ਇੰਨੇ ਦਿਨਾਂ ਬਾਅਦ ਆਪਣੇ-ਆਪ ਰੀਸਟਾਰਟ ਹੋਵੇਗਾ ਫੋਨ, ਗੂਗਲ ਲਿਆਇਆ ਜ਼ਬਰਦਸਤ ਫੀਚਰ
Friday, Apr 18, 2025 - 05:31 PM (IST)

ਗੈਜੇਟ ਡੈਸਕ- ਐਪਲ ਵਰਗਾ ਫੀਚਰ ਹੁਣ ਐਂਡਰਾਇਡ 'ਚ ਵੀ ਦੇਖਣ ਨੂੰ ਮਿਲੇਗਾ। ਗੂਗਲ ਇਕ ਅਜਿਹਾ ਜ਼ਬਰਦਸਤ ਫੀਚਰ ਲਿਆਇਆ ਹੈ ਜੋ ਤੁਹਾਡੇ ਫੋਨ ਨੂੰ ਆਪਣੇ-ਆਪ ਰੀਸਟਾਰਟ ਕਰ ਦੇਵੇਗਾ। ਇਹ ਫੀਚਰ ਖਾਸਤੌਰ 'ਤੇ ਤੁਹਾਡੀ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਲਈ ਬਣਾਇਆ ਗਿਆ ਹੈ। ਚੋਰੀ, ਹੈਂਕਿੰਗ ਜਾਂ ਗਲਤ ਇਸਤੇਮਾਲ ਤੋਂ ਬਚਣ ਲਈ ਇਹ ਕਦਮ ਬੜਾ ਅਸਰਦਾਰ ਮੰਨਿਆ ਜਾ ਰਿਹਾ ਹੈ।
ਗੂਗਲ ਨੇ ਹਾਲ ਹੀ 'ਚ ਇਕ ਨਵਾਂ ਅਤੇ ਬੇਹੱਦ ਜ਼ਰੂਰੀ ਸਕਿਓਰਿਟੀ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਹੁਣ ਜੇਕਰ ਕੋਈ ਐਂਡਰਾਇਡ ਸਮਾਰਟਫੋਨ ਲਗਾਤਾਰ ਤਿੰਨ ਦਿਨਾਂ ਤਕ ਲੌਕ ਰਹਿੰਦਾ ਹੈ ਤਾਂ ਉਹ ਆਪਣੇ-ਆਪ ਹੀ ਰੀਸਟਾਰਟ ਹੋ ਜਾਵੇਗਾ। ਇਹ ਫੀਚਰ ਆਈਫੋਨ 'ਚ ਪਹਿਲਾਂ ਤੋਂ ਮੌਜੂਦ 'ਇਨਐਕਟੀਵਿਟੀ ਰੀਬੂਟ' ਵਰਗਾ ਹੈ। ਗੂਗਲ ਨੇ ਇਸ ਅਪਡੇਟ ਦੀ ਜਾਣਕਾਰੀ ਆਪਣੀ Google System Release Notes 'ਤੇ ਦਿੱਤੀ ਹੈ। ਇਹ ਫੀਚਰ ਸਿਰਫ ਐਂਡਰਾਇਡ ਸਮਾਰਟਫੋਨਾਂ ਲਈ ਹੋਵੇਗਾ, ਜਦੋਂਕਿ ਐਂਡਰਾਇਡ ਆਟੋ, ਟੀਵੀ ਅਤੇ ਵਿਅਰੇਬਲ ਡਿਵਾਈਸਿਜ਼ 'ਤੇ ਇਹ ਉਪਲੱਬਧ ਨਹੀਂ ਹੋਵੇਗਾ। ਹਾਲਾਂਕਿ, ਗੂਗਲ ਨੇ ਅਜੇ ਤਕ ਇਹ ਸਾਫ ਨਹੀਂ ਕੀਤਾ ਕਿ ਇਹ ਫੀਚਰ ਕਿਸ ਤਾਰੀਖ ਤੋਂ ਸਾਰੇ ਫੋਨਾਂ 'ਚ ਆਏਗਾ।
ਇਹ ਫੀਚਰ ਸਕਿਓਰਿਟੀ ਐਂਡ ਪ੍ਰਾਈਵੇਸੀ ਸੈਕਸ਼ਨ 'ਚ ਪਾਇਆ ਗਿਆ ਹੈ। ਇਹ ਇਕ ਆਪਸ਼ਨਲ ਸੁਰੱਖਿਆ ਫੀਚਰ ਹੈ ਜੋ ਫੋਨ ਦੇ ਤਿੰਨ ਦਿਨਾਂ ਤਕ ਲੌਕ ਰਹਿਣ 'ਤੇ ਆਪਣੇ ਆਪ ਡਿਵਾਈਸ ਨੂੰ ਰੀਸਟਾਰਟ ਕਰ ਦੇਵੇਗਾ। ਤਕਨੀਕੀ ਰੂਪ ਨਾਲ ਦੇਖਿਆ ਜਾਵੇ ਤਾਂ ਫੋਨ ਨੂੰ ਰੀਸਟਾਰਟ ਕਰਨਾ ਡਾਟਾ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ। ਜਦੋਂ ਫੋਨ ਪਹਿਲੀ ਵਾਰ ਅਨਲੌਕ ਹੁੰਦਾ ਹੈ ਤਾਂ ਕੁਝ ਡਾਟਾ ਖੋਲ੍ਹਿਆ ਜਾਂਦਾ ਹੈ ਪਰ ਵਾਰ-ਵਾਰ ਫੋਨ ਅਲੌਕ ਕਰਨ ਨਾਲ ਉਸ ਡਾਟਾ ਤਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਰੀਸਟਾਰਟ ਹੋਣ ਤੋਂ ਬਾਅਦ ਫੋਨ “BFU” ਯਾਨੀ “Before First Unlock” ਸਟੇਟ 'ਚ ਚਲਾ ਜਾਂਦਾ ਹੈ, ਜਿਥੇ ਫੋਨ ਦਾ ਸਾਰਾ ਡਾਟਾ ਮੁੜ ਸੁਰੱਖਿਅਤ ਰੂਪ ਨਾਲ ਐਨਕ੍ਰਿਪਟ ਹੋ ਜਾਂਦਾ ਹੈ।
BFU ਮੋਡ 'ਚ ਫੋਨ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ ਕਿਉਂਕਿ ਇਸ ਵਿਚ ਫਿੰਗਰਪ੍ਰਿੰਟ ਜਾਂ ਫੇਸ ਅਨਲੌਕ ਵਰਗੇ ਫੀਚਰ ਕੰਮ ਨਹੀਂ ਕਰਦੇ। ਇਸਦਾ ਮਤਲਬਹ ਇਹ ਹੈ ਕਿ ਜੇਕਰ ਕਿਸੇ ਕੋਲ ਤੁਹਾਡਾ ਫੋਨ ਹੈ ਪਰ ਪਾਸਕੋਡ ਨਹੀਂ ਹੈ ਤਾਂ ਉਹ ਵਿਅਕਤੀ ਫੋਨ ਦਾ ਡਾਟਾ ਨਹੀਂ ਦੇਖ ਸਕਦਾ। ਇਸ ਤਰ੍ਹਾਂ ਇਹ ਫੀਚਰ ਚੋਰੀ ਹੋਏ ਫੋਨ ਦਾ ਗਲਤ ਇਸਤੇਮਾਲ ਹੋਣ ਤੋਂ ਵੀ ਰੋਕ ਸਕਦਾ ਹੈ। ਰਿਪੋਰਟਾਂ ਅਨੁਸਾਰ, ਚੋਰ ਜਾਂ ਸਾਈਬਰ ਅਪਰਾਧੀ ਅਜਿਹੇ ਫੋਨ ਨੂੰ ਬਲੈਕ ਮਾਰਕੀਟ 'ਚ ਵੇਚ ਦਿੰਦੇ ਹਨ ਜਾਂ ਉਨ੍ਹਾਂ ਦੇ ਡਾਟਾ ਦਾ ਗਲਤ ਇਸਤੇਮਾਲ ਕਰਦੇ ਹਨ ਪਰ ਜੇਕਰ ਫੋਨ ਤਿੰਨ ਦਿਨਾਂ ਬਾਅਦ ਖੁਦ ਹੀ ਰੀਸਟਾਰਟ ਹੋ ਜਾਵੇ ਅਤੇ BFU ਮੋਡ 'ਚ ਚਲਾ ਜਾਵੇ ਤਾਂ ਫੋਨ ਦਾ ਡਾਟਾ ਸੁਰੱਖਿਅਤ ਰਹੇਗਾ।