CES 2020: ਗੰਦੇ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਏਗਾ ਹੋਮ ਵਾਟਰ ਰੀਸਾਈਕਲਰ

Friday, Jan 10, 2020 - 10:26 AM (IST)

CES 2020: ਗੰਦੇ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਏਗਾ ਹੋਮ ਵਾਟਰ ਰੀਸਾਈਕਲਰ

ਗੈਜੇਟ ਡੈਸਕ– ਲਾਸ ਵੇਗਾਸ 'ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES 2020) ਦੇ ਆਖਰੀ ਦਿਨ ਵੀ ਨਵੀਂ ਤਕਨੀਕ 'ਤੇ ਆਧਾਰਤ ਉਤਪਾਦਾਂ ਦਾ ਬੋਲਬਾਲਾ ਰਿਹਾ। ਪਾਣੀ ਨੂੰ ਸਾਫ ਕਰ ਕੇ ਮੁੜ ਵਰਤੋਂ ਵਿਚ ਲਿਆਉਣ ਵਾਲੇ 2 ਉਤਪਾਦਾਂ ਨੇ ਸ਼ੋਅ ਵਿਚ ਕਾਫੀ ਸੁਰਖੀਆਂ ਬਟੋਰੀਆਂ। ਅੱਜ ਅਸੀਂ ਇਨ੍ਹਾਂ ਬਾਰੇ ਹੀ ਦੱਸਾਂਗੇ—

ਸਮੇਂ ਦੇ ਨਾਲ-ਨਾਲ ਪਾਣੀ ਦੀ ਕਮੀ ਨੂੰ ਦੇਖਦਿਆਂ ਹੁਣਕੰਪਨੀਆਂ ਅਜਿਹੇ ਉਤਪਾਦ ਬਾਜ਼ਾਰ ਵਿਚ ਉਤਾਰ ਰਹੀਆਂ ਹਨ, ਜੋ ਗੰਦੇ ਪਾਣੀ ਨੂੰ ਸਾਫ ਕਰ ਕੇ ਮੁੜ ਵਰਤੋਂ ਵਿਚ ਲਿਆਉਣ ਯੋਗ ਕਰ ਦੇਣ। CES 2020 ਵਿਚ ਹਾਈਡ੍ਰਾਲੂਪ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰਥਰ ਵਾਲਕੀਸਰ ਨੇ ਅਜਿਹਾ ਹੋਮ ਵਾਟਰ ਰੀਸਾਈਕਲਰ ਪੇਸ਼ ਕੀਤਾ ਹੈ, ਜੋ ਵਿਅਰਥ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਉਣ ਵਿਚ ਮਦਦ ਕਰੇਗਾ।
ਯੂਰਪੀ ਦੇਸ਼ ਨੀਦਰਲੈਂਡ ਦੀ ਹਾਈਡ੍ਰਾਲੂਪ ਕੰਪਨੀ ਦਾ ਇਹ ਉਤਪਾਦ ਆਕਾਰ ਵਿਚ ਫਰਿੱਜ ਜਿੱਡਾ ਹੈ। ਤੁਹਾਨੂੰ ਬਸ ਇਸ ਨੂੰ ਘਰ ਦੇ ਵਾਟਰ ਸਿਸਟਮ ਵਿਚ ਲਾਉਣਾ ਪਵੇਗਾ, ਜਿਸ ਤੋਂ ਬਾਅਦ ਇਹ ਘਰ ਵਿਚੋਂ ਬਾਹਰ ਜਾਣ ਵਾਲੇ ਵਿਅਰਥ ਪਾਣੀ ਨੂੰ ਮੁੜ ਵਰਤੋਂ ਵਿਚ ਆਉਣ ਲਾਇਕ ਬਣਾ ਦੇਵੇਗਾ। ਇਸ ਵਿਚ ਇਕ ਐਰੋਬਿਕ ਬਾਇਓਰਿਐਕਟਰ ਲੱਗਾ ਹੈ, ਜੋ ਪਾਣੀ ਨੂੰ ਇੰਨਾ ਸਾਫ  ਕਰ ਦੇਵੇਗਾ ਕਿ ਇਸ ਨੂੰ ਟਾਇਲਟ, ਵਾਸ਼ਿੰਗ ਮਸ਼ੀਨ, ਪੂਲਜ਼ ਤੇ ਘਰ ਵਿਚ ਬਣੇ ਬਗੀਚੇ ਵਿਚ ਵਰਤਿਆ ਜਾ ਸਕੇਗਾ।

 

ਨਹੀਂ ਪਵੇਗੀ ਰੋਜ਼ਾਨਾ ਧਿਆਨ ਰੱਖਣ ਦੀ ਲੋੜ
ਹੋਮ ਵਾਟਰ ਰੀਸਾਈਕਲਰ ਦੀ ਵਰਤੋਂ ਕਰਨ ਵੇਲੇ ਤੁਹਾਨੂੰ ਰੋਜ਼ਾਨਾ ਧਿਆਨ ਰੱਖਣ ਦੀ ਵੀ ਲੋੜ ਨਹੀਂ ਪਵੇਗੀ। ਇਹ ਉਤਪਾਦ ਸਾਲਾਂ ਦੇ ਸਾਲ ਬਿਨਾਂ ਤੁਹਾਨੂੰ ਕੋਈ ਤਕਲੀਫ ਦਿੱਤੇ ਕੰਮ ਕਰੇਗਾ।     

ਮੋਬਾਇਲ ਐਪ 'ਤੇ ਮਿਲੇਗੀ ਸਾਰੀ ਜਾਣਕਾਰੀ
ਇਸ ਉਤਪਾਦ ਲਈ ਇਕ ਕੰਪੈਨੀਅਨ ਮੋਬਾਇਲ ਐਪ ਤਿਆਰ ਕੀਤੀ ਗਈ ਹੈ, ਜੋ ਤੁਹਾਨੂੰ ਦੱਸੇਗੀ ਕਿ ਤੁਸੀਂ ਕਿੰਨਾ ਪਾਣੀ ਬਚਾਇਆ ਹੈ।

ਇਕ ਸਾਲ 'ਚ ਬਚੇਗਾ 75,708 ਲਿਟਰ ਪਾਣੀ
ਸ਼ੋਅ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰਥਰ ਵਾਲਕੀਸੇਰ ਨੇ ਦੱਸਿਆ ਕਿ ਜੇ ਘਰ ਵਿਚ 4 ਮੈਂਬਰ ਰਹਿੰਦੇ ਹਨ ਤਾਂ ਉਹ ਰੋਜ਼ਾਨਾ ਸ਼ਾਵਰ ਹੇਠ ਨਹਾਉਂਦੇ ਹਨ, ਟਾਇਲਟ ਦੀ ਵਰਤੋਂ ਕਰਦੇ ਹਨ ਅਤੇ ਹਫਤੇ ਵਿਚ 2 ਤੋਂ 3 ਵਾਰ ਕੱਪੜੇ ਧੋਂਦੇ ਹਨ। ਅਜਿਹੀ ਹਾਲਤ ਵਿਚ ਇਸ ਉਤਪਾਦ ਦੀ ਵਰਤੋਂ ਕਰ ਕੇ ਉਹ ਇਕ ਸਾਲ ਵਿਚ 20 ਹਜ਼ਾਰ ਗੈਲਨ (ਲਗਭਗ 75,708 ਲਿਟਰ) ਪਾਣੀ ਬਚਾਅ ਸਕਦੇ ਹਨ।

ਕੀਮਤ
ਕੰਪਨੀ ਨੇ ਦੱਸਿਆ ਕਿ ਹੁਣ ਤਕ ਯੂਰਪ ਤੇ ਏਸ਼ੀਆ ਵਿਚ ਲਗਭਗ 100 ਯੂਨਿਟਸ ਦੀ ਵਰਤੋਂ ਹੋ ਰਹੀ ਹੈ। ਇਸ ਦੀ ਕੀਮਤ 4 ਹਜ਼ਾਰ ਅਮਰੀਕੀ ਡਾਲਰ (ਲਗਭਗ 2,85,800 ਰੁਪਏ) ਹੈ। ਦੱਸ ਦੇਈਏ ਕਿ ਇਸ ਉਤਪਾਦ ਦੀ ਕੀਮਤ ਭਾਵੇਂ ਥੋੜ੍ਹੀ ਜ਼ਿਆਦਾ ਹੈ ਪਰ ਭਵਿੱਖ ਵਿਚ ਪਾਣੀ ਦੇ ਸੰਕਟ ਤੋਂ ਬਚਣ ਲਈ ਇਸ ਨੂੰ ਜ਼ਿਆਦਾ ਵੀ ਨਹੀਂ ਕਿਹਾ ਜਾ ਸਕਦਾ। ਭਵਿੱਖ ਵਿਚ ਬੂੰਦ-ਬੂੰਦ ਨੂੰ ਤਰਸਣਾ ਪਵੇ, ਇਸ ਨਾਲੋਂ ਚੰਗਾ ਹੈ ਕਿ ਹੁਣੇ ਤੋਂ ਪਾਣੀ ਬਚਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ।

ਇਨ੍ਹਾਂ 6 ਟਿਪਸ ਨਾਲ ਬਚਾਓ ਪਾਣੀ
- ਫਲ-ਸਬਜ਼ੀਆਂ ਧੋਣ ਲਈ ਭਾਂਡੇ ਦੀ ਵਰਤੋਂ ਕਰੋ, ਬਾਅਦ ਵਿਚ ਇਹ ਪਾਣੀ ਬੂਟਿਆਂ ਨੂੰ ਪਾ ਦਿਓ।
- ਦੰਦ ਸਾਫ ਕਰਨ ਵੇਲੇ ਟੂਟੀ ਬੰਦ ਰੱਖੋ, ਨਹੀਂ ਤਾਂ ਇਕ ਮਿੰਟ ਵਿਚ ਤੁਸੀਂ 9 ਲਿਟਰ ਪਾਣੀ ਖਰਚ ਕਰ ਦਿਓਗੇ। ਹੋ ਸਕੇ ਤਾਂ ਸ਼ਾਵਰ ਦੀ ਜਗ੍ਹਾ ਬਾਲਟੀ ਨਾਲ ਨਹਾਓ। 5 ਮਿੰਟ ਵਿਚ ਤੁਸੀਂ 40 ਲਿਟਰ ਪਾਣੀ ਸ਼ਾਵਰ ਰਾਹੀਂ ਵਰਤੋਂ ਵਿਚ ਲਿਆਉਂਦੇ ਹੋ। ਬਾਲਟੀ ਨਾਲ ਤੁਸੀਂ 20 ਲਿਟਰ ਪਾਣੀ ਨਾਲ ਵੀ ਨਹਾ ਸਕਦੇ ਹੋ।
- ਟਾਇਲਟ ਚੈੱਕ ਕਰਦੇ ਰਹੋ ਕਿ ਕੋਈ ਪਾਈਪ ਲੀਕ ਤਾਂ ਨਹੀਂ ਹੋ ਰਹੀ ਤਾਂ ਜੋ ਪਾਣੀ ਵਿਅਰਥ ਹੋਣ ਤੋਂ ਬਚਾਇਆ ਜਾ ਸਕੇ।
- ਟਾਇਲਟ ਸਿਸਟਰਨ ਦੀ ਵਰਤੋਂ ਲੋੜ ਪੈਣ 'ਤੇ ਹੀ ਕਰੋ ਕਿਉਂਕਿ ਫਲੱਸ਼ ਕਰਨ 'ਤੇ ਇਸ ਨਾਲ 1 ਤੋਂ 3 ਲਿਟਰ ਪਾਣੀ ਵਿਅਰਥ ਹੁੰਦਾ ਹੈ।
- ਮੀਂਹ ਦਾ ਪਾਣੀ ਇਕੱਠਾ ਕਰਨ ਲਈ ਛੱਤ ਦੀ ਨਿਕਾਸੀ ਪਾਈਪ (ਰੂਫ ਡਰੇਨ ਪਾਈਪ) ਨੂੰ ਵਾਟਰ ਬਟ ਨਾਲ ਜੋੜੋ, ਜੋ ਛੱਤ ਤੋਂ ਡਿੱਗਣ  ਵਾਲਾ 200 ਲਿਟਰ ਪਾਣੀ ਬਚਾਏਗਾ।
- ਜਾਂਚ ਕਰਦੇ ਰਹੋ ਕਿ ਕੋਈ ਪਾਈਪ ਲੀਕ ਤਾਂ ਨਹੀਂ ਹੋ ਰਹੀ ਤਾਂ ਜੋ ਪਾਣੀ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।


Related News