ਬਚਪਨ ’ਚ ਪੈਰਾਸਿਟਾਮੋਲ ਦਾ ਸੇਵਨ ਕਰਨ ਵਾਲੇ ਬੱਚਿਆਂ ਨੂੰ ਜਵਾਨੀ ’ਚ ਹੋ ਸਕਦੈ ਦਮੇ ਦਾ ਖਤਰਾ

09/19/2018 2:58:52 PM

ਨਵੀੰ ਦਿੱਲੀ– ਵਿਗਿਆਨੀਆਂ ਨੇ ਕਿਹਾ ਹੈ ਕਿ ਜੇਕਰ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਦੋ ਸਾਲਾਂ ’ਚ ਬੁਖਾਰ ਹੋਣ ’ਤੇ ਪੈਰਾਸਿਟਾਮੋਲ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ 18 ਸਾਲ ਦੀ ਉਮਰ ਤਕ ਆਉਂਦੇ-ਆਉਂਦੇ ਉਨ੍ਹਾਂ ਨੂੰ ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਪੈਰਾਸਿਟਾਮੋਲ ਖਾਣ ਨਾਲ ਦਮਾ ਹੋਣ ਦਾ ਖਤਰਾ ਉਨ੍ਹਾਂ ਲੋਕਾਂ ’ਚ ਜ਼ਿਆਦਾ ਹੈ, ਜਿਨ੍ਹਾਂ ’ਚ ਜੀ.ਐੱਸ ਟੀ. ਪੀ-1 ਜੀਨ ਹੁੰਦਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੈਰਾਸਿਟਾਮੋਲ ਅਤੇ ਦਮੇ ਦਰਮਿਆਨ ਭਾਵੇਂ ਡੂੰਘਾ ਸਬੰਧ ਹੈ ਪਰ ਅਜਿਹਾ ਵੀ ਨਹੀਂ ਕਿ ਬੁਖਾਰ ਦੀ ਦਵਾਈ ਲੈਣ ਨਾਲ ਲੋਕਾਂ ਨੂੰ ਦਮਾ ਹੋ ਜਾਵੇ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਤੀਜੇ ਦੀ ਪੁਸ਼ਟੀ ਕਰਨ ਲਈ ਹਾਲੇ ਹੋਰ ਖੋਜ ਕਰਨ ਦੀ ਲੋੜ ਹੈ। ਇਸ ਨਤੀਜੇ ’ਤੇ ਪੁੱਜਣ ਲਈ ਖੋਜਕਾਰਾਂ ਨੇ 18 ਸਾਲ ਦੀ ਉਮਰ ਦੇ 620 ਬੱਚਿਆਂ ਦਾ ਅਧਿਐਨ ਕੀਤਾ। ਇਸ ’ਚ ਸ਼ਾਮਲ ਹੋਏ ਸਾਰੇ ਬੱਚਿਆਂ ਦੇ ਘੱਟ ਤੋਂ ਘੱਟ ਇਕ ਪਰਿਵਾਰਕ ਮੈਂਬਰ ਨੂੰ ਦਮਾ, ਐਗਜ਼ੀਮਾ (ਚਮੜੀ ਰੋਗ), ਜਾਂ ਹੋਰ ਐਲਰਜੀ ਸਬੰਧੀ ਬੀਮਾਰੀ ਜ਼ਰੂਰ ਸੀ।