Health Care: ਸਰਦੀਆਂ 'ਚ ਸਵੇਰ ਦੀ ਸੈਰ ਕਰਨ ਵਾਲੇ Heart Patients ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

01/12/2024 3:57:46 PM

ਜਲੰਧਰ - ਸਰਦੀਆਂ ਦੇ ਦਿਨਾਂ 'ਚ ਸਵੇਰੇ ਜਲਦੀ ਉੱਠਣਾ ਕਿਸੇ ਔਖੇ ਕੰਮ ਤੋਂ ਘੱਟ ਨਹੀਂ ਹੁੰਦਾ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਇਸ ਮੌਸਮ ਵਿੱਚ ਵੀ ਸਵੇਰ ਦੀ ਸੈਰ ਕਰਦੇ ਹਨ। ਸਰਦੀਆਂ ਵਿੱਚ ਸਵੇਰ ਦੀ ਸੈਰ ਕਰਦੇ ਸਮੇਂ ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਦਿਲ ਦੇ ਰੋਗੀਆਂ ਨੂੰ ਸਰਦੀਆਂ ਵਿੱਚ ਸਵੇਰ ਦੀ ਸੈਰ ਕਰਨ ਵੇਲੇ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਸਰਦੀਆਂ 'ਚ ਦਿਲ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਠੰਡੀਆਂ ਹਵਾਵਾਂ ਦਿਲ 'ਤੇ ਜ਼ਿਆਦਾ ਦਬਾਅ ਪਾਉਂਦੀਆਂ ਹਨ, ਜਿਸ ਨਾਲ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਅਤੇ ਸਰਦੀਆਂ 'ਚ ਸਵੇਰ ਦੀ ਸੈਰ 'ਤੇ ਜਾਂਦੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦੇ ਹੈ, ਦੇ ਬਾਰੇ ਆਓ ਜਾਣਦੇ ਹਾਂ.... 

ਗਰਮ ਕੱਪੜੇ ਪਾਓ
ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਅਤੇ ਸਵੇਰ ਦੀ ਸੈਰ ਕਰਦੇ ਹੋ ਤਾਂ ਤੁਹਾਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਸੈਰ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕੋ। ਇਸ ਨਾਲ ਤੁਹਾਨੂੰ ਠੰਡ ਘੱਟ ਮਹਿਸੂਸ ਹੋਵੇਗੀ ਅਤੇ ਤੁਸੀਂ ਠੰਡੀਆਂ ਹਵਾਵਾਂ ਤੋਂ ਬਚੇ ਰਹੋਗੇ। ਸਰਦੀਆਂ 'ਚ ਦਿਲ ਦੇ ਮਰੀਜ਼ਾਂ ਨੂੰ ਗਰਮ ਕੱਪੜੇ ਪਾ ਕੇ ਸੈਰ ਲਈ ਬਾਹਰ ਜਾਣਾ ਚਾਹੀਦਾ ਹੈ ਤਾਂਕਿ ਤੁਹਾਡੀ ਸਿਹਤ ਠੀਕ ਕਹੇ।

ਚੰਗੀ ਖ਼ੁਰਾਕ ਦਾ ਸੇਵਨ ਕਰੋ 
ਸਵੇਰ ਦੀ ਸੈਰ 'ਤੇ ਜਾਣ ਤੋਂ ਪਹਿਲਾਂ ਦਿਲ ਦੇ ਮਰੀਜ਼ ਕੁਝ ਨਾ ਕੁਝ ਜ਼ਰੂਰ ਖਾਣ। ਸਵੇਰੇ ਖਾਲੀ ਢਿੱਡ ਸੈਰ ਕਦੇ ਨਾ ਕਰੋ। ਸੈਰ ਕਰਨ ਤੋਂ ਪਹਿਲਾਂ ਤੁਸੀਂ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਪਾਣੀ ਦਾ ਸੇਵਨ ਸਹੀ ਮਾਤਰਾ 'ਚ ਕਰੋ। ਇਸ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਰਹੇਗੀ।

ਥੋੜੀ ਧੁੱਪ ਨਿਕਲ ਜਾਣ 'ਤੇ ਸੈਰ ਕਰਨ ਲਈ ਜਾਓ
ਦਿਲ ਦੇ ਰੋਗੀਆਂ ਨੂੰ ਸਵੇਰੇ-ਸਵੇਰੇ ਸੈਰ ਕਰਨ ਲਈ ਨਹੀਂ ਜਾਣਾ ਚਾਹੀਦਾ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਸਵੇਰ ਦੀਆਂ ਠੰਡੀਆਂ ਹਵਾਵਾਂ 'ਚ ਸੈਰ ਕਰਨ ਤੋਂ ਬਚੋ। ਥੋੜੀ ਧੁੱਪ ਨਿਕਲ ਜਾਣ 'ਤੇ ਹੀ ਸੈਰ ਕਰਨ ਲਈ ਜਾਓ। ਇਸ ਨਾਲ ਤੁਹਾਨੂੰ ਜ਼ਿਆਦਾ ਠੰਡ ਨਹੀਂ ਲੱਗੇਗੀ। 

ਹਲਕੀ ਕਸਰਤ ਕਰੋ
ਦਿਲ ਦੇ ਰੋਗੀਆਂ ਨੂੰ ਸਰਦੀਆਂ ਵਿੱਚ ਆਪਣੇ ਆਪ ਨੂੰ ਗਰਮ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਜੇਕਰ ਤੁਸੀਂ ਸਵੇਰ ਦੀ ਸੈਰ ਲਈ ਜਾਂਦੇ ਹੋ ਤਾਂ ਸਰਦੀਆਂ ਵਿੱਚ ਸਵੇਰ ਦੇ ਸਮੇਂ ਹਲਕੀ ਕਸਰਤ ਕਰੋ। ਇਸ ਨਾਲ ਤੁਹਾਡੇ ਸਰੀਰ ਨੂੰ ਗਰਮਾਹਟ ਮਿਲੇਗੀ ਅਤੇ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ। ਇਸ ਤੋਂ ਇਲਾਵਾ ਤੁਹਾਡੇ ਦਿਲ ਦੀ ਸਿਹਤ ਵੀ ਚੰਗੀ ਰਹੇਗੀ। 

ਸਿਹਤਮੰਦ ਰਹਿਣ ਲਈ ਅਪਣਾਓ ਇਹ ਟਿਪਸ

. ਆਪਣੇ ਬਲੱਡ ਪ੍ਰੈਸ਼ਰ ਦੀ ਨਿਯਮਤ ਤੌਰ 'ਤੇ ਜਾਂਚ ਕਰਵਾਓ। ਜੇਕਰ ਤੁਹਾਡਾ ਬੀਪੀ ਹਾਈ ਹੈ ਤਾਂ ਸਰਦੀਆਂ 'ਚ ਸਵੇਰ ਦੀ ਸੈਰ ਨਾ ਕਰੋ।
. ਘਰ ਦੇ ਅੰਦਰ ਰਹਿ ਕੇ ਕਸਰਤ ਕਰੋ। ਇਸ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ।
. ਜੇਕਰ ਠੰਡ ਹੈ ਤਾਂ ਸਵੇਰ ਦੀ ਸੈਰ 'ਤੇ ਨਾ ਜਾਓ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
. ਸਰਦੀਆਂ ਵਿੱਚ ਜ਼ਿਆਦਾ ਤਲਿਆ ਜਾਂ ਮਸਾਲੇਦਾਰ ਖਾਣਾ ਕਦੇ ਨਾ ਖਾਓ। 
. ਸਿਗਰਟਨੋਸ਼ੀ, ਸ਼ਰਾਬ ਅਤੇ ਕੈਫੀਨ ਦਾ ਜ਼ਿਆਦਾ ਸੇਵਨ ਕਦੇ ਨਾ ਕਰੋ।

rajwinder kaur

This news is Content Editor rajwinder kaur