Health Tips: ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗੀ ਰਾਹਤ

08/03/2023 5:29:57 PM

ਜਲੰਧਰ (ਬਿਊਰੋ) - ਮੂੰਹ ਵਿੱਚ ਛਾਲੇ ਹੋਣ ਦੀ ਸਮੱਸਿਆ ਆਮ ਹੈ। ਕਈ ਵਾਰ ਮੂੰਹ ਦੇ ਛਾਲੇ 3-4 ਦਿਨ ਤਕ ਰਹਿੰਦੇ ਹਨ ਅਤੇ ਕੁਝ 15 ਦਿਨ ਤੱਕ। ਇਸ ਨਾਲ ਦਰਦ ਬਹੁਤ ਹੁੰਦੀ ਹੈ, ਜਿਸ ਕਾਰਨ ਖਾਣਾ-ਪੀਣਾ ਮੁਸ਼ਕਿਲ ਹੋ ਜਾਂਦਾ ਹੈ। ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਢਿੱਡ ਦਾ ਖ਼ਰਾਬ ਹੋਣਾ, ਹਾਰਮੋਨਲ ਅਸੰਤੁਲਨ, ਪੀਰੀਅਡਜ਼ ਕਾਰਨ ਜਾਂ ਕਾਸਮੈਟਿਕ ਸਰਜਰੀ ਕਾਰਨ ਹੁੰਦੇ ਹਨ। ਆਯੂਰਵੇਦ ਅਨੁਸਾਰ ਢਿੱਡ ਵਿੱਚ ਗਰਮੀ ਵਧਣ ਅਤੇ ਸਰੀਰ ’ਚ ਪਿੱਤ ਵਧਣ ਦੇ ਕਾਰਨ ਮੂੰਹ ਵਿੱਚ ਛਾਲੇ ਹੁੰਦੇ ਹਨ। ਕਈ ਲੋਕ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਦਾ ਗਲਤ ਅਸਰ ਹੋ ਸਕਦਾ ਹੈ। ਮੂੰਹ ਦੇ ਛਾਲਿਆਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਿਹੜੇ ਘਰੇਲੂ ਨੁਸਖ਼ੇ ਅਸਰਦਾਰ ਹੋਣਗੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਮੂੰਹ ਦੇ ਛਾਲਿਆਂ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਜ਼ਿਆਦਾ ਮਾਤਰਾ 'ਚ ਪਾਣੀ ਪੀਓ
ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਵਧਣ ਵਾਲੀ ਗਰਮੀ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਅਜਿਹ ਕਰਨ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।

ਲੂਣ ਵਾਲਾ ਪਾਣੀ
ਮੂੰਹ ’ਚ ਛਾਲੇ ਹੋਣ ’ਤੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰਨ ਨਾਲ ਮੂੰਹ ਸਾਫ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਹੀਂ ,ਲੱਸੀ ਅਤੇ ਫਲਾਂ ਦਾ ਜੂਸ ਪੀਣ ਨਾਲ ਵੀ ਛਾਲੇ ਦੂਰ ਹੋ ਜਾਂਦੇ ਹਨ।

ਸੁਹਾਗਾ ਲਗਾਓ
ਸੁਹਾਗੇ ਨੂੰ ਤਵੇ ’ਤੇ ਫੁਲਾ ਲਓ ਅਤੇ ਪੀਸ ਕੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ। ਇਸ ਮਿਸ਼ਰਣ ਨੂੰ ਛਾਲਿਆਂ ’ਤੇ ਦਿਨ ਵਿੱਚ ਤਿੰਨ ਚਾਰ ਵਾਰ ਲਗਾਓ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਹਲਦੀ
ਹਲਦੀ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਛਾਲਿਆਂ ’ਤੇ ਲਗਾਓ। ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ, ਜੋ ਛਾਲਿਆਂ ਨੂੰ ਬਹੁਤ ਜਲਦ ਠੀਕ ਕਰਦੇ ਹਨ।

ਟਮਾਟਰ ਦਾ ਰਸ
ਟਮਾਟਰ ਦਾ ਰਸ ਪਾਣੀ ਵਿੱਚ ਮਿਲਾ ਕੇ ਕੁਰਲੀ ਕਰਨ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ। ਇਸ ਲਈ ਛਾਲਿਆਂ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਟਮਾਟਰ ਦੇ ਰਸ ਦੇ ਗਰਾਰੇ ਜ਼ਰੂਰ ਕਰੋ।

ਸੁੱਕਾ ਨਾਰੀਅਲ
ਮੂੰਹ ਦੇ ਛਾਲੇ ਹੋਣ ’ਤੇ ਸੁੱਕੇ ਨਾਰੀਅਲ ਨੂੰ ਖ਼ੂਬ ਚਬਾ ਚਬਾ ਕੇ ਖਾਓ। ਚਬਾਉਣ ਤੋਂ ਬਾਅਦ ਪੇਸਟ ਕੁੱਝ ਸਮਾਂ ਮੂੰਹ ਵਿੱਚ ਰੱਖੋ ਅਤੇ ਫਿਰ ਖਾ ਲਓ। ਦਿਨ ਵਿੱਚ ਇਸ ਤਰ੍ਹਾਂ 3-4 ਵਾਰ ਕਰੋ। ਅਜਿਹਾ ਕਰਨ ਨਾਲ ਛਾਲੇ ਦੋ ਦਿਨ ਵਿੱਚ ਠੀਕ ਹੋ ਜਾਣਗੇ।

ਨਿੰਮ ਦੇ ਪੱਤੇ ਅਤੇ ਲਸਣ
ਮੂੰਹ ’ਚ ਛਾਲੇ ਹੋਣ ’ਤੇ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਵਿੱਚ ਲੱਸਣ ਦਾ ਰਸ ਮਿਲਾ ਕੇ ਗਰਾਰੇ ਕਰੋ। ਇਸ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ਚਮੇਲੀ ਅਤੇ ਅਮਰੂਦ ਦੇ ਪੱਤੇ
ਚਮੇਲੀ ਅਤੇ ਅਮਰੂਦ ਦੇ ਪੱਤੇ ਮੂੰਹ ਵਿੱਚ ਰੱਖ ਕੇ ਹੌਲੀ ਹੌਲੀ ਚਬਾਓ। ਥੋੜ੍ਹੀ ਦੇਰ ਬਾਅਦ ਪਾਣੀ ਬਾਹਰ ਕੱਢ ਦਿਓ। ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।

ਕਿੱਕਰ ਦੀ ਦਾਤੁਣ ਕਰੋ
ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕਿੱਕਰ ਦੀ ਦਾਤੁਣ ਕਰੋ। ਇਸ ਤੋਂ ਇਲਾਵਾ ਕਿੱਕਰ ਦੀ ਛਾਲ ਦਾ ਕਾੜ੍ਹਾ ਬਣਾ ਕੇ ਕੁਰਲੇ ਕਰੋ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਮੁਲੱਠੀ
ਮੂੰਹ ’ਚ ਛਾਲੇ ਹੋਣ ’ਤੇ ਇਕ ਕੱਪ ਪਾਣੀ ਵਿੱਚ ਮੁਲੱਠੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਇਸ ਪਾਣੀ ਨੂੰ ਥੋੜ੍ਹਾ ਠੰਢਾ ਕਰ ਕੇ ਗਰਾਰੇ ਕਰੋ। ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
 

rajwinder kaur

This news is Content Editor rajwinder kaur