ਗਰਮੀਆਂ ’ਚ ਸਰੀਰ ਲਈ ਫ਼ਾਇਦੇਮੰਦ ਹੁੰਦੈ ‘ਗੂੰਦ ਕਤੀਰਾ’, ਸੇਵਨ ਕਰਨ ’ਤੇ ਦੂਰ ਹੋਣਗੀਆਂ ਕਈ ਸਮੱਸਿਆਵਾਂ

05/06/2023 6:30:51 PM

ਜਲੰਧਰ- ਗਰਮੀਆਂ ਦੇ ਮੌਸਮ ’ਚ ਲੋਕ ਧੁੱਪ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਮੌਸਮ 'ਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਠੰਡਕ ਮਿਲੇ। ਗਰਮੀਆਂ ’ਚ ਗੂੰਦ ਕਤੀਰਾ ਖਾਣਾ ਚੰਗਾ ਹੁੰਦਾ ਹੈ, ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਹਨ। ਗੂੰਦ ਕਤੀਰੇ ਦੇ ਸੇਵਨ ਨਾਲ ਕਮਜ਼ੋਰੀ, ਥਕਾਵਟ, ਗਰਮੀਆਂ ਵਿਚ ਆਉਣ ਵਾਲੇ ਚੱਕਰ, ਉਲਟੀ, ਸਿਰਦਰਦ ਆਦਿ ਤੋਂ ਕਾਫ਼ੀ ਆਰਾਮ ਮਿਲਦਾ ਹੈ। ਗੂੰਦ ਕਤੀਰੇ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਗੂੰਦ ਕਤੀਰਾ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ.....

ਕਮਜ਼ੋਰੀ ਅਤੇ ਥਕਾਵਟ
ਰੋਜ਼ਾਨਾ ਸਵੇਰੇ ਅੱਧਾ ਗਿਲਾਸ ਦੁੱਧ 'ਚ ਗੂੰਦ ਕਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇਕ ਰਾਤ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਹੈ।

ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਗੂੰਦ ਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮੀਆਂ 'ਚ ਰੋਜ਼ਾਨਾ ਦੁੱਧ ’ਚ ਪਾ ਕੇ ਗੂੰਦ ਕਤੀਰੇ ਦੀ ਵਰਤੋਂ ਕਰੋ।

ਲੂ ਤੋਂ ਬਚਾਅ
ਤਪਦੀ ਗਰਮੀ 'ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੂੰਦ ਕਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।

ਜਲਨ ਤੋਂ ਰਾਹਤ
ਜੇਕਰ ਤੁਹਾਡੇ ਹੱਥਾਂ-ਪੈਰਾਂ 'ਤੇ ਜਲਨ ਹੈ ਤਾਂ 2 ਚਮਚ ਗੂੰਦ ਕਤੀਰੇ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਪਾਣੀ 'ਚ ਭਿਓਂ ਦਿਓ। ਸਵੇਰੇ ਇਸ 'ਚ ਸ਼ੱਕਰ ਮਿਲਾ ਕੇ ਖਾ ਲਓ। ਇਸ ਨਾਲ ਜਲਨ ਠੀਕ ਹੋ ਜਾਂਦੀ ਹੈ।

ਖੂਨ ਦੀ ਘਾਟ ਦੂਰ
ਗੂੰਦ ਕਤੀਰੇ ਨੂੰ ਭਿਓਂ ਕੇ ਰੋਜ਼ ਖਾਣ ਨਾਲ ਖੂਨ ਦੀ ਘਾਟ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। ਜੇ ਤੁਹਾਨੂੰ ਅਨੀਮਿਆ ਦੀ ਸਮੱਸਿਆ ਰਹਿੰਦੀ ਹੈ ਤਾਂ ਗੂੰਦ ਕਤੀਰੇ ਦੀ ਵਰਤੋਂ ਜ਼ਰੂਰ ਕਰੋ।

ਕਬਜ਼ ਤੋਂ ਮੁਕਤੀ ਦਿਵਾਉਣ
ਗੂੰਦ ਕਤੀਰੇ ਵਿਚ ਕਬਜ਼ ਤੋਂ ਮੁਕਤੀ ਦਿਵਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗੂੰਦ ਕਤੀਰਾ ਪਾਣੀ ਵਿਚ ਭਿਉਣ ਤੋਂ ਬਾਅਦ ਗੂੰਦ ਫੁਲ ਜਾਵੇ ਤਾਂ ਇਸ ਵਿਚ ਨਿੰਬੂ ਦਾ ਰਸ ਅਤੇ ਠੰਡਾ ਪਾਣੀ ਮਿਲਾ ਕੇ ਪੀਣਾ ਚਾਹੀਦਾ ਹੈ।

ਮਾਈਗ੍ਰੇਨ, ਚੱਕਰ, ਉੱਲਟੀ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ, ਉੱਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਿਤ ਰੂਪ 'ਚ ਗੂੰਦ ਕਤੀਰੇ ਦੀ ਵਰਤੋਂ ਕਰੋ।

rajwinder kaur

This news is Content Editor rajwinder kaur