ਵਿਗਿਆਨੀਆਂ ਨੇ ਤਿਆਰ ਕੀਤੀ ਨਿਊਕਲੀਅਰ ਡਾਇਮੰਡ ਬੈਟਰੀ, ਹਜ਼ਾਰਾਂ ਸਾਲਾਂ ਤੱਕ ਡਿਵਾਈਸ ਨੂੰ ਕਰਦੀ ਹੈ ਚਾਰਜ
Thursday, Dec 19, 2024 - 09:14 PM (IST)
ਜਲੰਧਰ- ਇੰਗਲੈਂਡ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਿਊਕਲੀਅਰ ਡਾਇਮੰਡ ਬੈਟਰੀ ਬਣਾਈ ਹੈ। ਇਹ ਬੈਟਰੀ ਕਿਸੇ ਵੀ ਛੋਟੇ ਇਲੈਕਟ੍ਰਾਨਿਕ ਡਿਵਾਈਸ ਨੂੰ ਹਜ਼ਾਰਾਂ ਸਾਲਾਂ ਤੱਕ ਚਾਰਜ ਕਰ ਸਕਦੀ ਹੈ। ਇਸ ਬੈਟਰੀ ’ਚ ਕਾਰਬਨ-14 ਨਾਂ ਦਾ ਰੇਡੀਓਐਕਟਿਵ ਪਦਾਰਥ ਹੈ, ਜਿਸ ਦੀ ਅੱਧੀ ਉਮਰ 5730 ਸਾਲ ਹੈ। ਇਸ ਦਾ ਮਤਲਬ ਹੈ ਕਿ ਤੁਹਾਡੀ ਇਲੈਕਟ੍ਰਾਨਿਕ ਡਿਵਾਈਸ ਨੂੰ ਸਾਲਾਂ ਤੱਕ ਊਰਜਾ ਮਿਲਦੀ ਰਹੇਗੀ।
ਹੁਣ ਤੱਕ ਤੁਸੀਂ ਡਾਇਮੰਡ ਦੀ ਵਰਤੋਂ ਸਿਰਫ ਗਹਿਣੇ ਬਣਾਉਣ ’ਚ ਹੀ ਸੁਣੀ ਹੋਵੇਗੀ। ਵਿਗਿਆਨੀਆਂ ਨੇ ਇਸ ਦੀ ਮਦਦ ਨਾਲ ਬੈਟਰੀ ਬਣਾਈ ਹੈ। ਬ੍ਰਿਸਟਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਬੈਟਰੀ ਬਣਾਉਣ ਲਈ ਡਾਇਮੰਡ ਦੇ ਅੰਦਰ ਰੇਡੀਓਐਕਟਿਵ ਪਦਾਰਥ ਪਾਇਆ ਹੈ। ਇਹ ਦੋਵੇਂ ਪਦਾਰਥ ਮਿਲ ਕੇ ਬਿਜਲੀ ਪੈਦਾ ਕਰਦੇ ਹਨ, ਜਿਸ ਨਾਲ ਤੁਹਾਡੇ ਡਿਵਾਈਸ ਨੂੰ ਊਰਜਾ ਮਿਲਦੀ ਰਹੇਗੀ ਅਤੇ ਜਦੋਂ ਤੱਕ ਡਿਵਾਈਸ ਠੀਕ ਹੈ, ਇਸ ਨੂੰ ਚਾਰਜ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ।
ਕਿਸ ਤਰ੍ਹਾਂ ਕਰੇਗੀ ਕੰਮ
ਨਿਊਕਲੀਅਰ ਡਾਇਮੰਡ ਬੈਟਰੀ ’ਚ ਕਾਰਬਨ-14 ਅਤੇ ਡਾਇਮੰਡ ਕਾਰਨ ਰੇਡੀਏਸ਼ਨ ਹੁੰਦਾ ਹੈ। ਇਸ ਰੇਡੀਏਸ਼ਨ ਕਾਰਨ ਇਲੈਕਟ੍ਰੋਨ ਤੇਜ਼ੀ ਨਾਲ ਘੁੰਮਦੇ ਹਨ, ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ। ਯਾਨੀ ਕਿ ਕਿਸੇ ਹੋਰ ਇਲੈਕਟ੍ਰਾਨਿਕ ਡਿਵਾਈਸ ਦੀ ਤਰ੍ਹਾਂ ਇਸ ਨੂੰ ਵੱਖਰੇ ਪਾਵਰ ਸਰੋਤ ਦੀ ਲੋੜ ਨਹੀਂ ਹੁੰਦੀ ਅਤੇ ਇਹ ਡਾਇਮੰਡ ਦੀ ਪ੍ਰਤੀਕਿਰਿਆ ਦੀ ਵਰਤੋਂ ਕਰ ਕੇ ਆਪਣੇ ਆਪ ਬਿਜਲੀ ਪੈਦਾ ਕਰਦਾ ਰਹੇਗਾ।
ਦੁਨੀਆ ਦੀ ਪਹਿਲੀ ਨਿਊਕਲੀਅਰ ਡਾਇਮੰਡ ਬੈਟਰੀ ਤਾਂ ਬਣ ਕੇ ਤਿਆਰ ਹੋ ਚੁੱਕੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਦੀ ਵਰਤੋਂ ਕਿੱਥੇ ਕੀਤੀ ਜਾਵੇਗੀ। ਇਕ ਰਿਪੋਰਟ ਮੁਤਾਬਕ ਭਵਿੱਖ ’ਚ ਇਸ ਬੈਟਰੀ ਦੀ ਵਰਤੋਂ ਸਪੇਸ ਸੈਕਟਰ ਜਾਂ ਡਿਫੈਂਸ ਸੈਕਟਰ ’ਚ ਕੀਤੀ ਜਾ ਸਕਦੀ ਹੈ। ਇਸ ਬੈਟਰੀ ਨੂੰ ਕਿਸੇ ਹੋਰ ਡਿਵਾਈਸ ਵਿਚ ਵਰਤਣ ਲਈ ਤੁਹਾਨੂੰ ਲੰਮਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ।