Health Tips: ਗਰਮੀਆਂ ''ਚ ਚਮੜੀ ਨੂੰ ਖੁਸ਼ਕੀ ਤੋਂ ਬਚਾਉਣ ਲਈ ਖੁਰਾਕ ''ਚ ਸ਼ਾਮਲ ਕਰੋ ਦਹੀਂ ਸਣੇ ਇਹ ਚੀਜ਼ਾਂ

04/14/2022 5:07:42 PM

ਨਵੀਂ ਦਿੱਲੀ- ਲਗਾਤਾਰ ਵਧਦੀ ਗਰਮੀ ਅਤੇ ਕੜਕਦੀ ਧੁੱਪ ਨਾ ਸਿਰਫ ਸਿਹਤ ਨੂੰ ਖਰਾਬ ਕਰਦੀ ਹੈ ਸਗੋਂ ਸਕਿਨ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਤੁਸੀਂ ਇਸ ਗਰਮੀ 'ਚ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਆਪਣੀ ਸਕਿਨ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਦਰਅਸਲ, ਤੇਜ਼ ਧੁੱਪ 'ਚ ਸਕਿਨ ਉੱਤੇ ਟੈਨਿੰਗ ਹੋਣ ਲੱਗਦੀ ਹੈ। ਚਿਹਰੇ 'ਤੇ ਗਰਮੀ ਦੇ ਕਾਰਨ ਪਸੀਨਾ ਨਿਕਲਦਾ ਹੈ, ਜਿਸ ਨਾਲ ਮੁਹਾਸੇ ਦੀ ਸਮੱਸਿਆ ਵੀ ਹੋ ਸਕਦੀ ਹੈ। ਗਰਮੀ ਤੋਂ ਬਚਣ ਅਤੇ ਸਕਿਨ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਖੁਰਾਕ 'ਚ ਗਰਮੀ ਦੇ ਮੌਸਮ ਵਿੱਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਸਕਿਨ ਨੂੰ ਖੁਸ਼ਕੀ ਤੋਂ ਬਚਾਉਣ ਲਈ ਬਾਜ਼ਾਰ ਵਿੱਚ ਮਿਲਣ ਵਾਲੇ ਲੋਸ਼ਨ ਅਤੇ ਕਰੀਮਾਂ ਦੀ ਵਰਤੋਂ ਕਰਦੇ ਹਨ। ਪਰ ਇਹ ਚੀਜ਼ਾਂ ਸਕਿਨ ਨੂੰ ਬਾਹਰੋਂ ਹੀ ਬਚਾ ਸਕਦੀਆਂ ਹਨ। ਗਰਮੀਆਂ 'ਚ ਸਕਿਨ ਨੂੰ ਅੰਦਰੋਂ ਸਿਹਤਮੰਦ ਰੱਖਣ ਲਈ ਕੁਝ ਖਾਸ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ ਵਿੱਚ ਖੁਸ਼ਕ ਸਕਿਨ ਤੋਂ ਬਚਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।


ਖੁਸ਼ਕ ਸਕਿਨ ਤੋਂ ਬਚਣ ਲਈ ਖਾਓ ਇਹ ਚੀਜ਼ਾਂ
ਨਾਰੀਅਲ ਪਾਣੀ 

ਗਰਮੀਆਂ 'ਚ ਨਾਰੀਅਲ ਪਾਣੀ ਜ਼ਰੂਰ ਪੀਓ। ਗਰਮੀਆਂ ਵਿੱਚ ਨਾਰੀਅਲ ਪਾਣੀ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ। ਨਾਰੀਅਲ ਪਾਣੀ ਸਕਿਨ ਅਤੇ ਵਾਲਾਂ ਨੂੰ ਵੀ ਸਿਹਤਮੰਦ ਰੱਖਦਾ ਹੈ। ਨਾਰੀਅਲ ਪਾਣੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਅਤੇ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ।

 

ਦਹੀਂ
ਗਰਮੀਆਂ 'ਚ ਸਕਿਨ ਨੂੰ ਖੁਸ਼ਕੀ ਅਤੇ ਫਿੱਕੇਪਨ ਤੋਂ ਬਚਾਉਣ ਲਈ ਦਹੀਂ ਦਾ ਸੇਵਨ ਜ਼ਰੂਰ ਕਰੋ। ਦਹੀਂ ਨਾ ਸਿਰਫ਼ ਢਿੱਡ ਲਈ ਚੰਗਾ ਹੈ ਬਲਕਿ ਇਹ ਵਾਲਾਂ ਅਤੇ ਸਕਿਨ ਨੂੰ ਵੀ ਸਿਹਤਮੰਦ ਰੱਖਦਾ ਹੈ। ਗਰਮੀਆਂ ਵਿੱਚ ਦਹੀਂ ਦਾ ਸੇਵਨ ਕਰਨ ਨਾਲ ਚਮੜੀ ਵਿੱਚ ਖੁਸ਼ਕੀ ਨਹੀਂ ਹੁੰਦੀ ਅਤੇ ਸਰੀਰ ਠੰਡਾ ਵੀ ਰਹਿੰਦਾ ਹੈ।

ਤਰਬੂਜ
ਤਰਬੂਜ ਗਰਮੀਆਂ ਦੇ ਮੌਸਮ ਵਿੱਚ ਪਾਇਆ ਜਾਣ ਵਾਲਾ ਇੱਕ ਮੌਸਮੀ ਫਲ ਹੈ। ਤਰਬੂਜ 'ਚ ਪਾਣੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਅਜਿਹੇ 'ਚ ਗਰਮੀਆਂ 'ਚ ਤਰਬੂਜ ਦਾ ਸੇਵਨ ਕਰਨ ਨਾਲ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੁੰਦੀ ਹੈ ਅਤੇ ਸਿਹਤ ਦੇ ਨਾਲ-ਨਾਲ ਇਹ ਸਕਿਨ ਨੂੰ ਵੀ ਸਿਹਤਮੰਦ ਰੱਖਦਾ ਹੈ। ਤਰਬੂਜ ਖਾਣ ਨਾਲ ਗਰਮੀਆਂ 'ਚ ਸਕਿਨ ਖੁਸ਼ਕ ਅਤੇ ਨੀਰਸ ਨਹੀਂ ਹੁੰਦੀ। ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ।


ਖੀਰਾ 
ਗਰਮੀਆਂ ਦੇ ਮੌਸਮ 'ਚ ਖੀਰੇ ਨੂੰ ਖੂਬ ਖਾਧਾ ਜਾਂਦਾ ਹੈ। ਜ਼ਿਆਦਾਤਰ ਲੋਕ ਸਲਾਦ 'ਚ ਖੀਰਾ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਖੀਰੇ ਦਾ ਰਾਇਤਾ ਅਤੇ ਖੀਰੇ ਦਾ ਜੂਸ ਵੀ ਪੀਤਾ ਜਾਂਦਾ ਹੈ। ਖੀਰੇ 'ਚ ਲਗਭਗ 95 ਫੀਸਦੀ ਪਾਣੀ ਪਾਇਆ ਜਾਂਦਾ ਹੈ। ਖੀਰੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਨੂੰ ਸਿਹਤਮੰਦ ਰੱਖਣ ਅਤੇ ਖੁਸ਼ਕੀ ਤੋਂ ਬਚਾਉਣ 'ਚ ਮਦਦ ਕਰਦੇ ਹਨ। ਖੀਰਾ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।

Aarti dhillon

This news is Content Editor Aarti dhillon