ਪਾਕਿਸਤਾਨ ’ਚ 200 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਬਣਾਇਆ ਜਾ ਰਿਹਾ ਸ਼ਾਪਿੰਗ ਮਾਲ
Saturday, Aug 29, 2026 - 05:27 AM (IST)
ਕਵੇਟਾ - ਬਲੋਚਿਸਤਾਨ ਵਿਚ ਇਕ ਹੋਰ ਇਤਿਹਾਸਕ 200 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਨੂੰ ਕਥਿਤ ਤੌਰ ’ਤੇ ਢਾਹ ਦਿੱਤਾ ਗਿਆ ਹੈ ਅਤੇ ਹੁਣ ਉਸ ਥਾਂ ’ਤੇ ਇਕ ਮਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬਲੋਚਿਸਤਾਨ ਸਿੱਖ ਸਭਾ ਅਨੁਸਾਰ ਇਹ ਪਾਕਿਸਤਾਨ ਵਿਚ ਸਿੱਖ ਧਾਰਮਿਕ ਵਿਰਾਸਤ ਦੇ ਯੋਜਨਾਬੱਧ ਵਿਨਾਸ਼ ਅਤੇ ਉਸ ਨੂੰ ਹੌਲੀ-ਹੌਲੀ ਮਿਟਾਏ ਜਾਣ ਦੀ ਇਕ ਹੋਰ ਬੇਹੱਦ ਚਿੰਤਾਜਨਕ ਉਦਾਹਰਣ ਹੈ।
ਸਿੱਖ ਭਾਈਚਾਰੇ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਬਲੋਚਿਸਤਾਨ ਵਿਚ ਕਿਸੇ ਸਮੇਂ 12 ਗੁਰਦੁਆਰਾ ਸਾਹਿਬ ਹੋਇਆ ਕਰਦੇ ਸਨ, ਜਿਨ੍ਹਾਂ ਵਿਚੋਂ ਹੁਣ ਸਿਰਫ 2 ਹੀ ਬਚੇ ਹਨ। ਉਥੇ ਹੀ ਪੂਰੇ ਪਾਕਿਸਤਾਨ ਵਿਚ ਵੀ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਗੁਰਦੁਆਰੇ ਨੂੰ ਢਾਹੇ ਜਾਣ ਦਾ ਭਾਰਤ ਵਿਚ ਵੀ ਸਖਤ ਵਿਰੋਧ ਹੋ ਰਿਹਾ ਹੈ।
ਭਾਜਪਾ ਦੇ ਨੈਸ਼ਨਲ ਸਪੋਕਸਪਰਸਨ ਆਰ. ਪੀ. ਸਿੰਘ ਨੇ ਕਿਹਾ ਕਿ ਇਹ ਪਾਕਿਸਤਾਨ ਵਿਚ ਸਿੱਖਾਂ ਦੀ ਵਿਰਾਸਤ ਖਤਮ ਕਰਨ ਦੀ ਕੋਸ਼ਿਸ਼ ਹੈ। ਅਕਾਲ ਤਖ਼ਤ ਸਾਹਿਬ ਨੂੰ ਪਾਕਿਸਤਾਨ ਸਰਕਾਰ ਦੇ ਸਾਹਮਣੇ ਮਾਮਲਾ ਉਠਾਉਣਾ ਚਾਹੀਦਾ ਹੈ ਅਤੇ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਆਰ. ਪੀ. ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਹੇ ਜਾਣ ਦੀ ਨਿੰਦਾ ਕਰਦੇ ਹੋਏ ਇਸ ਲਈ ਜ਼ਿੰਮੇਵਾਰ ਲੋਕਾਂ ’ਤੇ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ ਕੋਈ ਇਮਾਰਤ ਜਾਂ ਜ਼ਮੀਨ ਦਾ ਟੁਕੜਾ ਨਹੀਂ ਹੈ। ਇਹ ਸਿੱਖ ਪੰਥ ਦੇ ਇਤਿਹਾਸ, ਆਸਥਾ, ਸੰਘਰਸ਼ ਅਤੇ ਕੁਰਬਾਨੀਆਂ ਨਾਲ ਜੁੜਿਆ ਪਵਿੱਤਰ ਅਸਥਾਨ ਹੈ। ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਦੇ ਸਥਾਨ ’ਤੇ ਵਪਾਰਕ ਜਾਇਦਾਦ ਦਾ ਨਿਰਮਾਣ ਕਰਨਾ ਸਿੱਖ ਵਿਰਾਸਤ ਅਤੇ ਧਾਰਮਿਕ ਭਾਵਨਾਵਾਂ ਦਾ ਗੰਭੀਰ ਅਪਮਾਨ ਹੈ। ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਹੋ ਰਹੇ ਕਿਸੇ ਵੀ ਵਪਾਰਕ ਨਿਰਮਾਣ ਨੂੰ ਤੁਰੰਤ ਰੋਕਿਆ ਜਾਵੇ। ਇਤਿਹਾਸਕ ਗੁਰਦੁਆਰੇ ਦੀ ਇਮਾਰਤ ਦੇ ਮੁੜ-ਨਿਰਮਾਣ ਅਤੇ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ।
ਨਿੱਜੀ ਬਿਲਡਰ ਨੂੰ ਜ਼ਮੀਨ ਵੇਚੀ ਗਈ
ਸਿੱਖ ਭਾਈਚਾਰੇ ਮੁਤਾਬਕ ਇਹ ਜ਼ਮੀਨ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੀ ਜਾਇਦਾਦ ਸੀ। ਦੋਸ਼ ਹੈ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਇਸ ਨੂੰ ਇਕ ਨਿੱਜੀ ਬਿਲਡਰ ਨੂੰ ਵੇਚ ਦਿੱਤਾ। ਹੁਣ ਸਵਾਲ ਉੱਠ ਰਿਹਾ ਹੈ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਇਸ ਧਾਰਮਿਕ ਜਾਇਦਾਦ ਨੂੰ ਵੇਚਣ ਦਾ ਅਧਿਕਾਰ ਕਿਸ ਆਧਾਰ ’ਤੇ ਮਿਲਿਆ ਅਤੇ ਜ਼ਮੀਨ ਦੀ ਵਿਕਰੀ ਦੀ ਪ੍ਰਕਿਰਿਆ ਕੀ ਸੀ? ਇਸ ’ਤੇ ਪਾਕਿਸਤਾਨ ਸਰਕਾਰ ਜਾਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਅਧਿਕਾਰਤ ਜਵਾਬ ਸਾਹਮਣੇ ਆਉਣਾ ਬਾਕੀ ਹੈ।
