ਅਫਗਾਨ ਸਰਕਾਰ ਦੀ ਤਾਲਿਬਾਨ ਨੂੰ ਸਲਾਹ, ਸਵੀਕਾਰ ਕਰੇ ਅਮਰੀਕਾ ਦੀ ਜੰਗਬੰਦੀ ਪੇਸ਼ਕਸ਼

Sunday, Dec 01, 2019 - 05:48 PM (IST)

ਅਫਗਾਨ ਸਰਕਾਰ ਦੀ ਤਾਲਿਬਾਨ ਨੂੰ ਸਲਾਹ, ਸਵੀਕਾਰ ਕਰੇ ਅਮਰੀਕਾ ਦੀ ਜੰਗਬੰਦੀ ਪੇਸ਼ਕਸ਼

ਕਾਬੁਲ (ਬਿਊਰੋ): ਅਫਗਾਨਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਅਮਰੀਕਾ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਅਫਗਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਸ ਨਾਲ ਅਫਗਾਨਿਸਤਾਨ ਸਰਕਾਰ ਦੇ ਨਾਲ ਉਸ ਦੀ ਗੱਲਬਾਤ ਦਾ ਰਸਤਾ ਖੁੱਲ੍ਹੇਗਾ। ਅਫਗਾਨ ਸਰਕਾਰ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਿਛਲੇ ਵੀਰਵਾਰ ਨੂੰ ਅਫਗਾਨਿਸਤਾਨ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਦੀ ਵਕਾਲਤ ਕੀਤੀ ਸੀ। 

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਸਾਦਿਕ ਸਿੱਦੀਕੀ ਨੇ ਐਤਵਾਰ ਨੂੰ ਕਿਹਾ,''ਸਾਨੂੰ ਪੂਰੀ ਆਸ ਹੈ ਕਿ ਤਾਲਿਬਾਨ ਅਮਰੀਕਾ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਜਲਦੀ ਸਵੀਕਾਰ ਕਰ ਲਵੇਗਾ। ਜੇਕਰ ਤਾਲਿਬਾਨ ਅਸਲ ਵਿਚ ਜੰਗਬੰਦੀ ਦੇ ਪ੍ਰਤੀ ਵਚਨਬੱਧ ਹੈ ਤਾਂ ਮੇਰੀ ਰਾਏ ਵਿਚ ਇਹ ਉਸ ਦੇ ਲਈ ਸਭ ਤੋਂ ਬਿਹਤਰ ਮੌਕਾ ਹੈ।'' ਵੀਰਵਾਰ ਨੂੰ ਅਫਗਾਨਿਸਤਾਨ ਦੀ ਆਪਣੀ ਪਹਿਲੀ ਯਾਤਰਾ ਵਿਚ ਟਰੰਪ ਨੇ ਕਿਹਾ ਸੀ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਣ ਵਾਲੇ ਸਮਝੌਤੇ ਵਿਚ ਤਾਲਿਬਾਨ ਵੱਲੋਂ ਜੰਗਬੰਦੀ ਸਭ ਤੋਂ ਪ੍ਰਮੁੱਖ ਸ਼ਰਤ ਹੈ। ਮੈਨੂੰ ਲੱਗਦਾ ਹੈ ਕਿ ਤਾਲਿਬਾਨ ਇਸ ਲਈ ਸਹਿਮਤ ਹੋ ਜਾਵੇਗਾ। ਤਾਲਿਬਾਨ ਸਮਝੌਤਾ ਕਰਨ ਦਾ ਚਾਹਵਾਨ ਹੈ ਅਤੇ ਅਸੀਂ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਹਾਂ। ਜਦੋਂ ਅਸੀਂ ਜੰਗਬੰਦੀ ਚਾਹੁੰਦੇ ਸੀ ਉਦੋਂ ਤਾਲਿਬਾਨੀ ਅਜਿਹਾ ਨਹੀਂ ਚਾਹੁੰਦੇ ਸੀ ਪਰ ਹੁਣ ਵੀ ਜੰਗਬੰਦੀ ਚਾਹੁੰਦੇ ਹਨ।''

ਉੱਧਰ ਤਾਲਿਬਾਨ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਤਾਲਿਬਾਨ ਦੇ ਸਾਬਕਾ ਮੈਂਬਰ ਮਾਵੋਲਾਨਾ ਜਲਾਲੁਦੀਨ ਸ਼ਿਨਵਾਰੀ ਨੇ ਕਿਹਾ ਹੈ ਕਿ ਤਾਲਿਬਾਨ ਉਦੋਂ ਤੱਕ ਜੰਗਬੰਦੀ ਸਮਝੌਤੇ 'ਤੇ ਸਹਿਮਤ ਨਹੀਂ ਹੋਵੇਗਾ ਜਦੋਂ ਤੱਕ ਉਹ ਅਮਰੀਕਾ ਦੇ ਨਾਲ ਸਾਂਤੀ ਸਮਝੌਤੇ 'ਤੇ ਦਸਤਖਤ ਨਹੀਂ ਕਰਦਾ। ਪਹਿਲਾਂ ਸਮਝੌਤੇ 'ਤੇ ਦਸਤਖਤ ਹੋਣਗੇ ਫਿਰ ਜੰਗਬੰਦੀ ਦਾ ਐਲਾਨ ਕੀਤਾ ਜਾਵੇਗਾ। ਸਮਝੌਤੇ 'ਤੇ ਦਸਤਖਤ ਦੇ ਜ਼ਰੀਏ ਤਾਲਿਬਾਨ ਅਮਰੀਕਾ ਤੋਂ ਵਿਸ਼ਵਾਸ ਬਹਾਲੀ ਦੀ ਗਾਰੰਟੀ ਚਾਹੁੰਦਾ ਹੈ।


author

Vandana

Content Editor

Related News