33 ਲੱਖ ਪ੍ਰਵਾਸੀਆਂ ਨੂੰ ਮਿਲੀ ਅਮਰੀਕਾ ਦੀ 'ਸਿਟੀਜ਼ਨਸ਼ਿਪ'

Tuesday, Aug 13, 2024 - 06:17 PM (IST)

ਵਾਸ਼ਿੰਗਟਨ: ਹੁਣ ਤੱਕ 33 ਲੱਖ ਪ੍ਰਵਾਸੀ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਹਨ ਅਤੇ 9 ਲੱਖ ਗ੍ਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਅਜਿਹਾ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਵੋਟਾਂ ਦੌਰਾਨ ਫ਼ਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ ਵਾਲੇ ਮਹੀਨਿਆਂ ਵਿਚ ਨਾਗਰਿਕਤਾ ਦਿਤੀ ਜਾਵੇਗੀ। ਗ੍ਰੀਨ ਕਾਰਡ ਧਾਰਕਾਂ ਅਤੇ ਨਾਗਰਿਕਾਂ ਦੇ ਹੱਕ ਤਕਰੀਬਨ ਬਰਾਬਰ ਹੁੰਦੇ ਹਨ ਪਰ ਵੋਟ ਪਾਉਣ ਦਾ ਹੱਕ ਸਿਰਫ ਨਾਗਰਿਕਾਂ ਕੋਲ ਹੀ ਹੁੰਦਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਔਸਤ ਆਧਾਰ ’ਤੇ ਤਕਰੀਬਨ 5 ਮਹੀਨੇ ਵਿਚ ਨਾਗਰਿਕਤਾ ਨਾਲ ਸਬੰਧਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਦਕਿ 2021 ਵਿਚ ਇਹ ਸਮਾਂ 11 ਮਹੀਨੇ ਤੋਂ ਉਪਰ ਚੱਲ ਰਿਹਾ ਸੀ। 

9 ਲੱਖ ਗ੍ਰੀਨ ਕਾਰਡ ਹੋਲਡਰ ਜਲਦ ਬਣਨਗੇ ਯੂ.ਐਸ. ਸਿਟੀਜ਼ਨ 

ਜੋਅ ਬਾਈਡੇਨ ਨੇ ਸੱਤਾ ਸੰਭਾਲਣ ਮਗਰੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਕਈ ਵੱਡੇ ਫ਼ੈਸਲੇ ਲਏ, ਜਿਨ੍ਹਾਂ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਰਜ਼ੀਆਂ ਦੇ ਨਿਪਟਾਰੇ ਲਈ ਵਰਤੀ ਜਾਂਦੀ ਤਕਨੀਕ ਸੁਧਾਰੀ ਗਈ ਅਤੇ ਅਰਜ਼ੀ ਦੇ ਸਫਿਆਂ ਦੀ ਗਿਣਤੀ 20 ਤੋਂ ਘਟਾ ਕੇ 14 ਕਰ ਦਿੱਤੀ ਗਈ। ਭਾਵੇਂ ਸਿਟੀਜ਼ਨਸ਼ਿਪ ਫੀਸ 640 ਡਾਲਰ ਤੋਂ ਵਧਾ ਕੇ 710 ਡਾਲਰ ਕਰ ਦਿਤੀ ਗਈ ਪਰ ਘੱਟ ਆਮਦਨ ਵਾਲਿਆਂ ਨੂੰ ਰਿਆਇਤ ਦਾ ਐਲਾਨ ਵੀ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਗੈਰਜ਼ਰੂਰੀ ਬੰਦਿਸ਼ਾਂ ਲਾਗੂ ਹੋਣ ਕਾਰਨ ਪ੍ਰਵਾਸੀਆਂ ਦੀਆਂ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਨਿਪਟਾਰਾ ਹੋਣ ਵਿਚ ਲੰਮਾ ਸਮਾਂ ਲੱਗ ਰਿਹਾ ਸੀ। ਇਨ੍ਹਾਂ ਬੰਦਿਸ਼ਾਂ ਕਰ ਕੇ ਹੀ ਤਕਰੀਬਨ ਤਿੰਨ ਲੱਖ ਪ੍ਰਵਾਸੀ 2020 ਦੀਆਂ ਚੋਣਾਂ ਤੋਂ ਪਹਿਲਾਂ ਸਿਟੀਜ਼ਨਸ਼ਿਪ ਹਾਸਲ ਨਾ ਕਰ ਸਕੇ ਅਤੇ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਅਮਰੀਕਾ ਵਿਚ ਵੋਟਰਾਂ ਦੇ ਰੁਝਾਨ ਬਾਰੇ ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਲੈਟਿਨ ਅਮੈਰਿਕਾ, ਏਸ਼ੀਅਨਜ਼ ਅਤੇ ਅਫਰੀਕੀ ਮੂਲ ਦੇ ਜ਼ਿਆਦਾਤਰ ਲੋਕਾਂ ਦਾ ਝੁਕਾਅ ਡੈਮੋਕ੍ਰੈਟਿਕ ਪਾਰਟੀ ਵੱਲ ਹੁੰਦਾ ਹੈ ਜਿਸ ਦੇ ਮੱਦੇਨਜ਼ਰ ਆਉਂਦੀਆਂ ਚੋਣਾਂ ਵਿਚ ਕਮਲਾ ਹੈਰਿਸ ਨੂੰ ਵੱਡਾ ਫ਼ਾਇਦਾ ਹੋ ਸਕਦਾ ਹੈ।

PunjabKesari

‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਕੈਲੇਫੋਰਨੀਆ, ਨਿਊ ਯਾਰਕ, ਟੈਕਸਸ ਅਤੇ ਫਲੋਰੀਡਾ ਵਿਚ ਵਸਦੇ ਪ੍ਰਵਾਸੀ, ਯੂ.ਐਸ. ਸਿਟੀਜ਼ਨਸ਼ਿਪ ਹਾਸਲ ਕਰਨ ਵਿਚ ਸਭ ਤੋਂ ਅੱਗੇ ਰਹੇ ਜਦਕਿ ਮੁਲਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਕਸੀਕੋ, ਭਾਰਤ ਅਤੇ ਫਿਲੀਪੀਨਜ਼ ਦੇ ਨਾਗਰਿਕਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ। ਦੂਜੇ ਪਾਸੇ ਜਾਰਜੀਆ, ਐਰੀਜ਼ੋਨਾ, ਨੇਵਾਡਾ ਅਤੇ ਪੈਨਸਿਲਵੇਨੀਆ ਵਰਗੇ ਰਾਜਾਂ ਵਿਚ ਵਸਦੇ ਪ੍ਰਵਾਸੀਆਂ ਨੂੰ ਤਰਜੀਹੀ ਆਧਾਰ ’ਤੇ ਸਿਟੀਜ਼ਨਸ਼ਿਪ ਦਿਤੀ ਗਈ ਜਿਥੇ ਅਕਸਰ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਾਵੀ ਰਹਿੰਦੇ ਹਨ। ਪਿਛਲੇ ਦਿਨੀਂ ਜਾਰਜੀਆ ਦੇ ਸਵਾਨਾਹ ਇਲਾਕੇ ਦੀ ਇਕ ਫੈਡਰਲ ਅਦਾਲਤ ਵਿਚ 19 ਵੱਖ-ਵੱਖ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਨੇ ਸਿਟੀਜ਼ਨਸ਼ਿਪ ਦੀ ਸਹੁੰ ਚੁੱਕੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਢਾਕਾ 'ਚ ਭਾਰਤੀ ਵੀਜ਼ਾ ਕੇਂਦਰ ਨੇ 'ਸੀਮਤ ਕਾਰਜ' ਮੁੜ ਕੀਤਾ ਸ਼ੁਰੂ 

ਅਮਰੀਕਾ ਦਾ ਨਾਗਰਿਕ ਬਣਨ ਲਈ ਲਾਜ਼ਮੀ ਹੈ ਕਿ ਘੱਟੋ ਘੱਟੋ ਪੰਜ ਸਾਲ ਪਹਿਲਾਂ ਗ੍ਰੀਨ ਕਾਰਡ ਮਿਲਿਆ ਹੋਵੇ। ਯੂ.ਐਸ. ਸਿਟੀਜ਼ਨ ਨਾਲ ਵਿਆਹ ਕਰਵਾਉਣ ਵਾਲੇ ਤਿੰਨ ਸਾਲ ਬਾਅਦ ਹੀ ਨਾਗਰਿਕਤਾ ਵਾਸਤੇ ਅਰਜ਼ੀ ਦਾਇਰ ਕਰ ਸਕਦੇ ਹਨ। ਇਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਨਵੇਂ ਬਣੇ ਨਾਗਰਿਕਾਂ ਵਿਚੋਂ 81.4 ਫ਼ੀਸਦੀ ਆਉਂਦੀਆਂ ਚੋਣਾਂ ਵਿਚ ਵੋਟ ਪਾਉਣ ਦੇ ਇੱਛੁਕ ਹਨ ਅਤੇ 14.5 ਫ਼ੀਸਦੀ ਨੇ ਕਿਹਾ ਕਿ ਉਹ ਵੋਟ ਪਾਉਣ ਬਾਰੇ ਸੋਚ ਰਹੇ ਹਨ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਇਮੀਗ੍ਰੇਸ਼ਨ ਪੌਲਿਸੀ ਸੈਂਟਰ ਵੱਲੋਂ ਕੀਤਾ ਸਰਵੇਖਣ ਦਰਸਾਉਂਦਾ ਹੈ ਕਿ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਨਵੇਂ ਨਾਗਰਿਕਾਂ ਨੂੰ ਮੁਲਕ ਦੀ ਸਿਆਸਤ ਵਿਚ ਜ਼ਿਆਦਾ ਦਿਲਚਸਪੀ ਹੈ। ਹਾਲ ਹੀ ਵਿਚ ਨਾਗਰਿਕਤਾ ਹਾਸਲ ਕਰਨ ਵਾਲੇ ਦੰਦਾਂ ਦੇ ਡਾਕਟਰ ਨਿਸ਼ੰਗ ਪਟੇਲ ਨੇ ਕਿਹਾ ਕਿ ਅਮਰੀਕਾ ਦਾ ਹਿੱਸਾ ਬਣਦਿਆਂ ਫਖਰ ਮਹਿਸੂਸ ਹੋ ਰਿਹਾ ਹੈ ਅਤੇ ਇਸ ਵਾਰ ਚੋਣਾਂ ਵਿਚ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News