Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਐਪਸ ਖਾਲੀ ਕਰ ਸਕਦੇ ਹਨ ਤੁਹਾਡਾ ਬੈਂਕ ਅਕਾਊਂਟ

08/17/2019 11:15:40 AM

ਗੈਜੇਟ ਡੈਸਕ– Paytm ਨੇ ਚਿਤਾਵਨੀ ਜਾਰੀ ਕਰਦੇ ਹੋਏ ਯੂਜ਼ਰਜ਼ ਨੂੰ ਕਿਹਾ ਹੈ ਕਿ ਉਹ ਆਪਣੇ ਅਕਾਊਂਟ ਦੀ KYC ਕਰਵਾਉਂਦੇ ਸਮੇਂ ਸਾਵਧਾਨ ਰਹਿਣ। ਪੇਟੀਐੱਮ ਨੇ ਇਕ ਨੋਟੀਫਿਕੇਸ਼ਨ ਜ਼ਰੀਏ ਕਿਹਾ ਕਿ KYC ਲਈ ਜਾਂ AnyDesk ਜਾਂ TeamViewer QuickSupport ਵਰਗੀਆਂ ਐਪਸ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਨ੍ਹਾਂ ਜ਼ਰੀਏ ਜਾਅਲਸਾਜ਼ ਯੂਜ਼ਰ ਦੇ ਅਕਾਊਂਟ ’ਚੋਂ ਪੈਸੇ ਚੋਰੀ ਕਰ ਸਕਦੇ ਹਨ। 

ਬੈਂਕਾਂ ਨੇ ਵੀ ਦਿੱਤੀ ਸੀ ਚਿਤਾਵਨੀ
ਇਨ੍ਹੀਂ ਦਿਨੀਂ AnyDesk ਅਤੇ TeamViewer QuickSupport ਜ਼ਰੀਏ ਕੀਤੀਆਂ ਜਾਣ ਵਾਲੀਆਂ ਧੋਖਾਦੇਹੀਆਂ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਵਾਰਨਿੰਗ ਜਾਰੀ ਕੀਤੀ ਸੀ, ਜਿਸ ’ਚ ਲੋਕਾਂ ਨੂੰ ਇਸ ਤਰ੍ਹਾਂ ਦੇ ਐਪਸ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਸੀ। ਉਥੇ ਕੁਝ ਹੋਰ ਬੈਂਕ ਜਿਵੇਂ ਕਿ ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਨੇ ਵੀ ਗਾਹਕਾਂ ਨੂੰ ਇਸ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਸੀ। 

ਇਨ੍ਹਾਂ ਐਪਸ ਦਾ ਹੋ ਰਿਹਾ ਗਲਤ ਇਸਤੇਮਾਲ
ਜਾਅਲਸਾਜ਼ ਫਰਜ਼ੀ ਬੈਂਕ ਐਗਜ਼ੀਕਿਊਟਿਵ ਬਣ ਕੇ ਫੋਨ ਕਰਦੇ ਹਨ ਅਤੇ ਗਾਹਕਾਂ ਨੂੰ ਬੈਂਕ ਅਕਾਊਂਟ ਨਾਲ ਜੁੜੀ ਕਿਸੇ ਵੀ ਮੁਸ਼ਕਲ ਬਾਰੇ ਦੱਸਦੇ ਹਨ। ਇਸ ਦੌਰਾਨ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦਾ ਕਿਹਾ ਨਹੀਂ ਮੰਨਿਆ ਤਾਂ ਗਾਹਕ ਦੀ ਨੈੱਟ ਬੈਂਕਿੰਗ ਦੀ ਸਹੂਲਤ ਬਲਾਕ ਹੋ ਸਕਦੀ ਹੈ। ਅਜਿਹੇ ’ਚ ਗਾਹਕ ਇਨ੍ਹਾਂ ਜਾਅਲਸਾਜ਼ਾਂ ਦੇ ਚੁੰਗਲ ’ਚ ਫਸ ਜਾਂਦੇ ਹਨ। 

- ਠੱਗ ਲੋਕਾਂ ਨੂੰ ਰਿਮੋਟ ਐਪ (ਐਨੀ ਡੈਸਕ ਜਾਂ ਟੀਮਵਿਊਅਰ) ਨੂੰ ਆਪਣੇ ਫੋਨ ਨੂੰ ਇੰਸਟਾਲ ਕਰਨ ਨੂੰ ਕਹਿੰਦੇ ਹਨ। ਐਪ ਇੰਸਟਾਲ ਹੋਣ ਤੋਂ ਬਾਦ ਵੈਰੀਫਿਕੇਸ਼ਨ ਲਈ 9 ਅੰਕ ਵਾਲੇ ਕੋਡ ਨੂੰ ਮੰਗਿਆ ਜਾਂਦਾ ਹੈ। ਕੋਡ ਦਿੰਦੇ ਹੀ ਜਾਅਲਸਾਜ਼ ਆਪਣੇ ਸ਼ਿਕਾਰ ਦੇ ਡਿਵਾਈਸ ਦਾ ਫੁੱਲ ਐਕਸੈਸ ਪਾ ਲੈਂਦੇ ਹਨ, ਜਿਸ ਤੋਂ ਬਾਅਦ ਉਹ ਯੂਜ਼ਰ ਦੀ ਡਿਵਾਈਸ ਦੀ ਸਕਰੀਨ ਨੂੰ ਲਗਾਤਾਰ ਮਾਨੀਟਰ ਕਰਦੇ ਹਨ ਅਤੇ ਇਨ੍ਹਾਂ ਐਪਸ ਦੀ ਮਦਦ ਨਾਲ ਮੋਬਾਇਲ ਬੈਂਕਿੰਗ, ਪੇਟੀਐੱਮ ਜਾਂ ਯੂ.ਪੀ.ਆਈ. ਤੋਂ ਪੇਮੈਂਟ ਕਰਦੇ ਸਮੇਂ ਲਾਗਇਨ ਡਿਟੇਲ ਨੂੰ ਚੋਰੀ ਕੀਤਾ ਜਾਂਦਾ ਹੈ। 

- ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਬੈਂਕ ਆਪਣੇ ਗਾਹਕ ਨੂੰ ਫੋਨ ਕਰਕੇ ਕੋਈ ਐਪ ਡਾਊਨਲੋਡ ਕਰਨ ਲਈ ਨਹੀਂ ਕਹਿੰਦਾ। ਅਜਿਹੇ ’ਚ ਗਾਹਕ ਨੂੰ ਸਾਵਧਾਨ ਰਹਿਣ ਦੀ ਲੋੜ ਹੈ।