ਚਿਕਨਗੁਨੀਆ ਕੀ ਹੈ? ਇਸ ਦੇ ਲੱਛਣ ਤੇ ਕਾਰਨ ਕੀ ਹਨ? ਜਾਣੋ ਡਾਈਟ ਤੇ ਇਲਾਜ ਬਾਰੇ

10/17/2023 2:55:17 PM

ਜਲੰਧਰ (ਬਿਊਰੋ)– ਚਿਕਨਗੁਨੀਆ ਇਕ ਵਾਇਰਲ ਬੀਮਾਰੀ ਹੈ, ਜਿਸ ਦੇ ਲੱਛਣ ਡੇਂਗੂ ਦੇ ਲੱਛਣਾਂ ਨਾਲ ਮਿਲਦੇ-ਜੁਲਦੇ ਹਨ। ਇਹ ਬੀਮਾਰੀ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ’ਚ ਵੱਡੇ ਪੱਧਰ ’ਤੇ ਪਾਈ ਜਾਂਦੀ ਹੈ। ਇਹ ਵਾਇਰਲ ਬੀਮਾਰੀ ਪਹਿਲੀ ਵਾਰ ਪੂਰਬੀ ਅਫਰੀਕਾ ’ਚ 1952 ’ਚ ਪਾਈ ਗਈ ਸੀ। ਚਿਕਨਗੁਨੀਆ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਮਨੁੱਖਾਂ ’ਚ ਫੈਲਦਾ ਹੈ। ਮੱਛਰ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ, ਪੀਲਾ ਬੁਖਾਰ ਆਦਿ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਚਿਕਨਗੁਨੀਆ ਕੀ ਹੈ? ਚਿਕਨਗੁਨੀਆ ਦੇ ਲੱਛਣ ਤੇ ਉਪਾਅ ਕੀ ਹਨ? ਇਸ ਦਾ ਇਲਾਜ ਕਿਵੇਂ ਕਰਨਾ ਹੈ?

ਚਿਕਨਗੁਨੀਆ ਕੀ ਹੈ?
ਚਿਕਨਗੁਨੀਆ ਇਕ ਵਾਇਰਲ ਛੂਤ ਵਾਲੀ ਬੀਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਸੰਕਰਮਿਤ ਮੱਛਰਾਂ ਰਾਹੀਂ ਮਨੁੱਖਾਂ ’ਚ ਫੈਲਦੀ ਹੈ। ਚਿਕਨਗੁਨੀਆ ਦੀ ਬੀਮਾਰੀ ਆਰਬੋਵਾਇਰਸ ਕਾਰਨ ਹੁੰਦੀ ਹੈ, ਜਿਸ ਨੂੰ ਅਲਫਾਵਾਇਰਸ ਪਰਿਵਾਰ ਦਾ ਮੰਨਿਆ ਜਾਂਦਾ ਹੈ। ਚਿਕਨਗੁਨੀਆ ਦਾ ਫੈਲਣਾ ਆਮ ਤੌਰ ’ਤੇ ਦਿਨ ਦੇ ਸਮੇਂ ਤੇ ਬਾਹਰ ਹੁੰਦਾ ਹੈ। ਚਿਕਨਗੁਨੀਆ ਜ਼ਿਆਦਾਤਰ ਸਵੇਰੇ ਜਾਂ ਦੁਪਹਿਰ ਤੋਂ ਬਾਅਦ-ਰਾਤ ਤੋਂ ਪਹਿਲਾਂ ਫੈਲਦਾ ਹੈ ਕਿਉਂਕਿ ਮੱਛਰ ਉਸ ਸਮੇਂ ਸਭ ਤੋਂ ਵੱਧ ਸਰਗਰਮ ਹੁੰਦੇ ਹਨ।

ਚਿਕਨਗੁਨੀਆ ਆਮ ਤੌਰ ’ਤੇ ਮੱਛਰ ਦੇ ਕੱਟਣ ਦੇ ਤਿੰਨ ਤੋਂ ਸੱਤ ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦਾ ਹੈ। ਇਸ ਵਾਇਰਲ ਇੰਫੈਕਸ਼ਨ ਕਾਰਨ ਤੇਜ਼ ਬੁਖਾਰ ਤੇ ਜੋੜਾਂ ਜਾਂ ਮਾਸਪੇਸ਼ੀਆਂ ’ਚ ਦਰਦ ਹੁੰਦਾ ਹੈ। ਹਾਲਾਂਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਕੁਝ ਮਾਮਲਿਆਂ ’ਚ ਇਹ ਘਾਤਕ ਵੀ ਹੋ ਸਕਦਾ ਹੈ। ਇਸ ਬੀਮਾਰੀ ਦੀ ਕੋਈ ਦਵਾਈ, ਟੀਕਾ ਜਾਂ ਇਲਾਜ ਨਹੀਂ ਹੈ, ਸਗੋਂ ਲੱਛਣਾਂ ਨੂੰ ਠੀਕ ਕਰਨ ਦੇ ਆਧਾਰ ’ਤੇ ਇਸ ਦਾ ਇਲਾਜ ਕੀਤਾ ਜਾਂਦਾ ਹੈ।

ਚਿਕਨਗੁਨੀਆ ਦੇ ਲੱਛਣ ਕੀ ਹਨ?
ਇਸ ਵਾਇਰਲ ਇੰਫੈਕਸ਼ਨ ਦੇ ਲੱਛਣ 10 ਤੋਂ 12 ਦਿਨਾਂ ਤੱਕ ਰਹਿੰਦੇ ਹਨ, ਜਿਸ ’ਚ ਜੋੜਾਂ-ਮਾਸਪੇਸ਼ੀਆਂ ’ਚ ਦਰਦ ਤੇ ਤੇਜ਼ ਬੁਖਾਰ ਤੋਂ ਇਲਾਵਾ ਹੇਠ ਲਿਖੇ ਲੱਛਣ ਹੋ ਸਕਦੇ ਹਨ–

  • ਥਕਾਵਟ
  • ਸਿਰ ਦਰਦ
  • ਕਮਜ਼ੋਰੀ
  • ਉਲਟੀ
  • ਚੱਕਰ ਆਉਣੇ
  • ਟੱਟੀਆਂ
  • ਜੋੜਾਂ ਦਾ ਦਰਦ
  • ਅਚਾਨਕ ਤੇਜ਼ ਬੁਖਾਰ
  • ਦਾਣੇ ਤੇ ਧੱਫੜ

ਚਿਕਨਗੁਨੀਆ ਦਾ ਕਾਰਨ ਕੀ ਹੈ?
ਇਹ ਬੀਮਾਰੀ ਸੰਕਰਮਿਤ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਜਦੋਂ ਕੋਈ ਮੱਛਰ ਚਿਕਨਗੁਨੀਆ ਤੋਂ ਪੀੜਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਹ ਮੱਛਰ ਵੀ ਚਿਕਨਗੁਨੀਆ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਚਿਕਨਗੁਨੀਆ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦੇ ਹਨ, ਇਹ ਸਵੇਰੇ, ਦੁਪਹਿਰ ਤੋਂ ਬਾਅਦ, ਸ਼ਾਮ ਨੂੰ ਤੇ ਰਾਤ ਤੋਂ ਪਹਿਲਾਂ ਵਧੇਰੇ ਸਰਗਰਮ ਹੁੰਦੇ ਹਨ। ਚਿਕਨਗੁਨੀਆ ਉਦੋਂ ਫੈਲਦਾ ਹੈ, ਜਦੋਂ ਉਹੀ ਮੱਛਰ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ ਤੇ ਫਿਰ ਕਿਸੇ ਗੈਰ-ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ। ਇਸ ਤੋਂ ਬਾਅਦ ਬਿਨਾਂ ਇੰਫੈਕਸ਼ਨ ਵਾਲੇ ਵਿਅਕਤੀ ਨੂੰ ਵੀ ਚਿਕਨਗੁਨੀਆ ਆਪਣੀ ਲਪੇਟ ’ਚ ਲੈ ਲੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ੂਨ ’ਚੋਂ ਸ਼ੂਗਰ ਨੂੰ ਸੋਕ ਲੈਂਦੇ ਨੇ ਇਹ 5 ਭੋਜਨ, ਸਿਹਤਮੰਦ ਰਹਿਣ ਲਈ ਡਾਈਟ ’ਚ ਕਰੋ ਸ਼ਾਮਲ

ਚਿਕਨਗੁਨੀਆ ’ਚ ਕੀ ਖਾਣਾ ਹੈ?
ਚਿਕਨਗੁਨੀਆ ਤੋਂ ਬਚਾਅ ਤੇ ਜਲਦੀ ਠੀਕ ਹੋਣ ਲਈ ਹੇਠਾਂ 10 ਭੋਜਨ ਹਨ, ਜੋ ਤੁਹਾਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨੇ ਚਾਹੀਦੇ ਹਨ–

ਨਾਰੀਅਲ ਪਾਣੀ
ਨਾਰੀਅਲ ਪਾਣੀ ਤੁਹਾਡੇ ਸਰੀਰ ਨੂੰ ਡੀਹਾਈਡ੍ਰੇਟ ਨਹੀਂ ਹੋਣ ਦਿੰਦਾ ਤੇ ਚਿਕਨਗੁਨੀਆ ’ਚ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ। ਇਹ ਤੁਹਾਡੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ’ਚ ਵੀ ਮਦਦ ਕਰਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਤੁਹਾਡੀ ਸਿਹਤ ਲਈ ਕਿਸੇ ਵੀ ਸਥਿਤੀ ’ਚ ਫ਼ਾਇਦੇਮੰਦ ਹੁੰਦੀਆਂ ਹਨ। ਚਿਕਨਗੁਨੀਆ ’ਚ ਇਹ ਬੀਮਾਰੀ ਦੇ ਲੱਛਣਾਂ ਨਾਲ ਲੜਨ ਤੇ ਜੋੜਾਂ ਦੇ ਦਰਦ ਨੂੰ ਘਟਾਉਣ ’ਚ ਮਦਦ ਕਰਦੀਆਂ ਹਨ। ਇਹ ਆਸਾਨੀ ਨਾਲ ਪਚ ਜਾਂਦੀਆਂ ਹਨ ਤੇ ਘੱਟ ਕੈਲਰੀ ਵਾਲੀਆਂ ਹੁੰਦੀਆਂ ਹਨ।

ਪਪੀਤੇ ਦੇ ਪੱਤਿਆਂ ਦਾ ਰਸ
ਪਪੀਤੇ ਦੇ ਪੱਤਿਆਂ ਦਾ ਰਸ ਚਿਕਨਗੁਨੀਆ ’ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਖ਼ੂਨ ’ਚ ਪਲੇਟਲੈੱਟਸ ਦੀ ਗਿਣਤੀ ਨੂੰ ਬਹੁਤ ਤੇਜ਼ੀ ਨਾਲ ਵਧਾਉਂਦਾ ਹੈ। ਇਸ ਦੇ ਸੇਵਨ ਦੇ 3-4 ਘੰਟਿਆਂ ਦੇ ਅੰਦਰ ਪਲੇਟਲੈੱਟਸ ’ਚ ਵਾਧਾ ਦੇਖਿਆ ਜਾ ਸਕਦਾ ਹੈ।

ਵਿਟਾਮਿਨ ਸੀ ਭਰਪੂਰ ਖੁਰਾਕ
ਵਿਟਾਮਿਨ ਸੀ ਭਰਪੂਰ ਖੁਰਾਕ ਤੁਹਾਡੇ ਇਮਿਊਨ ਸਿਸਟਮ ਨੂੰ ਵਧਾਉਣ ’ਚ ਮਦਦ ਕਰਦੀ ਹੈ। ਚਿਕਨਗੁਨੀਆ ’ਚ ਇਹ ਤੁਹਾਡੀ ਚੰਗੀ ਸਿਹਤ ਲਈ ਬਹੁਤ ਵਧੀਆ ਹੈ, ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਵੀ ਠੀਕ ਰੱਖਦਾ ਹੈ। ਅਜਿਹੇ ’ਚ ਸੰਤਰਾ ਤੇ ਕੀਵੀ ਵਰਗੇ ਫ਼ਲ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੇ ਹਨ।

ਦਲੀਆ
ਦਲੀਆ ਸਿਹਤ ਲਈ ਬਹੁਤ ਹੀ ਹਲਕਾ ਤੇ ਸਿਹਤਮੰਦ ਭੋਜਨ ਹੈ। ਇਹ ਚਿਕਨਗੁਨੀਆ ਤੋਂ ਪੀੜਤ ਲੋਕਾਂ ਨੂੰ ਜਲਦੀ ਠੀਕ ਹੋਣ ’ਚ ਮਦਦ ਕਰਦਾ ਹੈ।

ਚਿਕਨਗੁਨੀਆ ਕਿੰਨਾ ਚਿਰ ਰਹਿੰਦਾ ਹੈ?
ਚਿਕਨਗੁਨੀਆ ’ਚ ਬੁਖਾਰ ਆਮ ਤੌਰ ’ਤੇ 2 ਤੋਂ 3 ਦਿਨਾਂ ਤੱਕ ਰਹਿੰਦਾ ਹੈ। ਇਸ ਤੋਂ ਬਾਅਦ ਬੁਖਾਰ ਉਤਰ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਪਰ ਚਿਕਨਗੁਨੀਆ ਵਾਇਰਸ ਸੰਕਰਮਿਤ ਵਿਅਕਤੀ ’ਚ ਲਗਭਗ ਇਕ ਹਫ਼ਤੇ ਤੱਕ ਰਹਿੰਦਾ ਹੈ। ਇਸ ਦਾ ਮਤਲਬ ਹੈ ਕਿ ਬੁਖਾਰ ਠੀਕ ਹੋਣ ਦੇ ਬਾਅਦ ਵੀ ਵਾਇਰਸ ਤੁਹਾਡੇ ਸਰੀਰ ’ਚ ਕੁਝ ਦਿਨਾਂ ਤੱਕ ਸਰਗਰਮ ਰਹਿੰਦਾ ਹੈ। ਅਜਿਹੀ ਸਥਿਤੀ ’ਚ ਜੇਕਰ ਕੋਈ ਮੱਛਰ ਤੁਹਾਨੂੰ ਕੱਟਦਾ ਹੈ ਤਾਂ ਇਹ ਸੰਕਰਮਿਤ ਹੋ ਜਾਂਦਾ ਹੈ ਤੇ ਚਿਕਨਗੁਨੀਆ ਇੰਫੈਕਸ਼ਨ ਜਿਸ ਨੂੰ ਵੀ ਕੱਟਦਾ ਹੈ, ਉਸ ’ਚ ਫੈਲ ਜਾਂਦੀ ਹੈ।

ਚਿਕਨਗੁਨੀਆ ਦਾ ਇਲਾਜ ਕੀ ਹੈ?
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਇਕ ਵਾਇਰਲ ਇੰਫੈਕਸ਼ਨ ਹੋਣ ਕਾਰਨ ਚਿਕਨਗੁਨੀਆ ਲਈ ਕੋਈ ਖ਼ਾਸ ਦਵਾਈ ਜਾਂ ਵੈਕਸੀਨ ਉਪਲੱਬਧ ਨਹੀਂ ਹੈ। ਜ਼ਿਆਦਾਤਰ ਮਾਮਲਿਆਂ ’ਚ ਮਰੀਜ਼ ਇਕ ਹਫ਼ਤੇ ’ਚ ਠੀਕ ਹੋ ਜਾਂਦਾ ਹੈ ਪਰ ਜੋੜਾਂ ਦੇ ਦਰਦ ਦੀ ਸਮੱਸਿਆ ਲੰਬੇ ਸਮੇਂ ਤੱਕ ਜਾਂ ਮਹੀਨਿਆਂ ਤੱਕ ਬਣੀ ਰਹਿੰਦੀ ਹੈ। ਚਿਕਨਗੁਨੀਆ ਦੇ ਸ਼ੁਰੂਆਤੀ ਇਲਾਜ ਲਈ ਬੁਖਾਰ, ਸੋਜ ਤੇ ਜੋੜਾਂ ਜਾਂ ਮਾਸਪੇਸ਼ੀਆਂ ’ਚ ਦਰਦ ਨੂੰ ਘਟਾਉਣ ਲਈ ਦਵਾਈਆਂ ਦੀ ਸਿਫ਼ਾਰਿਸ਼ ਕੀਤੀ ਜਾ ਸਕਦੀ ਹੈ। ਨਾਲ ਹੀ ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਲੇਖ ਤੁਹਾਡੀ ਆਮ ਜਾਣਕਾਰੀ ਲਈ ਹੈ। ਚਿਕਨਗੁਨੀਆ ਦੇ ਮਾਮਲਿਆਂ ’ਚ ਤੁਰੰਤ ਡਾਕਟਰ ਦੀ ਸਲਾਹ ਲਓ।

Rahul Singh

This news is Content Editor Rahul Singh