ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਅਕਤੂਬਰ 2024)

Thursday, Oct 10, 2024 - 05:50 AM (IST)

ਰਾਮਕਲੀ ਮਹਲਾ ੫ ਰੁਤੀ ਸਲੋਕੁ
ੴ ਸਤਿਗੁਰ ਪ੍ਰਸਾਦਿ ॥

ਕਰਿ ਬੰਦਨ ਪ੍ਰਭੁ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ ਸਲੋਕ ॥ ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮੁ ਅਧਾਰੁ ॥੧॥ ਸੰਤ ਸਰਣ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ ਛੰਤੁ ॥ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ
ਜੀਉ ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ ਸਲੋਕ ॥ ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ ਕੋਮਲ ਬੌਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ ਛੰਤੁ ॥ ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ ਸਲੋਕ ॥ ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ ਮਨ ਤਨ ਅੰਤਰਿ ਰਿਵ ਰਹੇ ਨਾਨਕ ਸਹਜਿ ਸੁਭਾਇ ॥੧॥ ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ ਛੰਤੁ ॥ ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮੁ ਨਵ ਨਿਧਿ ਗ੍ਰਿਹ ਭਰੇ ॥ ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ ਸਲੋਕ ॥ ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ ਹਰਿ ਸਾਧਹੁ ਸਰਣਾਗਤੀ ਨਾਨਕ ਆਸ ਪੁਜਾਇ ॥੨॥ ਛੰਤੁ ॥ ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ ਬਿਨੁ ਕੰਤ ਪਿਆਰੇ ਨਹ ਸੁਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ ਈਤ ਊਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ ਬਿਨਵੰਤਿ ਨਾਨਕੁ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ ਸਲੋਕ ॥ ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਕ੍ਰਾਂਤਿ ॥੧॥ ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ ਛੰਤੁ ॥ ਰੁਤਿ ਸਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹ ਜੀਉ ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕੁ ਸੇਵਿਆ ॥ ਹਾਰ ਡੋਰ ਸੀਗਾਰ ਸਭ ਰਸ ਗੁਣ ਗਾਉ ਅਲਖ ਅਭੇਵਿਆ ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ ਸਲੋਕ ॥ ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਛੰਤੁ ॥ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ ਸਲੋਕ ॥ ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਭ ਤੇ ਊਚੇ ਜਾਣੀਅਹਿ ਨਾਨਕ ਨਾਮੁ ਪਿਆਰੁ ॥੧॥ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਛੰਤੁ ॥ ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਹਿਰ ਰੰਗਿ ਰਾਤੇ ਸਹਿਜ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥
ਵੀਰਵਾਰ, ੨੫ ਅੱਸੂ (ਸੰਮਤ ੫੫੬ ਨਾਨਕਸ਼ਾਹੀ) ੧੦ ਅਕਤੂਬਰ, ੨੦੨੪ (ਅੰਗ: ੯੨੭)


ਰਾਮਕਲੀ ਮਹਲਾ ੫ ਰੁਤੀ ਸਲੋਕੁ
ੴ ਸਤਿਗੁਰ ਪ੍ਰਸਾਦਿ ॥

ਹੇ ਨਾਨਕ! (ਆਖ—ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ।੧। ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ । ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ।੨। ਛੰਤੁ । ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ । ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ । ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ । ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ । ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ । ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ । (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ।੧। ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ । ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ । ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ।੧। ਹੇ ਨਾਨਕ! (ਆਖ—) ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ । (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ, ਭਗਵਾਨ ਦਾ ਨਾਮ ਜਪ ਕੇ (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ।੨। ਛੰਤੁ । (ਹੇ ਸੱਜਣੋ! ਜਿਸ ਮਨੁੱਖ ਨੂੰ) ਪ੍ਰਭੂ-ਖਸਮ ਮਿਲ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਉਸ ਨੂੰ ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ । ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ । ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ । ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ । ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ । ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ—ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ।੨। ਹੇ ਨਾਨਕ! ਗੁਰੂ ਦੀ ਸੰਗਤਿ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ । ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ।੧। ਹੇ ਨਾਨਕ! ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ । (ਇਸ ਵਾਸਤੇ, ਹੇ ਭਾਈ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ।੨। ਛੰਤੁ । (ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ, ਤਿਵੇਂ ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪੇ੍ਰਮ ਦੀ ਅਣਹੋਂਦ ਸਾੜਦੀ ਹੈ । ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ । ਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ । (ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ।੩।ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ । ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ।੧। ਹੇ ਨਾਨਕ! ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ, ਉਸ ਨੂੰ ਆਪਣਾ ਹਾਰਦਿਕ ਪਿਆਰ ਦੇ ਕੇ ਉਸ ਨੇ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ।੨। ਛੰਤੁ । (ਹੇ ਸਹੇਲੀਏ! ਜਿਵੇਂ) ਵਰਖਾ-ਰੁੱੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ, ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ, (ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ । ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ । ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੱüਠਿਆ ਰਹਿੰਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ।੪। ਹੇ ਨਾਨਕ! (ਆਖ—ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ । (ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ।੧। ਹੇ ਨਾਨਕ! (ਆਖ—ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ । ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ।੨। ਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ । (ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ । ਨਾਨਕ ਬੇਨਤੀ ਕਰਦਾ ਹੈ—(ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ । ਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ । (ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ । (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ—ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ ।੫।ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤਿ੍ਰਸ਼ਨਾ ਦੀ ਅੱਗ ਬੁੱਝ ਗਈ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ।੧। ਹੇ ਨਾਨਕ! ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ । (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ, (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ।੨। ਛੰਤੁ । ਹੇ ਭਾਈ! ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤਿ੍ਰਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ । ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ । (ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ । ਹੇ ਭਾਈ! ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ । ਨਾਨਕ ਬੇਨਤੀ ਕਰਦਾ ਹੈ—ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ।੬। ਹੇ ਨਾਨਕ! ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ, ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ ।੧। ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ, ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ) ।੨। ਛੰਤੁ । (ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ) । ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ । (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ । ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ । ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ । ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ।੭।ਹੇ ਭਾਈ! ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ । ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸੇ੍ਰਸ਼ਟ ਮੰਨੇ ਜਾਂਦੇ ਹਨ ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ । ਹੇ ਨਾਨਕ! (ਆਖ—) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ।੨। ਛੰਤੁ । (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ । ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ । ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ । ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ, (ਤੇ ਅਰਦਾਸ ਕਰਿਆ ਕਰ—ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ।੮।੧।੬।੮।

RAAMKALEE, FIFTH MEHL, RUTI ~ THE SEASONS.  SHALOK:
ONE UNIVERSAL CREATOR GOD.  BY THE GRACE OF THE TRUE GURU:

Bow to the Supreme Lord God, and seek the dust of the feet of the Holy. Cast out your self-conceit, and vibrate, meditate, on the Lord, Har, Har. O Nanak, God is all-pervading.  || 1 ||   He is the Eradicator of sinful residues, the Destroyer of fear, the Ocean of peace, the Sovereign Lord King. Merciful to the meek, the Destroyer of pain: O Nanak, always meditate on Him.  || 2 ||   CHHANT:  Sing His Praises, O very fortunate ones, and the Dear Lord God shall bless you with His Mercy. Blessed and auspicious is that season, that month, that moment, that hour, when you chant the Lord’s Glorious Praises. Blessed are those humble beings, who are imbued with love for His Praises, and who meditate single-mindedly on Him. Their lives become fruitful, and they find that Lord God. Donations to charities and religious rituals are not equal to meditation on the Lord, who destroys all sins. Prays Nanak, meditating in remembrance on Him, I live; birth and death are finished for me.  || 1 ||   SHALOK:  Strive for the inaccessible and unfathomable Lord, and bow in humility to His lotus feet. O Nanak, that sermon alone is pleasing to You, Lord, which inspires us to take the Support of the Name.  || 1 ||   Seek the Sanctuary of the Saints, O friends; meditate in remembrance on your infinite Lord and Master. The dried branch shall blossom forth in its greenery again, O Nanak, meditating on the Lord God.  || 2 ||   CHHANT:  The season of spring is delightful; the months of Chayt and Baisaakhi are the most pleasant months. I have obtained the Dear Lord as my Husband, and my mind, body and breath have blossomed forth. The eternal, unchanging Lord has come into my home as my Husband, O my companions; dwelling upon His lotus feet, I blossom forth in bliss.  The Lord of the Universe is beautiful, proficient, wise and all-knowing; His Virtues are priceless. By great good fortune, I have found Him; my pain is dispelled, and my hopes are fulfilled. Prays Nanak, I have entered Your Sanctuary, Lord, and my fear of death is eradicated.  || 2 ||   SHALOK:  Without the Saadh Sangat, the Company of the Holy, one dies wandering around in confusion, performing all sorts of rituals. O Nanak, all are bound by the attractive bonds of Maya, and the karmic record of past actions.  || 1 ||   Those who are pleasing to God are united with Him; He separates others from Himself. Nanak has entered the Sanctuary of God; His greatness is glorious!  || 2 ||   CHHANT:  In the summer season, in the months of Jayt’h and Asaarh, the heat is terrible, intense and severe. The discarded bride is separated from His Love, and the Lord does not even look at her. She does not see her Lord, and she dies with an aching sigh; she is defrauded and plundered by her great pride. She flails around, like a fish out of water; attached to Maya, she is alienated from the Lord. She sins, and so she is fearful of reincarnation; the Messenger of Death will surely punish her. Prays Nanak, take me under Your sheltering support, Lord, and protect me; You are the Fulfiller of desire.  || 3 ||   SHALOK:  With loving faith, I am attached to my Beloved; I cannot survive without Him, even for an instant. He is permeating and pervading my mind and body, O Nanak, with intuitive ease.  || 1 ||   My Friend has taken me by the hand; He has been my best friend, lifetime after lifetime. He has made me the slave of His feet; O Nanak, my consciousness is filled with love for God.  || 2 ||   CHHANT:  The rainy season is beautiful; the months of Saawan and Bhaadon bring bliss. The clouds are low, and heavy with rain; the waters and the lands are filled with honey. God is all-pervading everywhere; the nine treasures of the Lord’s Name fill the homes of all hearts. Meditating in remembrance on the Lord and Master, the Searcher of hearts, all one’s ancestry is saved. No blemish sticks to that being who remains awake and aware in the Love of the Lord; the Merciful Lord is forever forgiving. Prays Nanak, I have found my Husband Lord, who is forever pleasing to my mind.  || 4 ||   SHALOK:  Thirsty with desire, I wander around; when will I behold the Lord of the World? Is there any humble Saint, any friend, O Nanak, who can lead me to meet with God?  || 1 ||   Without meeting Him, I have no peace or tranquility; I cannot survive for a moment, even for an instant. Entering the Sanctuary of the Lord’s Holy Saints, O Nanak, my desires are fulfilled.  || 2 ||   CHHANT:  In the cool, autumn season, in the months of Assu and Katik, I am thirsty for the Lord. Searching for the Blessed Vision of His Darshan, I wander around wondering, when will I meet my Lord, the treasure of virtue? Without my Beloved Husband Lord, I find no peace, and all my necklaces and bracelets become cursed. So beautiful, so wise, so clever and knowing; still, without the breath, it is just a body. I look here and there, in the ten directions; my mind is so thirsty to meet God! Prays Nanak, shower Your Mercy upon me; unite me with Yourself, O God, O treasure of virtue.  || 5 ||   SHALOK:  The fire of desire is cooled and quenched; my mind and body are filled with peace and tranquility. O Nanak, I have met my Perfect God; the illusion of duality is dispelled.  || 1 ||   The Lord Himself sent His Holy Saints, to tell us that He is not far away. O Nanak, doubt and fear are dispelled, chanting the Name of the all-pervading Lord.  || 2 ||   CHHANT:  In the cold season of Maghar and Poh, the Lord reveals Himself. My burning desires were quenched, when I obtained the Blessed Vision of His Darshan; the fraudulent illusion of Maya is gone. All my desires have been fulfilled, meeting the Lord face-to-face; I am His servant, I serve at His feet. My necklaces, hair-ties, all decorations and adornments, are in singing the Glorious Praises of the unseen, mysterious Lord. I long for loving devotion to the Lord of the Universe, and so the Messenger of Death cannot even see me. Prays Nanak, God has united me with Himself; I shall never suffer separation from my Beloved again.  || 6 ||   SHALOK:  The happy soul bride has found the wealth of the Lord; her consciousness does not waver. Joining together with the Saints, O Nanak, God, my Friend, has revealed Himself in my home.  || 1 ||   With her Beloved Husband Lord, she enjoys millions of melodies, pleasures and joys. The fruits of the mind’s desires are obtained, O Nanak, chanting the Lord’s Name.  || 2 ||   CHHANT:  The snowy winter season, the months of Maagh and Phagun, are pleasing and ennobling to the mind. O my friends and companions, sing the songs of joy; my Husband Lord has come into my home. My Beloved has come into my home; I meditate on Him in my mind. The bed of my heart is beautifully adorned. The woods, the meadows and the three worlds have blossomed forth in their greenery; gazing upon the Blessed Vision of His Darshan, I am fascinated. I have met my Lord and Master, and my desires are fulfilled; my mind chants His Immaculate Mantra. Prays Nanak, I celebrate continuously; I have met my Husband Lord, the Lord of excellence.  || 7 ||   SHALOK:  The Saints are the helpers, the support of the soul; they carry us cross the terrifying world-ocean. Know that they are the highest of all; O Nanak, they love the Naam, the Name of the Lord.  || 1 ||   Those who know Him, cross over; they are the brave heroes, the heroic warriors. Nanak is a sacrifice to those who meditate on the Lord, and cross over to the other shore.  || 2 ||   CHHANT:  His feet are exalted above all. They eradicate all suffering. They destroy the pains of coming and going. They bring loving devotion to the Lord. Imbued with the Lord’s Love, one is intoxicated with intuitive peace and poise, and does not forget the Lord from his mind, even for an instant. Shedding my self-conceit, I have entered the Sanctuary of His Feet; all virtues rest in the Lord of the Universe. I bow in humility to the Lord of the Universe, the treasure of virtue, the Lord of excellence, our Primal Lord and Master. Prays Nanak, shower me with Your Mercy, Lord; throughout the ages, You take the same form.  || 8 || 1 || 6 || 8 ||

Thursday, 25th Assu (Samvat 556 Nanakshahi) 10th October, 2024 (Page: 927)


Inder Prajapati

Content Editor

Related News