ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ

Thursday, Aug 01, 2024 - 01:32 PM (IST)

ਮੈਲਬੌਰਨ/ਬ੍ਰਿਸਬੇਨ (ਮਨਦੀਪ ਸਿੰਘ ਸੈਣੀ, ਸੁਰਿੰਦਰ ਪਾਲ ਸਿੰਘ ਖੁਰਦ)-- ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ।

PunjabKesari

ਉਪਲਬਧ ਸੀਟਾਂ ‘ਚ ਮਹੱਤਵਪੂਰਨ ਵਾਧਾ

ਇਸ ਵਾਧੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀਆਂ ਹੁਣ ਰੋਜ਼ਾਨਾਂ ਉਡਾਣਾਂ ਦੇ ਨਾਲ-ਨਾਲ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬੈਟਿਕ ਏਅਰ ਦੀਆਂ ਤਿੰਨ ਉਡਾਣਾਂ ਨਾਲ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਵਿਚਕਾਰ ਉਪਲਬਧ ਸੀਟਾਂ ‘ਚ ਮਹੱਤਵਪੂਰਨ ਵਾਧਾ ਹੋਇਆ ਹੈ। ਪੰਜਾਬ ਦੇ ਯਾਤਰੀਆਂ ਤੋਂ ਇਲਾਵਾ, ਇਨ੍ਹਾਂ 28 ਹਫ਼ਤਾਵਾਰੀ ਉਡਾਣਾਂ ਤੋਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਜੰਮੂ ਅਤੇ ਹਰਿਆਣਾ ਦੇ ਯਾਤਰੀ ਵੀ ਲਾਭ ਲੈ ਰਹੇ ਹਨ। 

PunjabKesari

ਗੁਮਟਾਲਾ ਨੇ ਕਿਹਾ,"ਅਸੀਂ ਅੰਮ੍ਰਿਤਸਰ, ਪੰਜਾਬ ਅਤੇ ਦੱਖਣ-ਪੂਰਬੀ ਏਸ਼ੀਆ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਵਧ ਰਹੇ ਹਵਾਈ ਸੰਪਰਕ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਉਡਾਣਾਂ ਵਿੱਚ ਵਾਧੇ ਨਾਲ ਸਾਡੇ ਭਾਈਚਾਰੇ ਲਈ ਦਿੱਲੀ ਦੀ ਬਜਾਏ ਸਿੱਧਾ ਪੰਜਾਬ ਪਹੁੰਚਣਾਂ ਹੁਣ ਹੋਰ ਸੁਖਾਲਾ ਹੋ ਗਿਆ ਹੈ। ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ ਅਤੇ ਪਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ‘ਚ ਵੱਸਦੇ ਪੰਜਾਬੀ ਕੁਆਲਾਲੰਪੁਰ ਵਿਖੇ ਦੋ ਤੋਂ ਤਿੰਨ ਘੰਟੇ ਰੁੱਕ ਕੇ ਵੀ ਸਿਰਫ 15 ਤੋਂ 18 ਘੰਟਿਆਂ ‘ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ। ਇਸ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਹਫ਼ਤੇ ‘ਚ ਪੰਜ ਉਡਾਣਾਂ ਨਾਲ ਜੋੜਦੀ ਹੈ। ਇਨ੍ਹਾਂ ਸਾਰੀਆਂ ਏਅਰਲਾਈਨਾਂ ਰਾਹੀਂ ਵੱਡੀ ਗਿਣਤੀ ‘ਚ ਸੈਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ ‘ਚ ਬਾਲੀ, ਬੈਂਕਾਕ, ਫੂਕੇਟ, ਵੀਅਤਨਾਮ ਆਦਿ ਵੀ ਆ ਜਾ ਸਕਦੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ ਚੰਗੀ ਖ਼ਬਰ, ਵੀਜ਼ਾ ਸਬੰਧੀ ਆਸਟ੍ਰੇਲੀਆ ਸਰਕਾਰ ਨੇ ਕੀਤਾ ਵੱਡਾ ਐਲਾਨ

ਯੋਗੇਸ਼ ਕਾਮਰਾ ਨੇ ਉਡਾਣਾਂ ਦੇ ਵਾਧੇ ਦੀ ਮਹੱਤਤਾ ਬਾਰੇ ਪਾਇਆ ਚਾਨਣਾ 

ਯੋਗੇਸ਼ ਕਾਮਰਾ ਨੇ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਲਈ ਇਨ੍ਹਾਂ ਉਡਾਣਾਂ ਦੇ ਵਾਧੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮਲੇਸ਼ੀਆ ਏਅਰਲਾਈਨਜ਼ ਨੇ ਨਵੰਬਰ 2023 ਵਿੱਚ ਇਹ ਰੂਟ ਹਫ਼ਤੇ ਵਿੱਚ ਦੋ ਉਡਾਣਾਂ ਨਾਲ ਸ਼ੁਰੂ ਕੀਤਾ ਜਿਸ ਨੂੰ ਜ਼ੋਰਦਾਰ ਮੰਗ ਦੇ ਕਾਰਨ ਜਨਵਰੀ 2024 ਵਿੱਚ ਚਾਰ ਕਰ ਦਿੱਤਾ ਗਿਆ ਸੀ। ਇਸ ਉਪਰੰਤ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਏਅਰਲਾਈਨ ਦੇ ਰੀਜਨਲ ਮੈਨੇਜਰ ਅਮਿਤ ਮਹਿਤਾ ਅਤੇ ਹੋਰਨਾਂ ਨਾਲ ਇਨ੍ਹਾਂ ਉਡਾਣਾਂ ਸੰਬੰਧੀ ਗੱਲਬਾਤ ਨੂੰ ਜਾਰੀ ਰੱਖਿਆ ਸੀ। 

PunjabKesari

ਕਾਮਰਾ ਨੇ ਅੱਗੇ ਕਿਹਾ, “ਇਸ ਰੂਟ ਦੀ ਸਫਲਤਾ ਦਰਸਾਉਂਦੀ ਹੈ ਕਿ ਵਿਦੇਸ਼ ਵੱਸਦੇ ਪੰਜਾਬੀ, ਜੇਕਰ ਸਿੱਧੀਆਂ ਜਾਂ ਸੁਵਿਧਾਜਨਕ ਉਡਾਣਾਂ ਦਾ ਵਿਕਲਪ ਮਿਲਣ ‘ਤੇ ਦਿੱਲੀ ਦੀ ਬਜਾਏ ਹੁਣ ਅੰਮ੍ਰਿਤਸਰ ਨੂੰ ਤਰਜੀਹ ਦਿੰਦੇ ਹਨ। ਇਸ ਦਾ ਮੁੱਖ ਕਾਰਨ ਦਿੱਲੀ ਵਿਖੇ ਹੁੰਦੀ ਖੱਜਲ-ਖੁਆਰੀ ਜਿਵੇਂ ਕਿ ਇਮੀਗ੍ਰੇਸ਼ਨ ਪ੍ਰਕਿਰਿਆਵਾਂ, ਸਾਮਾਨ ਦੀ ਮੁੜ ਜਾਂਚ, ਅਤੇ ਦਿੱਲੀ ਤੇ ਪੰਜਾਬ ਆਉਣ ਲਈ 6 ਤੋਂ 12 ਘੰਟਿਆਂ ਤੱਕ ਦਾ ਵੱਧ ਸਮਾਂ ਹੈ।” 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News