ਰੋਜ਼ਾਨਾ ਸਿਰਫ਼ 1 ਚਮਚ chia seeds ਖਾਣ ਨਾਲ ਸਰੀਰ 'ਚ ਹੋਣਗੇ ਬੇਮਿਸਾਲ ਫਾਇਦੇ, ਜਾਣੋ ਖਾਣ ਦਾ ਸਹੀ ਤਰੀਕਾ

Saturday, May 23, 2026 - 12:33 PM (IST)

ਰੋਜ਼ਾਨਾ ਸਿਰਫ਼ 1 ਚਮਚ chia seeds ਖਾਣ ਨਾਲ ਸਰੀਰ 'ਚ ਹੋਣਗੇ ਬੇਮਿਸਾਲ ਫਾਇਦੇ, ਜਾਣੋ ਖਾਣ ਦਾ ਸਹੀ ਤਰੀਕਾ

ਹੈਲਥ ਡੈਸਕ - ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਖ਼ਰਾਬ ਖ਼ੁਰਾਕ ਕਾਰਨ ਲੋਕ ਬਹੁਤ ਜਲਦੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ 'ਚ ਖੁਦ ਨੂੰ ਤੰਦਰੁਸਤ ਰੱਖਣ ਲਈ ਆਪਣੀ ਡਾਈਟ 'ਚ ਕੁਝ ਹੈਲਦੀ ਚੀਜ਼ਾਂ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਨ੍ਹਾਂ 'ਚੋਂ ਹੀ ਇਕ ਹੈ 'ਚੀਆ ਸੀਡਸ', ਜਿਸ ਨੂੰ ਅੱਜ-ਕੱਲ੍ਹ ਦੁਨੀਆ ਭਰ 'ਚ 'ਸੁਪਰਫੂਡ' ਵਜੋਂ ਜਾਣਿਆ ਜਾਂਦਾ ਹੈ।

ਇਹ ਛੋਟੇ-ਛੋਟੇ ਕਾਲੇ ਅਤੇ ਚਿੱਟੇ ਰੰਗ ਦੇ ਬੀਜ ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਹਨ। ਇਨ੍ਹਾਂ 'ਚ ਭਰਪੂਰ ਮਾਤਰਾ 'ਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਚੀਆ ਸੀਡਸ ਖਾਣ ਨਾਲ ਸਰੀਰ ਨੂੰ ਕੀ-ਕੀ ਵੱਡੇ ਫਾਇਦੇ ਹੁੰਦੇ ਹਨ :-

ਤੇਜ਼ੀ ਨਾਲ ਵਜ਼ਨ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਵਧ ਰਹੇ ਵਜ਼ਨ ਜਾਂ ਪੇਟ ਦੀ ਚਰਬੀ ਤੋਂ ਪਰੇਸ਼ਾਨ ਹੋ, ਤਾਂ ਚੀਆ ਸੀਡਸ ਤੁਹਾਡੇ ਲਈ ਵਰਦਾਨ ਹਨ। ਇਨ੍ਹਾਂ 'ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਇਨ੍ਹਾਂ ਨੂੰ ਪਾਣੀ 'ਚ ਭਿਉਂ ਕੇ ਖਾਧਾ ਜਾਂਦਾ ਹੈ, ਤਾਂ ਇਹ ਪੇਟ 'ਚ ਜਾ ਕੇ ਫੁੱਲ ਜਾਂਦੇ ਹਨ, ਜਿਸ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਵਾਧੂ ਕੈਲੋਰੀ ਖਾਣ ਤੋਂ ਬਚਣ ਦੇ ਕਾਰਨ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ।

ਦਿਲ ਦੀ ਸਿਹਤ ਲਈ ਉੱਤਮ 
- ਚੀਆ ਸੀਡਸ ਕੁਦਰਤ ਦਾ ਸਭ ਤੋਂ ਵਧੀਆ ਪੌਦੇ-ਅਧਾਰਿਤ ਓਮੇਗਾ-3 ਫੈਟੀ ਐਸਿਡ ਦਾ ਸਰੋਤ ਹਨ। ਇਹ ਜ਼ਰੂਰੀ ਚਰਬੀ ਸਰੀਰ 'ਚੋਂ ਖ਼ਰਾਬ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੀ ਹੈ, ਜਿਸ ਨਾਲ ਦਿਲ ਦੇ ਦੌਰੇ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ।

ਪਾਚਨ ਕਿਰਿਆ ਨੂੰ ਬਣਾਏ ਮਜ਼ਬੂਤ
- ਕਬਜ਼, ਗੈਸ ਅਤੇ ਪੇਟ ਦੇ ਖ਼ਰਾਬ ਰਹਿਣ ਦੀ ਸਮੱਸਿਆ 'ਚ ਚੀਆ ਸੀਡਸ ਅੰਮ੍ਰਿਤ ਵਾਂਗ ਕੰਮ ਕਰਦੇ ਹਨ। ਇਸ 'ਚ ਮੌਜੂਦ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਪੇਟ ਨੂੰ ਸਾਫ਼ ਰੱਖਦੇ ਹਨ ਅਤੇ ਆਂਦਰਾਂ 'ਚ 'ਗੁੱਡ ਬੈਕਟੀਰੀਆ' ਨੂੰ ਵਧਾਉਂਦੇ ਹਨ, ਜਿਸ ਨਾਲ ਪਾਚਨ ਤੰਤਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ।

ਹੱਡੀਆਂ ਅਤੇ ਦੰਦਾਂ ਨੂੰ ਬਣਾਏ ਲੋਹੇ ਵਰਗਾ
- ਉਮਰ ਵਧਣ ਦੇ ਨਾਲ ਜੋੜਾਂ ਅਤੇ ਹੱਡੀਆਂ 'ਚ ਦਰਦ ਹੋਣਾ ਆਮ ਗੱਲ ਹੈ। ਚੀਆ ਸੀਡਸ 'ਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਮਹੱਤਵਪੂਰਨ ਖਣਿਜ ਪਾਏ ਜਾਂਦੇ ਹਨ। ਜਿਹੜੇ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ, ਉਨ੍ਹਾਂ ਲਈ ਇਹ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਬਦਲ ਹੈ।

ਬਲੱਡ ਸ਼ੂਗਰ ਕਰੇ ਕੰਟਰੋਲ
- ਸ਼ੂਗਰ ਦੇ ਮਰੀਜ਼ਾਂ ਲਈ ਚੀਆ ਸੀਡਸ ਬਹੁਤ ਲਾਹੇਵੰਦ ਹਨ। ਖਾਣੇ 'ਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਖੂਨ 'ਚ ਸ਼ੂਗਰ ਬਣਨ ਦੀ ਪ੍ਰਕਿਰਿਆ ਨੂੰ ਇਹ ਬੀਜ ਹੌਲੀ ਕਰ ਦਿੰਦੇ ਹਨ। ਇਸ ਨਾਲ ਖਾਣਾ ਖਾਣ ਤੋਂ ਬਾਅਦ ਅਚਾਨਕ ਬਲੱਡ ਸ਼ੂਗਰ ਦਾ ਪੱਧਰ ਨਹੀਂ ਵਧਦਾ।

ਚਮੜੀ ਅਤੇ ਵਾਲਾਂ 'ਚ ਲਿਆਵੇ ਕੁਦਰਤੀ ਚਮਕ
- ਐਂਟੀ-ਆਕਸੀਡੈਂਟਸ (ਜਿਵੇਂ ਕਿ ਕਵੇਰਸੇਟਿਨ) ਨਾਲ ਭਰਪੂਰ ਹੋਣ ਕਰਕੇ, ਇਹ ਬੀਜ ਸਰੀਰ ਦੇ ਫ੍ਰੀ ਰੈਡੀਕਲਸ ਨੂੰ ਖ਼ਤਮ ਕਰਦੇ ਹਨ। ਇਹ ਚਮੜੀ ਦੀਆਂ ਝੁਰੜੀਆਂ ਨੂੰ ਦੂਰ ਕਰਕੇ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਰੋਕਦੇ ਹਨ ਅਤੇ ਵਾਲਾਂ ਨੂੰ ਝੜਨ ਤੋਂ ਰੋਕ ਕੇ ਉਨ੍ਹਾਂ ਨੂੰ ਲੰਬੇ ਅਤੇ ਸੰਘਣੇ ਬਣਾਉਂਦੇ ਹਨ।

ਸੇਵਨ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ :-

ਕਦੇ ਵੀ ਸੁੱਕਾ ਨਾ ਖਾਓ
- ਚੀਆ ਸੀਡਸ ਨੂੰ ਕਦੇ ਵੀ ਸਿੱਧਾ ਸੁੱਕਾ ਚਬਾ ਕੇ ਉੱਪਰੋਂ ਪਾਣੀ ਨਹੀਂ ਪੀਣਾ ਚਾਹੀਦਾ। ਇਹ ਗਲੇ 'ਚ ਫੁੱਲ ਕੇ ਸਾਹ ਲੈਣ 'ਚ ਦਿੱਕਤ ਪੈਦਾ ਕਰ ਸਕਦੇ ਹਨ।

ਸਹੀ ਤਰੀਕਾ
- 1 ਚਮਚ ਚੀਆ ਸੀਡਸ ਨੂੰ ਅੱਧਾ ਗਲਾਸ ਪਾਣੀ 'ਚ ਘੱਟੋ-ਘੱਟ 15 ਤੋਂ 20 ਮਿੰਟ ਲਈ ਭਿਉਂ ਕੇ ਰੱਖੋ। ਜਦੋਂ ਇਹ ਜੈੱਲ ਵਰਗੇ ਬਣ ਜਾਣ, ਤਾਂ ਇਸ ਨੂੰ ਨਿੰਬੂ ਪਾਣੀ, ਸਮੂਦੀ, ਦਹੀਂ, ਸ਼ੇਕ ਜਾਂ ਦਲੀਆ 'ਚ ਮਿਲਾ ਕੇ ਖਾਓ।

ਖ਼ੂਬ ਪਾਣੀ ਪੀਓ
- ਕਿਉਂਕਿ ਇਸ 'ਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਦਿਨ ਭਰ 'ਚ ਖ਼ੂਬ ਪਾਣੀ ਪੀਣਾ ਜ਼ਰੂਰ ਯਕੀਨੀ ਬਣਾਓ।


author

Sunaina

Content Editor

Related News