Health Tips: ਚਿੱਟਾ ਮੱਖਣ ਖਾਣ ਨਾਲ ਸਰੀਰ ਨੂੰ ਇਕ ਨਹੀਂ ਸਗੋਂ ਹੋਣਗੇ 6 ਫ਼ਾਇਦੇ, ਜਾਣੋ ਬਣਾਉਣ ਦਾ ਤਰੀਕਾ

10/07/2023 1:50:55 PM

ਜਲੰਧਰ (ਬਿਊਰੋ) : ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਖਾਣੇ ਦਾ ਸੁਆਦ ਵਧਾਉਣ ਲਈ ਮੱਖਣ ਦਾ ਸੇਵਨ ਕਰਦੇ ਹਨ। ਮੱਖਣ ਖਾਣ 'ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਸਰੀਰ ਲਈ ਗੁਣਕਾਰੀ ਹੁੰਦਾ ਹੈ। ਪੀਲੇ ਮੱਖਣ ਦੇ ਮੁਕਾਬਲੇ ਚਿੱਟਾ ਮੱਖਣ ਸੌਖੇ ਤਰੀਕੇ ਨਾਲ ਹਜ਼ਮ ਹੋ ਜਾਂਦਾ ਹੈ। ਇਸੇ ਕਰਕੇ ਲੋਕ ਚਿੱਟੇ ਮੱਖਣ ਦਾ ਸੇਵਨ ਨਾਸ਼ਤੇ 'ਚ ਜ਼ਰੂਰ ਕਰਦੇ ਹਨ। ਕਈ ਲੋਕ ਨਾਸ਼ਤੇ 'ਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ। ਚਿੱਟਾ ਮੱਖਣ ਖਾਣ ਨਾਲ ਨਾ ਸਿਰਫ਼ ਸਰੀਰ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਸਗੋਂ ਅੱਖਾਂ ਦੀ ਰੌਸ਼ਨੀ ਅਤੇ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਬਾਜ਼ਾਰ 'ਚ ਮਿਲਣ ਵਾਲੇ ਮੱਖਣ 'ਚ ਲੂਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਬਜ਼ੁਰਗ ਲੋਕ ਘਰ 'ਚ ਬਣੇ ਚਿੱਟੇ ਮੱਖਣ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਚਿੱਟਾ ਮੱਖਣ ਖਾਣ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.... 

ਮਜ਼ਬੂਤ ਇਮਿਊਨਿਟੀ 
ਇਮਿਊਨਿਟੀ ਨੂੰ ਮਜ਼ਬੂਤ ​​ਰੱਖਣ ਲਈ ਸਿਰਫ਼ ਵਿਟਾਮਿਨ-ਸੀ ਦੀ ਨਹੀਂ, ਸਗੋਂ ਵਿਟਾਮਿਨ-ਡੀ ਦੀ ਵੀ ਲੋੜ ਹੁੰਦੀ ਹੈ। ਦੁੱਧ ਤੋਂ ਬਣਿਆ ਸਫੈਦ ਮੱਖਣ ਵਿਟਾਮਿਨ-ਡੀ ਨਾਲ ਭਰਪੂਰ ਹੁੰਦਾ ਹੈ। ਇਸ ਮੱਖਣ ਦਾ ਸੇਵਨ ਕਰਕੇ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ​​ਕਰ ਸਕਦੇ ਹੋ, ਜਿਸ ਨਾਲ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। 

ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਦੀ ਸਿਹਤ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਕਾਰਨ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੈ, ਜਿਸ ਨੂੰ ਦੂਰ ਕਰਨ ਲਈ ਚਿੱਟੇ ਮੱਖਣ ਦਾ ਸੇਵਨ ਕਰੋ। ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣ 'ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਚਿੱਟੇ ਮੱਖਣ ਵਿੱਚ ਵਿਟਾਮਿਨ-ਡੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦਾ ਦਿਲ 
ਜੇਕਰ ਤੁਸੀਂ ਘਿਓ ਦੀ ਥਾਂ ਆਪਣੇ ਭੋਜਨ 'ਚ ਚਿੱਟੇ ਮੱਖਣ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਡਾ ਦਿਲ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦਾ ਹੈ। ਇਸ ਦਾ ਖ਼ੁਲਾਸਾ ਇਕ ਮੈਡੀਕਲ ਰਿਸਰਚ ਵਿੱਚ ਹੋਇਆ ਹੈ। ਘਰ ਵਿੱਚ ਬਣੇ ਚਿੱਟੇ ਮੱਖਣ ਵਿੱਚ ਵਿਟਾਮਿਨ ਏ, ਡੀ, ਕੇ ਅਤੇ ਈ ਹੁੰਦੇ ਹਨ। ਇਸ 'ਚ ਮੌਜੂਦ ਲੇਸੀਥਿਨ, ਆਇਓਡੀਨ ਅਤੇ ਸੇਲੇਨਿਅਮ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ।

ਵਾਲਾਂ ਦੀ ਮਾਲਿਸ਼ 
ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ​​ਰੱਖਣ ਲਈ ਸਿਹਤਮੰਦ ਚਰਬੀ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੇ ਵਾਲ ਜ਼ਿਆਦਾ ਝੜਨ ਲੱਗੇ ਹਨ ਤਾਂ ਤੁਹਾਨੂੰ ਆਪਣੀ ਡਾਈਟ 'ਚ ਮੱਖਣ ਸ਼ਾਮਲ ਕਰਨਾ ਚਾਹੀਦਾ ਹੈ। ਚਾਹੋ ਤਾਂ ਹਫ਼ਤੇ ਵਿੱਚ ਇੱਕ ਵਾਰ ਮੱਖਣ ਨਾਲ ਵਾਲਾਂ ਦੀ ਮਾਲਿਸ਼ ਵੀ ਕਰ ਸਕਦੇ ਹੋ। ਇਹ ਵਾਲਾਂ ਨੂੰ ਕੁਦਰਤੀ ਚਮਕ ਦੇਣ ਦੇ ਨਾਲ-ਨਾਲ ਕੰਡੀਸ਼ਨਰ ਵੀ ਬਣਾਉਂਦਾ ਹੈ।

ਵਿਟਾਮਿਨਸ 
ਚਿੱਟਾ ਮੱਖਣ ਖ਼ਾਸ ਕਰਕੇ ਵਿਟਾਮਿਨ-ਏ ਅਤੇ ਵਿਟਾਮਿਨ-ਡੀ ਦਾ ਚੰਗਾ ਸਰੋਤ ਹੈ। ਵਿਟਾਮਿਨ-ਏ ਦ੍ਰਿਸ਼ਟੀ, ਚਮੜੀ ਦੀ ਸਿਹਤ ਅਤੇ ਇਮਿਊਨ ਫੰਕਸ਼ਨ ਲਈ ਜ਼ਰੂਰੀ ਹੈ, ਜਦੋਂ ਕਿ ਵਿਟਾਮਿਨ-ਡੀ ਹੱਡੀਆਂ ਦੀ ਸਿਹਤ ਅਤੇ ਸਮੁੱਚੀ ਪ੍ਰਤੀਰੋਧਤਾ ਲਈ ਮਹੱਤਵਪੂਰਨ ਹੈ।

ਭਾਰ ਘੱਟ ਕੀਤਾ ਜਾ ਸਕਦਾ 
ਵੱਧੇ ਹੋਏ ਭਾਰ ਨੂੰ ਘਟਾਉਣ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਚਿੱਟੇ ਮੱਖਣ 'ਚ ਟਰਾਂਸ ਫੈਟ ਮੌਜੂਦ ਹੁੰਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਭਾਰ ਨੂੰ ਘੱਟ ਕਰ ਸਕਦੇ ਹੋ। 

ਘਰ 'ਚ ਇੰਝ ਬਣਾਓ ਚਿੱਟਾ ਮੱਖਣ
ਘਰ 'ਚ ਚਿੱਟਾ ਮੱਖਣ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕਟੋਰੀ 'ਚ ਦੁੱਧ ਦੀ ਮਲਾਈ ਕੱਢ ਕੇ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਡੂੰਘੇ ਭਾਂਡੇ 'ਚ ਪਾ ਕੇ ਕੜਛੀ ਦੀ ਮਦਦ ਨਾਲ ਕੁਝ ਦੇਰ ਤੱਕ ਜ਼ੋਰ ਨਾਲ ਘੁਮਾਓ। ਅਜਿਹਾ ਕਰਨ ਨਾਲ ਮਲਾਈ ਗਾੜ੍ਹੀ ਹੋ ਜਾਵੇਗੀ। ਲਗਾਤਾਰ ਘੁਮਾਉਣ ਨਾਲ ਮੱਖਣ ਦੁੱਧ 'ਚ ਪਾਣੀ ਤੋਂ ਵੱਖ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਇਸ ਚਿੱਟੇ ਮੱਖਣ ਨੂੰ ਇਕ ਵੱਖਰੇ ਬਾਊਲ 'ਚ ਕੱਢ ਲਓ ਅਤੇ ਜਿਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਖਾਓ।


 

rajwinder kaur

This news is Content Editor rajwinder kaur