‘ਲਸਣ’ ਹੈ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ, ਬਲੱਡ ਪ੍ਰੈਸ਼ਰ ਸਣੇ ਕਰੇ ਸਾਹ ਦੇ ਰੋਗ ਦੂਰ

11/29/2022 12:39:53 PM

ਜਲੰਧਰ (ਬਿਊਰੋ)– ਗੁਣਾਂ ਨਾਲ ਭਰਪੂਰ ਲਸਣ ਜਿਥੇ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ, ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲਸਣ ’ਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ, ਐਂਟੀ ਫੰਗਲ ਤੇ ਐਂਟੀ ਆਕਸੀਡੈਂਟ ਦੇ ਨਾਲ-ਨਾਲ ਐਲੀਸਿਨ, ਸੈਲੇਨੀਅਮ, ਇਜਾਇਨ ਫਾਸਫੋਰਸ, ਆਇਰਨ ਵੀ, ਵਿਟਾਮਿਨ ਏ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦੇ ਹਨ।

ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦਾ ਹੈ। ਲਸਣ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਆਓ ਜਾਣਦੇ ਹਾਂ ਲਸਣ ਦੇ ਫ਼ਾਇਦਿਆਂ ਬਾਰੇ 

  • ਸਵੇਰੇ ਖਾਲੀ ਢਿੱਡ ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਤੇ ਦਿਲ ਸਿਹਤਮੰਦ ਰਹਿੰਦਾ ਹੈ।
  • ਲਸਣ ਸਰੀਰ ’ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਇਨਸੁਲਿਨ ਦੀ ਮਾਤਰਾ ਵਧਾਉਂਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾ ਖੁਰਾਕ ’ਚ ਲਸਣ ਖਾਣਾ ਚਾਹੀਦਾ ਹੈ।
  • ਸਾਹ ਦੇ ਰੋਗੀ ਨੂੰ ਲਸਣ ਦੀ ਇਕ ਤੁਰੀ ਨੂੰ ਹਰ ਰੋਜ਼ ਲੂਣ ਨਾਲ ਗਰਮ ਕਰਕੇ ਖਾਣਾ ਚਾਹੀਦਾ ਹੈ। ਤਿੰਨ ਤੁਰੀਆਂ ਦੁੱਧ ’ਚ ਪਕਾ ਕੇ ਖਾਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
  • ਲਸਣ ਸਾਹ, ਸਰਦੀ ਜ਼ੁਕਾਮ, ਖਾਂਸੀ, ਅਸਥਮਾ, ਨਿਮੋਨੀਆ ਵਰਗੀਆਂ ਬੀਮਾਰੀਆਂ ਲਈ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਸਰਦੀ-ਖਾਂਸੀ ਤੋਂ ਛੁਟਕਾਰਾ ਦਿਵਾਉਂਦਾ ਹੈ।
  • ਰੋਜ਼ਾਨਾ ਲਸਣ ਖਾਣ ਨਾਲ ਸ਼ੂਗਰ ਦੇ ਰੋਗ ਦੂਰ ਹੁੰਦੇ ਹਨ ਤੇ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
  • ਲਸਣ ’ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਐਲਰਜੀ ਨੂੰ ਦੂਰ ਕਰਦੇ ਹਨ। ਰੋਜ਼ਾਨਾ ਲਸਣ ਖਾਣ ਨਾਲ ਐਲਰਜੀ ਦੇ ਨਿਸ਼ਾਨ ਤੇ ਧੱਫੜ ਦੂਰ ਹੋ ਜਾਂਦੇ ਹਨ।
  • ਜੇਕਰ ਤੁਹਾਨੂੰ ਢਿੱਡ ’ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ, ਲੂਣ, ਦੇਸੀ ਘਿਓ, ਭੁੰਨੀ ਹੋਈ ਹੀਂਗ ਤੇ ਅਦਰਕ ਦਾ ਰਸ ਪੀ ਸਕਦੇ ਹੋ। ਇਹ ਬਹੁਤ ਫ਼ਾਇਦੇਮੰਦ ਹੈ।
  • ਜੇਕਰ ਤੁਹਾਨੂੰ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਪਹਿਲਾਂ ਲਸਣ ਦੀਆਂ 1-2 ਤੁਰੀਆਂ ਥੋੜ੍ਹੇ ਜਿਹੇ ਘਿਓ ’ਚ ਕਾਲੀ ਮਿਰਚ ਤੇ ਲੂਣ ਮਿਲਾ ਕੇ ਖਾਓ।
  • ਦੰਦਾਂ ’ਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਲਸਣ ਨੂੰ ਪੀਸ ਕੇ ਲਗਾਓ। ਦਰਦ ’ਚ ਕੁਝ ਰਾਹਤ ਮਿਲੇਗੀ।

ਇੰਝ ਕਰੋ ਕੱਚੇ ਲਸਣ ਦੀ ਵਰਤੋਂ
ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ 2 ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਕੱਚਾ ਲਸਣ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਲਸਣ ਦੇ ਜ਼ਿਆਦਾ ਫਾਇਦੇ ਲੈਣ ਲਈ ਹਮੇਸ਼ਾ ਲਸਣ ਨੂੰ ਖ਼ਾਲੀ ਪੇਟ ਕੱਚਾ ਖਾਣਾ ਚਾਹੀਦਾ ਹੈ। ਇਸ ਨੂੰ ਤੁਸੀਂ ਅੱਗ ’ਤੇ ਭੁੰਨ ਕੇ ਵੀ ਖਾ ਸਕਦੇ ਹੋ। ਕੱਚਾ ਲਸਣ ਖਾਣ ਲਈ ਸਭ ਤੋਂ ਪਹਿਲਾਂ 2 ਤੁਰੀਆਂ ਨੂੰ 10 ਮਿੰਟ ਲਈ ਕੱਟ ਕੇ ਰੱਖ ਲਵੋ, ਫਿਰ ਉਸ ਤੋਂ ਬਾਅਦ ਪਾਣੀ ਨਾਲ ਇਸ ਦਾ ਸੇਵਨ ਕਰੋ।

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh