ਕੀ ਤੁਹਾਨੂੰ ਵੀ ਲੱਗਦੀ ਹੈ ਜ਼ਿਆਦਾ ਭੁੱਖ? ਇਨ੍ਹਾਂ ਆਯੁਰਵੈਦਿਕ ਨੁਸਖ਼ਿਆਂ ਨਾਲ ਭੁੱਖ ਨੂੰ ਕਰੋ ਕੰਟਰੋਲ

10/29/2023 11:19:15 AM

ਜਲੰਧਰ (ਬਿਊਰੋ)– ਭੁੱਖ ਮਹਿਸੂਸ ਕਰਨਾ ਇਕ ਆਮ ਕਿਰਿਆ ਹੈ। ਸਾਡੇ ’ਚੋਂ ਕਈਆਂ ਨੂੰ ਭੁੱਖ ਘੱਟ ਲੱਗਦੀ ਹੈ। ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਬਹੁਤ ਭੁੱਖ ਲੱਗਦੀ ਹੈ। ਭੁੱਖ ਨਾ ਲੱਗਣ ਕਾਰਨ ਸਰੀਰ ’ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਸ ਦੇ ਨਾਲ ਹੀ ਜ਼ਿਆਦਾ ਭੁੱਖ ਲੱਗਣ ਨਾਲ ਸਰੀਰ ਦਾ ਭਾਰ ਵੀ ਵੱਧ ਸਕਦਾ ਹੈ। ਅਜਿਹੇ ’ਚ ਭੁੱਖ ’ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਕੰਟਰੋਲ ਕਰਨ ਲਈ ਆਯੁਰਵੈਦਿਕ ਨੁਸਖ਼ਿਆਂ ਦੀ ਮਦਦ ਲੈ ਸਕਦੇ ਹੋ। ਜੀ ਹਾਂ, ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਨੁਸਖ਼ੇ ਹਨ, ਜਿਨ੍ਹਾਂ ਰਾਹੀਂ ਤੁਸੀਂ ਆਪਣੀ ਭੁੱਖ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਭੁੱਖ ਨੂੰ ਕੰਟਰੋਲ ਕਰਨ ਦੇ ਆਯੁਰਵੈਦਿਕ ਨੁਸਖ਼ਿਆਂ ਬਾਰੇ–

ਭੁੱਖ ਨੂੰ ਕੰਟਰੋਲ ਕਰਨ ਲਈ ਆਯੁਰਵੈਦਿਕ ਨੁਸਖ਼ੇ

1. ਤ੍ਰਿਫਲਾ ਨਾਲ ਭੁੱਖ ਨੂੰ ਕਰੋ ਕੰਟਰੋਲ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਮਹਿਸੂਸ ਹੁੰਦੀ ਹੈ ਤਾਂ ਤ੍ਰਿਫਲਾ ਦਾ ਸੇਵਨ ਕਰੋ। ਤ੍ਰਿਫਲਾ ਤਿੰਨ ਆਯੁਰਵੈਦਿਕ ਜੜੀ ਬੂਟੀਆਂ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ, ਜਿਸ ’ਚ ਅਮਲਾਕੀ (ਭਾਰਤੀ ਕਰੌਦਾ), ਬਿਭੀਤਕੀ (ਟਰਮੀਨਲੀਆ ਬੇਲੀਰਿਕਾ), ਹਰਿਤਕੀ (ਟਰਮੀਨਲੀਆ ਚੇਬੂਲਾ) ਸ਼ਾਮਲ ਹਨ। ਖੋਜ ਮੁਤਾਬਕ ਤ੍ਰਿਫਲਾ ਦਾ ਸੇਵਨ ਕਰਨ ਨਾਲ ਭੁੱਖ ਕੰਟਰੋਲ ਹੁੰਦੀ ਹੈ। ਨਾਲ ਹੀ ਇਹ ਟਾਈਪ 2 ਡਾਇਬਟੀਜ਼ ਤੋਂ ਪੀੜਤ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਰੀਰ ’ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਨਾਲ ਹੀ ਇਹ ਤੁਹਾਡੇ ਵਧਦੇ ਭਾਰ ਤੋਂ ਛੁਟਕਾਰਾ ਪਾ ਸਕਦਾ ਹੈ।

2. ਗੁੱਗੁਲ ਹੈ ਫ਼ਾਇਦੇਮੰਦ
ਗੁੱਗੁਲ ਮੁਕੁਲ ਗੰਧਰਸ ਦੇ ਰੁੱਖ ਦੀ ਸੁੱਕੀ ਰਾਲ (ਗੂੰਦ) ਹੈ। ਤੁਸੀਂ ਭੁੱਖ ਨੂੰ ਕੰਟਰੋਲ ਕਰਨ ਲਈ ਗੁੱਗੂਲ ਲੈ ਸਕਦੇ ਹੋ। ਆਯੁਰਵੈਦਿਕ ਦਵਾਈਆਂ ’ਚ ਇਸ ਦੀ ਵਰਤੋਂ ਸਰੀਰ ਦੇ ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਇਹ ਸਰੀਰ ’ਚ ਮੌਜੂਦ ਫੈਟ ਸੈੱਲਾਂ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ। ਨਾਲ ਹੀ ਇਹ ਤੁਹਾਡੇ ਸਰੀਰ ’ਚ ਹਾਰਮੋਨਜ਼ ਨੂੰ ਸੰਤੁਲਿਤ ਕਰਦਾ ਹੈ।

3. ਕਲੌਂਜੀ ਦਾ ਕਰੋ ਸੇਵਨ
ਕਲੌਂਜੀ, ਜਿਸ ਨੂੰ ਕਾਲੇ ਬੀਜ ਜਾਂ ਕਾਲਾ ਜੀਰਾ (ਨਾਈਗੇਲਾ ਸੈਟੀਵਾ) ਵੀ ਕਿਹਾ ਜਾਂਦਾ ਹੈ। ਇਹ ਭਾਰਤੀ ਰਸੋਈ ’ਚ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ। ਨਿਗੇਲਾ ਸੈਟਿਵਾ ਬੀਜ ਤੇ ਤੇਲ ਦੀ ਵਰਤੋਂ ਕਰਨ ਨਾਲ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਇਹ ਤੁਹਾਡੀ ਵਧਦੀ ਭੁੱਖ ਨੂੰ ਕੰਟਰੋਲ ਕਰ ਸਕਦਾ ਹੈ। ਨਾਲ ਹੀ ਇਸ ਨੂੰ ਔਰਤਾਂ ਤੇ ਮਰਦਾਂ ਦੇ ਵਧਦੇ ਵਜ਼ਨ ਨੂੰ ਕੰਟਰੋਲ ਕਰਨ ’ਚ ਕਾਰਗਰ ਮੰਨਿਆ ਜਾਂਦਾ ਹੈ।

4. ਵਿਜੇਸਾਰ ਹੈ ਪ੍ਰਭਾਵਸ਼ਾਲੀ
ਵਿਜੇਸਾਰ (ਪਟੇਰੋਕਾਰਪਸ ਮਾਰਸੁਪੀਅਮ) ਦੇ ਅਰਕ ਨੂੰ ਕੀਨੋ ਟ੍ਰੀ ਵੀ ਕਿਹਾ ਜਾਂਦਾ ਹੈ। ਇਹ ਤੁਹਾਡੀ ਵਧੀ ਹੋਈ ਭੁੱਖ ਨੂੰ ਕੰਟਰੋਲ ਕਰਨ ’ਚ ਕਾਰਗਰ ਹੈ। ਇਸ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ’ਚ ਮੌਜੂਦ ਫੈਟ ਘੱਟ ਹੋ ਜਾਂਦਾ ਹੈ। ਹਾਲਾਂਕਿ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਭੁੱਖ ਨੂੰ ਕੰਟਰੋਲ ਕਰਨ ਲਈ ਆਯੁਰਵੈਦਿਕ ਸੁਝਾਅ

  • ਉਦਾਸੀ ਤੇ ਤਣਾਅ ਕੁਝ ਲੋਕਾਂ ਨੂੰ ਬਹੁਤ ਭੁੱਖੇ ਬਣਾਉਂਦੇ ਹਨ। ਅਜਿਹੇ ’ਚ ਜੇਕਰ ਤੁਸੀਂ ਕਿਸੇ ਮਾਨਸਿਕ ਸਥਿਤੀ ਨਾਲ ਜੂਝ ਰਹੇ ਹੋ ਤਾਂ ਸਮੇਂ ’ਤੇ ਇਸ ਦਾ ਇਲਾਜ ਕਰਵਾਓ। ਇਸ ਦੇ ਨਾਲ ਹੀ ਤਣਾਅ ਤੇ ਉਦਾਸੀ ’ਤੇ ਕਾਬੂ ਰੱਖੋ।
  • ਰਾਤ ਨੂੰ ਚਰਬੀ ਵਾਲੇ ਭੋਜਨ ਲੈਣ ਤੋਂ ਪ੍ਰਹੇਜ਼ ਕਰੋ। ਇਸ ਦੇ ਨਾਲ ਹੀ ਜ਼ਿਆਦਾ ਮਸਾਲੇਦਾਰ ਚੀਜ਼ਾਂ ਨਾ ਖਾਓ। ਇਸ ਨਾਲ ਤੁਹਾਡੀ ਖਾਣ ਦੀ ਇੱਛਾ ਵੱਧ ਜਾਂਦੀ ਹੈ।
  • ਦਿਨ ਦੀ ਸ਼ੁਰੂਆਤ ਕਰਨ ਲਈ ਕੋਸਾ ਨਿੰਬੂ ਪਾਣੀ ਪੀਓ। ਇਹ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ’ਚ ਕਾਰਗਰ ਹੈ।
  • ਭੁੱਖ ਨੂੰ ਕੰਟਰੋਲ ਕਰਨ ਲਈ ਨਿਯਮਿਤ ਤੌਰ ’ਤੇ ਕਸਰਤ ਕਰੋ। ਇਹ ਤੁਹਾਡੇ ਨੁਕਸ ਦੇ ਅਨੁਕੂਲ ਹੋਣਾ ਚਾਹੀਦਾ ਹੈ।
  • ਚੰਗੀ ਤੇ ਡੂੰਘੀ ਨੀਂਦ ਲਓ।

ਨੋਟ– ਭੁੱਖ ਨੂੰ ਕੰਟਰੋਲ ਕਰਨ ਲਈ ਤੁਸੀਂ ਆਯੁਰਵੈਦਿਕ ਜੜੀ-ਬੂਟੀਆਂ ਦੀ ਮਦਦ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਜੀਵਨ ਸ਼ੈਲੀ ’ਚ ਬਦਲਾਅ ਦੀ ਲੋੜ ਹੈ। ਹਾਲਾਂਕਿ ਇਹ ਧਿਆਨ ’ਚ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਮੱਸਿਆ ਕਾਰਨ ਜ਼ਿਆਦਾ ਭੁੱਖ ਮਹਿਸੂਸ ਹੁੰਦੀ ਹੈ ਤਾਂ ਅਜਿਹੇ ’ਚ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਵਾਈ ਜਾਂ ਆਯੁਰਵੈਦਿਕ ਜੜੀ-ਬੂਟੀਆਂ ਦਾ ਸੇਵਨ ਕਰੋ।

sunita

This news is Content Editor sunita