Health Tips: ਕਬਜ਼ ਹੋਣ ’ਤੇ ਚੌਲ ਸਣੇ ਕਦੇ ਨਾ ਖਾਓ ਅਜਿਹੀਆਂ ਚੀਜ਼ਾਂ, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

09/04/2021 5:27:20 PM

ਜਲੰਧਰ (ਬਿਊਰੋ) - ਅੱਜ ਕਲ ਗ਼ਲਤ ਖਾਣ-ਪੀਣ ਦੇ ਕਾਰਨ ਕਬਜ਼ ਦੀ ਸਮੱਸਿਆ ਹੋਣੀ ਆਮ ਹੋ ਗਈ ਹੈ। ਖਾਣਾ ਖਾਣ ਤੋਂ ਬਾਅਦ ਬੈਠੇ ਰਹਿਣਾ ਜਾਂ ਫਿਰ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣਾ, ਵਰਗੀਆਂ ਗ਼ਲਤ ਆਦਤਾਂ ਕਬਜ਼ ਦੀ ਸਮੱਸਿਆ ਨੂੰ ਹੋਰ ਜ਼ਿਆਦਾ ਵਧਾਉਂਦੀਆਂ ਹਨ। ਕਬਜ਼ ਦੀ ਸਮੱਸਿਆ ਬਹੁਤ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁਝ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾਣ ਨਾਲ ਕਬਜ਼ ਹੋਰ ਵੱਧ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਕੁਝ ਘਰੇਲੂ ਨੁਸਖ਼ੇ ਵੀ ਦੱਸਾਂਗੇ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ.....

ਕਬਜ਼ ਦੀ ਸਮੱਸਿਆ ਨੂੰ ਵਧਾਉਣ ਵਾਲੀਆਂ ਚੀਜ਼ਾਂ

ਡੇਅਰੀ ਪ੍ਰੋਡਕਟ
ਪਨੀਰ ਆਈਸਕ੍ਰੀਮ ਅਤੇ ਹੋਰ ਡੇਅਰੀ ਪ੍ਰੋਡਕਟ ਕਬਜ਼ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੇ ਹਨ। ਦੁੱਧ ਕਬਜ਼ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ। ਇਸ ਲਈ ਜਦੋਂ ਵੀ ਕਬਜ਼ ਦੀ ਸਮੱਸਿਆ ਹੋਵੇ ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਦੁੱਧ ਨਹੀਂ ਪੀਣਾ ਚਾਹੀਦਾ ।

ਬੇਕਰੀ ਪ੍ਰੋਡਕਟ
ਬੇਕਰੀ ਪ੍ਰੋਡਕਟ ਵਾਲੀਆਂ ਚੀਜ਼ਾਂ ਜਿਵੇਂ ਕੁਕੀਜ਼ ਪੇਸਟਰੀ ਕੇਕ ਵਿੱਚ ਰਿਫਾਇਡ ਕਾਰਬੋਹਾਈਡ੍ਰੇਟ ਹੁੰਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਫਾਈਬਰ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਇਨ੍ਹਾਂ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਵਧ ਜਾਂਦੀ ਹੈ। ਕਬਜ਼ ਹੋਣ ’ਤੇ ਫਾਈਬਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕੇਲਾ
ਕੇਲਾ ਵੈਸੇ ਤਾਂ ਕਬਜ਼ ਤੋਂ ਰਾਹਤ ਦਿਲਾਉਂਦਾ ਹੈ। ਜੇਕਰ ਅਸੀਂ ਕੱਚਾ ਕੇਲਾ ਖਾਂਦੇ ਹਾਂ ਤਾਂ ਕੱਚਾ ਕੇਲਾ ਕਬਜ਼ ਦੀ ਸਮੱਸਿਆ ਨੂੰ ਵਧਾਉਂਦਾ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਪੱਕੇ ਕੇਲੇ ਦਾ ਸੇਵਨ ਕਰੋ, ਕਿਉਂਕਿ ਇਸ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ।

ਤਲੀਆਂ ਹੋਈਆਂ ਚੀਜ਼ਾਂ
ਕਬਜ਼ ਦੇ ਰੋਗੀਆਂ ਲਈ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ। ਇਹ ਚੀਜ਼ਾਂ ਪਾਚਨ ਸ਼ਕਤੀ ਨੂੰ ਕਮਜ਼ੋਰ ਬਣਾਉਂਦੀਆਂ ਹਨ, ਜਿਸ ਨਾਲ ਕਬਜ਼ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ ।

ਸਫੈਦ ਚੌਲ
ਪ੍ਰੋਸੈਸਡ ਫੂਡ ਜਿਵੇਂ ਵਾਈਟ ਬਰੈੱਡ, ਵਾਈਟ ਰਾਈਸ ਅਤੇ ਵ੍ਹਾਈਟ ਪਾਸਤਾ ਵਿੱਚ ਪੋਸ਼ਕ ਤੱਤ ਬਹੁਤ ਘੱਟ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ।

ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ

ਨਿੰਬੂ ਦਾ ਰਸ
ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਿਲਾਸ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਕਾਲਾ ਲੂਣ ਮਿਲਾ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਲੂਣ ਸਾਫ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ।

ਸ਼ਹਿਦ
ਕਬਜ਼ ਦੀ ਸਮੱਸਿਆ ਲਈ ਸ਼ਹਿਦ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਰਾਤ ਨੂੰ ਸੋਣ ਤੋਂ ਪਹਿਲਾਂ 1 ਚਮਚ ਸ਼ਹਿਦ 1 ਗਿਲਾਸ ਕੋਸੇ ਪਾਣੀ ਵਿਚ ਮਿਲਾ ਕੇ ਪੀਓ ।

ਕਾਜੂ ਅਤੇ ਮੁਨੱਕਾ
ਰੋਜ਼ਾਨਾ ਸਵੇਰੇ ਖਾਲੀ ਢਿੱਡ 4-5 ਕਾਜੂ ਅਤੇ 4-5 ਮੁਨੱਕਾ ਮਿਲਾ ਕੇ ਖਾਣ ਨਾਲ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ 5-6 ਮੁਨੱਕੇ ਖਾਣ ਨਾਲ ਵੀ ਕਬਜ਼ ਠੀਕ ਹੋ ਜਾਂਦੀ ਹੈ ।

ਤ੍ਰਿਫਲਾ ਚੂਰਣ
ਰੋਜ਼ਾਨਾ ਰਾਤ ਨੂੰ ਹਰੜ ਦਾ ਚੂਰਨ ਅਤੇ ਤ੍ਰਿਫਲਾ ਚੂਰਨ ਕੋਸੇ ਪਾਣੀ ਨਾਲ ਲਓ। ਇਸ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਢਿੱਡ ਦੀ ਗੈਸ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਅਰੰਡੀ ਦਾ ਤੇਲ
ਕਬਜ਼ ਦੀ ਸਮੱਸਿਆ ਹੋਣ ’ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅਰੰਡੀ ਦੇ ਤੇਲ ਦੀਆਂ ਕੁਝ ਬੂੰਦਾ ਗਰਮ ਦੁੱਧ ਵਿੱਚ ਮਿਲਾ ਕੇ ਪੀਓ। ਇਸ ਨਾਲ ਢਿੱਡ ਸਾਫ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਠੀਕ ਹੁੰਦੀ ਹੈ ।

ਕਿਸ਼ਮਿਸ਼ ਅਤੇ ਅੰਜੀਰ
ਰੋਜ਼ਾਨਾ ਰਾਤ ਨੂੰ ਕੁਝ ਕਿਸ਼ਮਿਸ਼ ਅਤੇ ਅੰਜੀਰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਖਾਣ ਨਾਲ ਕੁਝ ਦਿਨਾਂ ਵਿੱਚ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ ।

rajwinder kaur

This news is Content Editor rajwinder kaur