Health Tips : ਇਨ੍ਹਾਂ ਤਰੀਕਿਆਂ ਨਾਲ ਕਰੋ ਕੋਰੋਨਾ ਇਨਫੈਕਟਿਡ ਬੱਚੇ ਦੀ ਦੇਖਭਾਲ

01/23/2022 12:48:29 PM

ਨਵੀਂ ਦਿੱਲੀ- ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਹਿਲੀ ਅਤੇ ਦੂਜੀ ਲਹਿਰ ਨੇ ਬੱਚਿਆਂ ਨੂੰ ਓਨਾ ਪ੍ਰਭਾਵਿਤ ਨਹੀਂ ਕੀਤਾ ਪਰ ਤੀਜੀ ਲਹਿਰ ਦੇ ਖਦਸ਼ੇ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਕਿ ਉਨ੍ਹਾਂ ਦਾ ਬੱਚਾ ਕੋਰੋਨਾ ਪਾਜ਼ੇਟਿਵ ਆ ਗਿਆ ਤੀ ਕੀ ਕਰਨਗੇ? ਮਾਪਿਆਂ ਨੂੰ ਕੋਰੋਨਾ ਤੋਂ ਬਹੁਤਾ ਡਰਨ ਦੀ ਲੋੜ ਨਹੀਂ ਹੈ, ਜੇਕਰ ਤੁਹਾਡਾ ਬੱਚਾ ਇਨਫੈਕਟਿਡ ਹੋ ਜਾਂਦਾ ਹੈ ਤਾਂ ਮਾਹਿਰਾਂ ਵਲੋਂ ਦੱਸੀਆਂ ਗਈਆਂ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਉਨ੍ਹਾਂ ਦਾ ਖਿਆਲ ਰੱਖ ਸਕਦੇ ਹੋ।
ਇਨਫੈਕਟਿਡ ਬੱਚੇ ਨੂੰ ਦੂਰ ਕਰੋ, ਇਕੱਲਾ ਨਹੀਂ
ਜੇਕਰ ਤੁਹਾਡਾ ਕੋਰੋਨਾ ਇਨਫੈਕਟਿਡ ਬੱਚਾ ਵੱਡਾ ਹੈ ਤਾਂ ਉਸ ਨੂੰ ਕਮਰੇ ’ਚ ਇਕੱਲੇ ਆਈਸੋਲੇਟ ਕਰਨ 'ਚ ਬਹੁਤੀ ਪ੍ਰੇਸ਼ਾਨੀ ਨਹੀਂ ਹੋਵੇਗੀ। ਪ੍ਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਬੱਚਾ ਛੋਟਾ ਹੋਵੇ ਜਾਂ ਭਾਵ 3 ਤੋਂ 10 ਸਾਲ ਦੇ ਵਿਚਕਾਰ ਹੋਵੇ। ਇਸ ਉਮਰ ’ਚ ਬੱਚੇ ਮਾਤਾ-ਪਿਤਾ ਅਤੇ ਘਰ ਦੇ ਹੋਰ ਮੈਂਬਰਾਂ ਦੇ ਬਿਨਾਂ ਇਕੱਲੇ ਨਹੀਂ ਰਹਿ ਪਾਉਦੇ ਅਤੇ ਨਾ ਹੀ ਇਕ ਜਗ੍ਹਾ ਟਿਕ ਕੇ ਰਹਿੰਦੇ ਹਨ। ਅਜਿਹੀ ਸਥਿਤੀ ’ਚ ਇਨਫੈਕਟਿਡ ਬੱਚੇ ਨੂੰ ਇਕੱਲੇ ਛੱਡਣ ਦੀ ਬਜਾਏ ਉਸ ਤੋਂ ਦੂਰੀ ਬਣਾ ਕੇ ਉਸ ਦੀ ਦੇਖਭਾਲ ਕਰੋ।


ਮਾਤਾ-ਪਿਤਾ ’ਚੋਂ ਕੋਈ ਇਕ ਕਰੇ ਦੇਖਭਾਲ
ਕੋਰੋਨਾ ਪਾਜ਼ੇਟਿਵ ਛੋਟਾ ਬੱਚਾ ਆਪਣਾ ਖਿਆਲ ਖੁਦ ਨਹੀਂ ਰੱਖ ਸਕਦਾ, ਅਜਿਹੇ ’ਚ ਮਾਤਾ-ਪਿਤਾ ’ਚੋਂ ਕਿਸੇ ਇਕ ਨੂੰ ਉਸ ਦਾ ਖਿਆਲ ਰੱਖਣ ਦੀ ਲੋੜ ਹੈ ਪਰ ਧਿਆਨ ਰਹੇ ਜੋ ਵੀ ਬੱਚੇ ਦੀ ਦੇਖਭਾਲ ਕਰੇ ਉਸ ਦਾ ਵੈਕਸੀਨੇਟ ਅਤੇ ਸਿਹਤਮੰਦ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਬੱਚੇ ਦਾ ਚੰਗੇ ਤਰ੍ਹਾਂ ਨਾਲ ਖਿਆਲ ਰੱਖ ਸਕਦਾ ਹੈ।
ਵੈਂਟੀਲੇਸ਼ਨ ਅਤੇ ਸਾਫ-ਸਫਾਈ ਦਾ ਰੱਖੋ ਧਿਆਨ
ਜੇਕਰ ਤੁਸੀਂ ਆਪਣੇ ਕੋਰੋਨਾ ਇਨਫੈਕਟਿਡ ਬੱਚੇ ਦੀ ਦੇਖਭਾਲ ਕਰ  ਰਹੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜਿੱਥੇ ਵੀ ਬੱਚੇ ਨੂੰ ਆਈਸੋਲੇਟ ਕੀਤਾ ਗਿਆ ਹੈ ਉਥੇ ਵੈਂਟੀਲੇਸ਼ਨ ਹੋਵੇ ਭਾਵ ਕਮਰੇ ਦੇ ਬਾਹਰ ਦੀ ਹਵਾ ਆਉਦੀ-ਜਾਂਦੀ ਰਹੇ। ਇਸ ਤੋਂ ਇਲਾਵਾ ਸਾਫ-ਸਫਾਈ ’ਤੇ ਪੂਰਾ ਧਿਆਨ ਦਿਓ। ਸਮੇਂ-ਸਮੇਂ ’ਤੇ ਹੱਥ ਧੋਂਦੇ ਰਹੋ। 24 ਘੰਟੇ ਮਾਸਕ ਪਹਿਨੋ ਅਤੇ ਬੱਚੇ ਨੂੰ ਵੀ ਪਹਿਨਾਈ ਰੱਖੋ। ਹੋ ਸਕੇ ਤਾਂ ਬੱਚੇ ਦਾ ਟਾਇਲਟ ਵੱਖਰਾ ਰੱਖੋ।


ਬੱਚੇ ਦੀ ਮਾਨਸਿਕ ਸਿਹਤ ਦਾ ਰੱਖੋ ਧਿਆਨ
ਬੱਚੇ ਇਕ ਜਗ੍ਹਾ ਟਿਕ ਕੇ ਨਹੀਂ ਰਹਿੰਦੇ। ਉਨ੍ਹਾਂ ਨੂੰ ਖੇਡਣਾ-ਕੁੱਦਣਾ ਅਤੇ ਸਾਰਿਆਂ ਦਾ ਪਿਆਰ ਚਾਹੀਦਾ ਹੁੰਦਾ ਹੈ ਪਰ ਕੋਰੋਨਾ ਇਨਫੈਕਟਿਡ ਹੋਣ ਕਾਰਨ ਉਸ ਨੂੰ ਆਈਸੋਲੇਟ ਕਰਕੇ ਰੱਖਣਾ ਪੈਂਦਾ ਹੈ, ਜਿਸ ਨਾਲ ਬੱਚੇ ਦੀ ਐਕਟਵਿਟੀ ਘੱਟ ਹੋ ਜਾਂਦੀ ਹੈ। ਅਜਿਹੀ ਸਥਿਤੀ ’ਚ ਬੱਚੇ ਦੀ ਮੈਂਟਲ ਹੈਲਥ ’ਤੇ ਅਸਰ ਪੈਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜੋ ਵੀ ਬੱਚੇ ਦਾ ਧਿਆਨ ਰੱਖ ਰਿਹਾ ਹੈ, ਉਹ ਬੱਚੇ ਨੂੰ ਸਮਝਾਏ ਕਿ ਉਹ ਜਲਦੀ ਠੀਕ ਹੋ ਜਾਵੇਗਾ। ਜੇਕਰ ਬੱਚਾ ਖੇਡਣ ਦੀ ਜਿੱਦ ਕਰੇ ਤਾਂ ਉਸ ਨਾਲ ਇੰਡੋਰ ਗੇਮਜ਼ ਹੀ ਖੇਡੋ।

ਧਿਆਨ ਦਿਓ
ਸਰਕਾਰ ਦੀ ਨਵੀਂ ਕੋਰੋਨਾ ਆਈਸੋਲੇਸ਼ਨ ਗਾਈਡਲਾਈਨ ਮੁਤਾਬਿਕ ਪਾਜ਼ੇਟਿਵ ਹੋਣ ਦੇ 7 ਦਿਨਾਂ ਤੋਂ ਬਾਅਦ ਹੋਮ ਆਈਸੋਲੇਸ਼ਨ ਖਤਮ ਹੋ ਜਾਏਗਾ ਭਾਵ ਪੂਰੇ 7 ਦਿਨ ਆਈਸੋਲੇਸ਼ਨ ਖਤਮ ਹੋਣ ਤੋਂ ਬਾਅਦ ਬੱਚੇ ਨੂੰ ਬਾਹਰ ਲਿਜਾ ਸਕਦੇ ਹੋ ਪਰ ਧਿਆਨ ਰੱਖੋ ਕਿ ਬੱਚਾ ਮਾਸਕ ਪਹਿਨੇ ਅਤੇ ਲੋਕਾਂ ਤੋਂ ਦੂਰੀ ਬਣਾਈ ਰੱਖੇ। ਹੋ ਸਕੇ ਤਾਂ ਬੱਚੇ ਨੂੰ ਬਾਹਰ ਲਿਜਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।   

Aarti dhillon

This news is Content Editor Aarti dhillon