ਯਾਦਗਾਰੀ ਹੋ ਨਿੱਬੜੀਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ (ਤਸਵੀਰਾਂ)
Tuesday, Apr 07, 2026 - 01:27 PM (IST)
ਮੈਲਬੌਰਨ (ਰਮਨਦੀਪ ਸਿੰਘ ਸੋਢੀ/ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਨੂੰ ਵਿਕਟੋਰੀਆ ਸੂਬੇ ਦੇ ਸੋਹਣੇ ਸ਼ਹਿਰ ਮੈਲਬੌਰਨ ਵਿੱਚ ਹੋਈਆਂ ਸਾਲਾਨਾ 38ਵੀਆਂ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ। ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੇ ਤਕਰੀਬਨ 9000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਪਾਰਕਵਿਲੇ ਦੇ ਖੇਡ ਮੈਦਾਨਾਂ ’ਚ ਕੱਬਡੀ,ਵਾਲੀਬਾਲ, ਫੁੱਟਬਾਲ, ਕ੍ਰਿਕਟ, ਟੈਨਿਸ, ਨੈੱਟਬਾਲ, ਬਾਸਕਟਬਾਲ, ਰੱਸਾ ਕਸ਼ੀ ਆਦਿ ਦੇ ਮੁਕਾਬਲੇ ਕਰਵਾਏ ਗਏ।


ਸਿੱਖ ਖੇਡਾਂ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਸਾਹਿਤ ਪ੍ਰੇਮੀਆਂ ਨੇ ਸਾਹਿਤ ਪ੍ਰਤੀ ਖਾਸ ਰੁਚੀ ਵਿਖਾਈ। ਖੇਡ ਮੇਲੇ ਦੇ ਆਖਰੀ ਦਿਨ ਪੰਜਾਬੀ ਗਾਇਕ ਸਰਬਜੀਤ ਚੀਮਾ ਨੇ ਆਪਣੇ ਗੀਤਾਂ ਦੀ ਪੇਸ਼ਕਾਰੀ ਨਾਲ ਸਮਾਂ ਬੰਨ ਦਿੱਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਕ ਸਭਾ ਵੱਲੋਂ ਬੱਚਿਆਂ ਨੂੰ ਫੱਟੀ ਲਿਖਣ ਅਤੇ ਦਸਤਾਰਾਂ ਸਜਾਉਣ ਦੀ ਵਿਸ਼ੇਸ਼ ਸੇਵਾ ਕੀਤੀ ਗਈ। ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ , ਵਿਰਾਸਤੀ ਸਕੂਲ,ਪੁਰਾਤਨ ਸਿੱਕਿਆਂ ਦੀ ਪ੍ਰਦਰਸ਼ਨੀ, ਸਿੱਖ ਰਾਜ ਯੁੱਗ ਦੀ ਪ੍ਰਦਰਸ਼ਨੀ , ਪੇਡੂ ਸੱਭਿਆਚਾਰ ਨੂੰ ਦਰਸਾਉਂਦੀ ਵਸਤਾਂ ਦੀ ਨੁਮਾਇਸ਼ ਸਮੇਤ ਕਈ ਵੰਨਗੀਆਂ ਦਰਸ਼ਕਾਂ ਦੀ ਖਿੱਚ ਕੇਂਦਰ ਰਹੀਆਂ। ਪੰਜਾਬੀ ਲੋਕ ਨਾਚ ਗਿੱਧਾ-ਭੰਗੜਾ, ਅਤੇ ਹੋਰ ਸੱਭਿਆਚਾਰਕ ਰੰਗਾਂ ਨੇ ਦਰਸ਼ਕਾਂ ਪ੍ਰਤੀ ਉਤਸੁਕਤਾ ਜਗਾਈ ਰੱਖੀ। ਰੰਗ ਬਰੰਗੀਆਂ ਦਸਤਾਰਾਂ ਅਤੇ ਦੁਪੱਟਿਆਂ ਵਿੱਚ ਸਜੇ ਬੱਚੇ- ਬੱਚੀਆਂ,ਨੌਜਵਾਨ ਅਤੇ ਮੁਟਿਆਰਾਂ ਦੇ ਪਹਿਰਾਵਿਆਂ ਨੇ ਪੰਜਾਬ ਵਰਗਾ ਮਾਹੌਲ ਸਿਰਜ ਦਿੱਤਾ।


ਤਿੰਨ ਦਿਨਾ ਚੱਲੇ ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਅਤੇ ਵੱਖ- ਵੱਖ ਦੇਸ਼ਾਂ ਤੋਂ ਕਰੀਬ ਇਕ ਲੱਖ ਤੋਂ ਵੀ ਜਿਆਦਾ ਦਰਸ਼ਕਾਂ ਨੇ ਹਾਜ਼ਰੀ ਭਰ ਕੇ ਖੇਡਾਂ ਦਾ ਆਨੰਦ ਮਾਣਿਆ। ਭਾਵੇਂ ਕਿ ਖੇਡਾਂ ਦੌਰਾਨ ਸੁਚੱਜੇ ਪ੍ਰਬੰਧਾਂ ਦੀ ਘਾਟ ਰਹੀ ਪਰ ਫਿਰ ਵੀ ਖੇਡ ਪ੍ਰੇਮੀਆਂ ਦਾ ਉਤਸ਼ਾਹ ਵੇਖਣ ਵਾਲਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕਪੂਰਥਲਾ ਦੀ ਸੁਖਮਨ ਕੌਰ ਨੇ ਵਧਾਇਆ ਮਾਣ, ਇਟਲੀ ਪੁਲਿਸ 'ਚ ਹੋਈ ਭਰਤੀ

ਇਹਨਾਂ ਖੇਡਾਂ ਵਿੱਚ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸੂਬਾ ਅਤੇ ਸੰਘੀ ਸਰਕਾਰ ਦੇ ਸੰਸਦ ਮੈਂਬਰਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਆਸਟ੍ਰੇਲੀਆਈ ਸਿੱਖ ਸੰਸਥਾ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਦੇ ਨੁੰਮਾਇੰਦਿਆਂ ਨੇ ਇਹਨਾਂ ਖੇਡਾਂ ਦੀ ਵਿਸ਼ੇਸ਼ ਕਵਰੇਜ਼ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। 2027 ਦੀਆਂ ਸਿੱਖ ਖੇਡਾਂ ਪਰਥ ਵਿੱਚ ਕਰਵਾਉਣ ਦੇ ਫੈਸਲੇ ਨਾਲ ਇਹ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
