Health Tips: ਸਰਦੀਆਂ 'ਚ ਹੱਥਾਂ-ਪੈਰਾਂ ਦੀਆਂ ਉਂਗਲੀਆਂ ਦੀ ਸੋਜ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ

11/18/2023 5:13:07 PM

ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਉਣ 'ਤੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ 'ਕੜਾਕੇ ਦੀ ਠੰਡ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਆਉਣਾ ਅਤੇ ਠੰਡ ਨਾਲ ਲਾਲ ਹੋ ਜਾਣਾ' ਹੈ। ਕਈ ਲੋਕਾਂ ਵਿੱਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਸੁੱਜੀਆਂ ਉਂਗਲਾਂ ਵਿੱਚ ਤੇਜ਼ ਖਾਰਸ਼ ਹੁੰਦੀ ਹੈ। ਖੁਰਕਣ ਤੋਂ ਬਾਅਦ ਉਨ੍ਹਾਂ ਵਿਚ ਦਰਦ ਅਤੇ ਜਲਨ ਵਧ ਜਾਂਦੀ ਹੈ, ਜਿਸ ਨਾਲ ਜ਼ਖ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਔਰਤਾਂ 'ਚ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਠੰਢ ਵਿੱਚ ਪਾਣੀ ਨਾਲ ਕੰਮ ਕਰਨਾ ਹੁੰਦਾ ਹੈ। ਔਰਤਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ, ਜਿਸ ਕਾਰਨ ਇਹ ਬੀਮਾਰੀ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਦੂਰ ਕਰਨ ਲਈ ਅਪਣਾਓ ਇਹ ਤਰੀਕੇ

ਹੱਥਾਂ ਤੇ ਪੈਰਾਂ ਨੂੰ ਧੁੱਪ ਲਗਾਓ
ਸਰਦੀਆਂ ਵਿੱਚ ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਹੱਥਾਂ ਅਤੇ ਪੈਰਾਂ ਨੂੰ ਸਵੇਰ ਦੇ ਸਮੇਂ ਸੂਰਜ ਦੀ ਪਹਿਲੀ ਕਿਰਨ ’ਚ ਰੱਖੋ। ਦੁਪਹਿਰ ਦੇ ਸਮੇਂ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਾਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। 

ਲੂਣ ਵਾਲੇ ਪਾਣੀ 'ਚ ਪੈਰਾਂ ਨੂੰ ਡੁੱਬੋ ਕੇ ਰੱਖੋ
ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਦੂਰ ਕਰਨ ਲਈ ਤੁਸੀਂ ਇੱਕ ਟੱਬ ਜਾਂ ਬਾਲਟੀ 'ਚ ਗਰਮ ਪਾਣੀ ਭਰੋ। ਇਸ ਪਾਣੀ 'ਚ ਥੋੜਾ ਜਿਹਾ ਲੂਣ ਪਾਓ ਅਤੇ ਹੱਥਾਂ-ਪੈਰਾਂ ਨੂੰ ਇਸ ਪਾਣੀ 'ਚ 15 ਤੋਂ 20 ਮਿੰਟ ਤੱਕ ਡੁੱਬੋ ਕੇ ਰੱਖੋ। ਇਸ ਨਾਲ ਸੋਜ ਅਤੇ ਲਾਲ ਚਮੜੀ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।  

ਸਰ੍ਹੋਂ ਦਾ ਤੇਲ ਅਤੇ ਲੂਣ ਵਾਲਾ ਪਾਣੀ
ਸਰਦੀਆਂ 'ਚ ਉਂਗਲਾਂ ਦੀ ਸੋਜ ਦੂਰ ਕਰਨ ਲਈ ਤੁਸੀਂ 4 ਚਮਚ ਸਰ੍ਹੋਂ ਦੇ ਤੇਲ ਵਿੱਚ 1 ਚਮਚ ਸੇਂਧਾ ਲੂਣ ਮਿਲਾ ਕੇ ਉਸ ਨੂੰ ਗਰਮ ਕਰ ਲਓ। ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਤੇ ਲਗਾਓ ਅਤੇ ਜੁਰਾਬਾਂ ਪਹਿਨ ਕੇ ਸੌਂ ਜਾਓ। ਅਜਿਹਾ ਕਰਨ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ। 

ਗੰਢੇ ਦੇ ਰਸ ਦੀ ਵਰਤੋਂ 
ਸਰਦੀਆਂ 'ਚ ਹੱਥਾਂ-ਪੈਰਾਂ ਦੀ ਸੋਜ ਦੂਰ ਕਰਨ ਲਈ ਤੁਸੀਂ ਗੰਢੇ ਦੇ ਰਸ ਦੀ ਵਰਤੋਂ ਕਰ ਸਕਦੇ ਹੋ। ਐਂਟੀ-ਬਾਇਉਟਿਕ ਅਤੇ ਐਂਟੀ-ਸੇਪਟਿਕ ਗੁਣਾਂ ਨਾਲ ਭਰਪੂਰ ਗੰਢੇ ਦਾ ਰਸ ਉਂਗਲੀਆਂ ਵਿਚ ਹੋਣ ਵਾਲੀ ਸੋਜ ਨੂੰ ਦੂਰ ਕਰਦਾ ਹੈ। ਇਸ ਲਈ ਰਸ ਨੂੰ ਸੋਜ ਵਾਲੀ ਥਾਂ 'ਤੇ ਲੱਗਾ ਕੇ ਕੁੱਝ ਦੇਰ ਲਈ ਛੱਡ ਦਿਓ। ਇਸ ਨਾਲ ਤੁਹਾਨੂੰ ਜਲਦ ਆਰਾਮ ਮਿਲੇਗਾ।

ਆਲੂ ਅਤੇ ਲੂਣ ਦੀ ਵਰਤੋਂ
ਸਰਦੀਆਂ ਵਿੱਚ ਸੋਜ ਨੂੰ ਦੂਰ ਕਰਨ ਲਈ ਇਕ ਆਲੂ ਕੱਟ ਕੇ ਉਸ ਵਿਚ ਲੂਣ ਮਿਲ ਲਓ। ਹੁਣ ਇਸ ਦਾ ਇਸਤੇਮਾਲ ਤੁਸੀਂ ਸੁੱਜੀਆਂ ਹੋਈਆਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਤੇ ਕਰੋ। ਅਜਿਹਾ ਕਰਨ ਨਾਲ ਸੋਜ ਦੀ ਸਮੱਸਿਆ ਕੁੱਝ ਸਮੇਂ ਵਿਚ ਦੂਰ ਹੋ ਜਾਵੇਗੀ। ਇਸ ਨਾਲ ਤੁਹਾਡੇ ਖਾਰਿਸ਼ ਵੀ ਨਹੀਂ ਹੋਵੇਗੀ।

rajwinder kaur

This news is Content Editor rajwinder kaur