ਪਾਕਿ ''ਚ 22 ਲੋਕ ਪਾਏ ਗਏ ਐੱਚ. ਆਈ. ਵੀ. ਪੌਜ਼ੀਟਿਵ

02/16/2018 3:46:37 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਪਿੰਡ ਵਿਚ 22 ਲੋਕ ਐੱਚ. ਆਈ. ਵੀ. ਪੌਜ਼ੀਟਿਵ ਪਾਏ ਗਏ ਹਨ। ਪੰਜਾਬ ਸਿਹਤ ਵਿਭਾਗ ਨੇ ਵੀਰਵਾਰ ਨੂੰ ਜਦੋਂ ਸਰਗੋਥਾ ਜ਼ਿਲੇ ਦੇ ਕੋਟ ਇਮਰਾਨਾ ਦੇ ਇਕ ਦੂਰ-ਦੂਰਾਡੇ ਇਲਾਕੇ ਵਿਚ ਪਰੀਖਣ ਕਰਵਾਇਆ ਤਾਂ ਵੱਡੀ ਗਿਣਤੀ ਵਿਚ ਐੱਚ. ਆਈ. ਵੀ. ਪੌਜ਼ੀਟਿਵ ਮਾਮਲੇ ਮਿਲੇ। 80 ਲੋਕਾਂ ਦੀ ਜਾਂਚ ਵਿਚ 22 ਲੋਕ ਐੱਚ. ਆਈ. ਵੀ. ਪੀੜਤ ਪਾਏ ਗਏ। ਸਥਾਨਕ ਪ੍ਰਸ਼ਾਸਨ ਮੁਤਾਬਕ ਸਥਾਨਕ ਡਾਕਟਰ ਅੱਲਾਹ ਦਿੱਤਾ ਦੀ ਗਲਤੀ ਨਾਲ ਇਹ ਵਾਇਰਸ ਫੈਲਿਆ ਹੈ। ਅੱਲਾਹ ਦਿੱਤਾ ਨਸ਼ਾ ਕਰਦਾ ਸੀ, ਜਿਸ ਕਾਰਨ ਉਹ ਖੁਦ ਐੱਚ. ਆਈ. ਵੀ. ਪੀੜਤ ਸੀ। ਉਹ ਵਰਤੀ ਹੋਈ ਸੀਰਿੰਜ ਨੂੰ ਦੁਬਾਰਾ ਵਰਤਦਾ ਸੀ, ਜਿਸ ਕਾਰਨ ਇਹ ਵਾਇਰਸ ਇੰਨੇ ਲੋਕਾਂ ਵਿਚ ਫੈਲ ਗਿਆ। ਪੰਜਾਬ ਦੇ ਸਿਹਤ ਵਿਭਾਗ ਨੇ ਮੁੱਖ ਕਾਰਜਕਾਰੀ ਅਧਿਕਾਰੀ ਨੁਸਰਤ ਰਿਆਜ਼ ਨੇ ਪਾਕਿਸਤਾਨ ਦੀ ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਦੱਸਿਆ,''ਹਾਲ ਵਿਚ ਹੀ ਅੱਲਾਹ ਦਿੱਤਾ ਦੀ ਮੌਤ ਹੋ ਗਈ ਪਰ ਇਸ ਵਾਇਰਸ ਦੇ ਫੈਲਣ ਪਿੱਛੇ ਉਨ੍ਹਾਂ ਦਾ ਹੀ ਹੱਥ ਸੀ।'' ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਿੰਡ ਵਿਚ ਰਹਿਣ ਵਾਲੇ ਹਰ ਵਿਅਕਤੀ ਨੂੰ ਖੂਨ ਦੀ ਜਾਂਚ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਇਸ ਖੇਤਰ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਹੈ।