ਗਰਮੀਆਂ ’ਚ ਸਰੀਰ ਲਈ ਵਰਦਾਨ ਨੇ ਇਹ 5 ਚੀਜ਼ਾਂ, ਇਨ੍ਹਾਂ 4 ਚੀਜ਼ਾਂ ਤੋਂ ਬਣਾ ਲਓ ਦੂਰੀ

06/01/2023 12:31:54 PM

ਜਲੰਧਰ (ਬਿਊਰੋ)– ਗਰਮੀਆਂ ਦੇ ਮੌਸਮ ’ਚ ਸਾਡੇ ਸਰੀਰ ’ਚ ਜ਼ਿਆਦਾ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਇਸ ’ਚ ਸਾਨੂੰ ਡੀਹਾਈਡ੍ਰੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜ਼ਿਆਦਾ ਗਰਮੀ ਕਾਰਨ ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਸਾਡੇ ਤ੍ਰਿਦੋਸ਼ (ਵਾਤ, ਪਿੱਤ ਤੇ ਕਫ) ਵੀ ਇਸ ਮੌਸਮ ’ਚ ਅਸੰਤੁਲਿਤ ਹੋ ਸਕਦੇ ਹਨ ਤੇ ਸਾਨੂੰ ਪਾਚਨ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਗਰਮੀਆਂ ’ਚ ਕੁਝ ਖਾਣ ਤੋਂ ਬਾਅਦ ਸਾਨੂੰ ਉਲਟੀਆਂ ਆਉਣ ਲੱਗਦੀਆਂ ਹਨ ਜਾਂ ਢਿੱਡ ’ਚ ਸਾੜ ਪੈਣ ਲੱਗਦਾ ਹੈ। ਅਜਿਹਾ ਹੋਣ ਦਾ ਕਾਰਨ ਪਾਚਨ ਕਿਰਿਆ ਦੀ ਕਮੀ ਹੈ। ਇਸ ਲਈ ਤੁਹਾਨੂੰ ਇਸ ਮੌਸਮ ’ਚ ਸਰੀਰ ਲਈ ਸਿਰਫ਼ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਮਸਾਲੇਦਾਰ ਤੇ ਜੰਕ ਫੂਡ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਗਰਮੀਆਂ ਦੇ ਮੌਸਮ ’ਚ ਖਾਓ ਇਹ ਚੀਜ਼ਾਂ

ਹਦਵਾਣਾ
ਗਰਮੀਆਂ ’ਚ ਹਦਵਾਣੇ ਵਰਗੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ’ਚ ਜ਼ਿਆਦਾਤਰ ਪਾਣੀ ਹੁੰਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਤੇ ਡੀਹਾਈਡ੍ਰੇਸ਼ਨ ਨਹੀਂ ਹੋਣ ਦਿੰਦਾ। ਹਦਵਾਣੇ ’ਚ ਵਿਟਾਮਿਨ ਸੀ ਤੇ ਏ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਇਸ ’ਚ ਪੋਟਾਸ਼ੀਅਮ ਵੀ ਹੁੰਦਾ ਹੈ, ਜੋ ਸਰੀਰ ’ਚ ਇਲੈਕਟ੍ਰੋਲਾਈਟ ਨੂੰ ਬਣਾਏ ਰੱਖਣ ’ਚ ਮਦਦ ਕਰਦਾ ਹੈ।

ਖੀਰਾ
ਖੀਰਾ ਵੀ ਇਕ ਹਾਈਡ੍ਰੇਟਿੰਗ ਫੂਡ ਹੈ, ਜੋ ਪਾਣੀ ਨਾਲ ਭਰਪੂਰ ਹੁੰਦਾ ਹੈ ਤੇ ਇਸ ਦਾ ਸੇਵਨ ਕਰਨ ਨਾਲ ਤੁਸੀਂ ਜ਼ਿਆਦਾ ਕੈਲਰੀ ਦੀ ਖਪਤ ਨਹੀਂ ਕਰਦੇ। ਇਹ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰਨ ’ਚ ਮਦਦ ਕਰਦਾ ਹੈ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਨਾਰੀਅਲ ਪਾਣੀ
ਗਰਮੀਆਂ ’ਚ ਨਾਰੀਅਲ ਪਾਣੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਵਰਗੇ ਇਲੈਕਟ੍ਰੋਲਾਈਟਸ ਹੁੰਦੇ ਹਨ। ਇਹ ਗਰਮੀਆਂ ’ਚ ਪਸੀਨੇ ਦੇ ਰੂਪ ’ਚ ਸਰੀਰ ਨੂੰ ਤਰਲ ਦੀ ਕਮੀ ਤੋਂ ਬਚਾਉਂਦਾ ਹੈ ਤੇ ਸਰੀਰ ਨੂੰ ਹਾਈਡ੍ਰੇਟ ਰੱਖਣ ’ਚ ਮਦਦ ਕਰਦਾ ਹੈ।

ਪੁਦੀਨਾ
ਪੁਦੀਨਾ ਇਕ ਤਾਜ਼ਗੀ ਦੇਣ ਵਾਲੀ ਸਮੱਗਰੀ ਹੈ ਤੇ ਸਰੀਰ ’ਤੇ ਬਹੁਤ ਠੰਡਾ ਪ੍ਰਭਾਵ ਪਾਉਂਦਾ ਹੈ। ਇਹ ਸਰੀਰ ’ਚ ਪਾਚਨ ਨੂੰ ਵਧਾਉਣ ’ਚ ਮਦਦ ਕਰਦਾ ਹੈ ਤੇ ਸੋਜ ਨੂੰ ਘੱਟ ਕਰਨ ’ਚ ਵੀ ਮਦਦਗਾਰ ਹੁੰਦਾ ਹੈ। ਤੁਸੀਂ ਪੁਦੀਨੇ ਨੂੰ ਸਲਾਦ, ਡ੍ਰਿੰਕ ਜਾਂ ਚਟਨੀ ਆਦਿ ਨਾਲ ਮਿਲਾ ਕੇ ਖਾ ਸਕਦੇ ਹੋ ਜਾਂ ਪੀ ਸਕਦੇ ਹੋ।

ਦਹੀਂ
ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਚੰਗੇ ਬੈਕਟੀਰੀਆ ਹੁੰਦੇ ਹਨ ਤੇ ਪਾਚਨ ਪ੍ਰਣਾਲੀ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ ਦੀ ਗਰਮੀ ਨੂੰ ਘੱਟ ਕਰਨ, ਸੋਜ ਨੂੰ ਘੱਟ ਕਰਨ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦਗਾਰ ਹੈ। ਇਸ ਨੂੰ ਸਨੈਕ ਦੇ ਤੌਰ ’ਤੇ ਸਲਾਦ ’ਚ ਮਿਲਾ ਕੇ ਖਾਧਾ ਜਾ ਸਕਦਾ ਹੈ।

ਗਰਮੀ ਦੇ ਮੌਸਮ ’ਚ ਨਾ ਖਾਓ ਇਹ ਚੀਜ਼ਾਂ

ਮਸਾਲੇਦਾਰ ਤੇ ਤਲਿਆ ਭੋਜਨ
ਮਸਾਲੇਦਾਰ ਤੇ ਤਲੇ ਹੋਏ ਭੋਜਨ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ ਤੇ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਇਸ ਲਈ ਇਨ੍ਹਾਂ ਤੋਂ ਬਚੋ।

ਸ਼ਰਾਬ
ਸ਼ਰਾਬ ਦਾ ਸੇਵਨ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ ਤੇ ਇਹ ਸਰੀਰ ਦਾ ਤਾਪਮਾਨ ਵੀ ਵਧਾਉਂਦਾ ਹੈ, ਇਸ ਲਈ ਇਸ ਤੋਂ ਬਚੋ।

ਕੌਫੀ
ਕੌਫੀ ਇਕ ਡਾਇਰੇਟਿਕ ਦੇ ਤੌਰ ’ਤੇ ਕੰਮ ਕਰਦੀ ਹੈ ਤੇ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦੀ ਹੈ, ਇਸ ਲਈ ਇਸ ਦਾ ਜ਼ਿਆਦਾ ਸੇਵਨ ਨਾ ਕਰੋ।

ਮਿੱਠੇ ਪੀਣ ਵਾਲੇ ਪਦਾਰਥ
ਤੁਹਾਨੂੰ ਗਰਮੀਆਂ ’ਚ ਐਨਰਜੀ ਡਰਿੰਕ, ਕੋਲਡ ਡਰਿੰਕ ਜਾਂ ਸੋਡਾ ਵਰਗੇ ਸ਼ੂਗਰ ਨਾਲ ਭਰਪੂਰ ਡਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ ਤੇ ਬਲੱਡ ਸ਼ੂਗਰ ਲੈਵਲ ਵੀ ਤੇਜ਼ੀ ਨਾਲ ਵਧ ਸਕਦਾ ਹੈ।

ਨੋਟ– ਗਰਮੀਆਂ ’ਚ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਕੁਝ ਵੀ ਖਾਣ ਤੋਂ ਪਹਿਲਾਂ ਆਪਣੇ ਸਰੀਰ ’ਤੇ ਇਸ ਦੇ ਪ੍ਰਭਾਵ ਬਾਰੇ ਜ਼ਰੂਰ ਜਾਣ ਲਓ ਤਾਂ ਕਿ ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ।

sunita

This news is Content Editor sunita