ਦਾ ਸੁਪਨਾ ਦੇਖਿਆ ਸੀ, ਪਰ ਹੁਣ ਜੇ ਕੋਈ ਅਮਰੀਕਾ ਦਾ ਨਾਂ ਵੀ ਲਵੇ ਤਾਂ ਉਹ ਕੰਬ ਉੱਠਦਾ ਹੈ। ਤਰਨਤਾਰਨ ਦੇ ਰਹਿਣ ਵਾਲੇ ਨੌਜਵਾਨ ਦੇ ਰਿਸ਼ਤੇਦਾਰ ਨੇ ਬਾਲੀ ਦੇ ਰਹਿਣ ਵਾਲੇ ਸੰਨੀ ਕੁਮਾਰ ਨਾਲ ਸੰਪਰਕ ਕੀਤਾ। ਨੌਜਵਾਨ ਅਨੁਸਾਰ ਉਸ ਨੂੰ ਮੈਕਸੀਕੋ ਰਸਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿਵਾਇਆ ਗਿਆ। ਬਾਲੀ ਪਹੁੰਚਣ 'ਤੇ ਸਨੀ ਕੁਮਾਰ ਉਸ ਨੂੰ ਇਕ ਘਰ ਵਿਚ ਲੈ ਗਿਆ ਅਤੇ 23 ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ। ਇੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਪਰਿਵਾਰ ਨਾਲ ਝੂਠ ਬੁਲਵਾਇਆ ਗਿਆ ਕਿ ਉਹ ਅਮਰੀਕਾ ਪਹੁੰਚ ਗਿਆ ਹੈ ਅਤੇ ਸੰਨੀ ਨੂੰ 45 ਲੱਖ ਰੁਪਏ ਦਿੱਤੇ ਜਾਣ। 45 ਲੱਖ ਰੁਪਏ ਗੁਆਉਣ ਤੋਂ ਬਾਅਦ ਉਸ ਦਾ ਅਮਰੀਕਾ ਦਾ ਸੁਪਨਾ ਚਕਨਾਚੂਰ ਹੋ ਗਿਆ ਪਰ ਉਹ ਕਾਫੀ ਮਿਹਨਤ ਤੋਂ ਬਾਅਦ ਹੀ ਘਰ ਪਹੁੰਚ ਸਕਿਆ। ਇਹ ਸਾਰੀ ਖੇਡ ਜਲੰਧਰ ਦੇ ਏਜੰਟਾਂ ਨੇ ਖੇਡੀ ਸੀ।

ਪੰਜਾਬ ਅਤੇ ਹਰਿਆਣਾ ਵਿੱਚ ਏਜੰਟਾਂ ਦਾ ਫੈਲਿਆ ਨੈਟਵਰਕ  

ਜਲੰਧਰ ਵਿੱਚ ਬੱਸ ਸਟੈਂਡ  ਸਾਹਮਣੇ ਇੱਕ ਲੰਮੇ ਕੱਦ ਵਾਲਾ ਕਪੂਰਥਲਾ ਦੇ ਬੇਗੋਵਾਲ ਇਲਾਕੇ ਦਾ ਰਹਿਣ ਵਾਲਾ ਕਿੰਗਪਿਨ ਹੈ। ਜਿਸ ਨੇ ਆਪਣੇ ਸਾਰੇ ਏਜੰਟਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਛੱਡਿਆ ਹੋਇਆ ਹੈ। ਇਹ ਸਾਰਾ ਕਾਰੋਬਾਰ ਜਲੰਧਰ ਤੋਂ ਚੱਲਣਾ ਸ਼ੁਰੂ ਹੋ ਗਿਆ ਹੈ ਅਤੇ ਹਰ ਨੌਜਵਾਨ ਤੋਂ 50-50 ਲੱਖ ਰੁਪਏ ਲਏ ਜਾ ਰਹੇ ਹਨ। ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਪੁਲਸ ਅਧਿਕਾਰੀ ਇਸ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਧੰਦੇ ਵੱਲ ਅੱਖਾਂ ਮੀਟੀ ਬੈਠੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News