ਇੰਸਟਾਗ੍ਰਾਮ ਬਣੇਗਾ ਨਵਾਂ ਡਿਜੀਟਲ TV, ਯੂ-ਟਿਊਬ ਨੂੰ ਸਿੱਧੀ ਟੱਕਰ ਦੇਣ ਦੀ ਤਿਆਰੀ
Friday, Nov 13, 2026 - 08:20 PM (IST)
ਨਵੀਂ ਦਿੱਲੀ - ਸੋਸ਼ਲ ਮੀਡੀਆ ਦੀ ਦੁਨੀਆ ’ਚ ਆਪਣੀਆਂ ਛੋਟੀਆਂ-ਛੋਟੀਆਂ ਵੀਡੀਓਜ਼ ਮਤਲਬ ਰੀਲਜ਼ ਲਈ ਪਛਾਣ ਬਣਾਉਣ ਵਾਲਾ ਇੰਸਟਾਗ੍ਰਾਮ ਹੁਣ ਲੰਬੀਆਂ ਵੀਡੀਓਜ਼ ਦੀ ਦੁਨੀਆ ’ਚ ਉਤਰਨ ਦੀ ਤਿਆਰੀ ਕਰ ਰਿਹਾ ਹੈ। ਮੇਟਾ ਦੀ ਮਲਕੀਅਤ ਵਾਲਾ ਇਹ ਪਲੇਟਫਾਰਮ 90 ਮਿੰਟ ਤੱਕ ਦੀ ਵੀਡੀਓ ਅਪਲੋਡ ਕਰਨ ਦੀ ਸਹੂਲਤ ਦੀ ਪਰਖ ਕਰ ਰਿਹਾ ਹੈ। ਫਿਲਹਾਲ ਅਮਰੀਕਾ ਅਤੇ ਬ੍ਰਾਜ਼ੀਲ ਦੇ ਚੋਣਵੇਂ ਕ੍ਰਿਏਟਰਾਂ ਨਾਲ ਇਸ ਦਾ ਟ੍ਰਾਇਲ ਚੱਲ ਰਿਹਾ ਹੈ। ਇਸ ਕਦਮ ਰਾਹੀਂ ਇੰਸਟਾਗ੍ਰਾਮ ਦੀ ਨਜ਼ਰ ਸਿੱਧੇ ਤੌਰ ’ਤੇ ਯੂ-ਟਿਊਬ ਅਤੇ ਓ. ਟੀ. ਟੀ. ਪਲੇਟਫਾਰਮਾਂ ਦੇ ਦਰਸ਼ਕਾਂ ਅਤੇ ਇਸ਼ਤਿਹਾਰ ਬਾਜ਼ਾਰ ’ਤੇ ਹੈ। ਕੰਪਨੀ ਦੀ ਯੋਜਨਾ ਹੈ ਕਿ ਜੋ ਲੋਕ ਹੁਣ ਤੱਕ ਰੀਲਜ਼ ਦੇਖਣ ਲਈ ਇੰਸਟਾਗ੍ਰਾਮ ਖੋਲ੍ਹਦੇ ਹਨ, ਉਹ ਇਸੇ ਪਲੇਟਫਾਰਮ ’ਤੇ ਲੰਬੇ ਪ੍ਰੋਗਰਾਮ, ਪੌਡਕਾਸਟ ਅਤੇ ਮਨੋਰੰਜਨ ਸਮੱਗਰੀ ਵੀ ਦੇਖਣ।
ਰੀਲਜ਼ ਤੋਂ ਲੰਬੀ ਵੀਡੀਓ ਤੱਕ ਪਹੁੰਚੇਗਾ ਦਰਸ਼ਕ
ਇੰਸਟਾਗ੍ਰਾਮ ਦੀ ਨਵੀਂ ਰਣਨੀਤੀ ’ਚ ਰੀਲਜ਼ ਦੀ ਭੂਮਿਕਾ ਖਤਮ ਨਹੀਂ ਹੋਵੇਗੀ, ਸਗੋਂ ਇਸ ਨੂੰ ਲੰਬੀ ਵੀਡੀਓ ਤੱਕ ਪਹੁੰਚਣ ਦਾ ਮਾਧਿਅਮ ਬਣਾਇਆ ਜਾਵੇਗਾ। ਕ੍ਰਿਏਟਰ ਛੋਟੀ ਵੀਡੀਓ ਰਾਹੀਂ ਆਪਣੇ ਪ੍ਰੋਗਰਾਮਾਂ ਦੀ ਝਲਕ ਦਿਖਾ ਕੇ ਦਰਸ਼ਕਾਂ ਨੂੰ ਪੂਰਾ ਐਪੀਸੋਡ ਦੇਖਣ ਲਈ ਪ੍ਰੇਰਿਤ ਕਰ ਸਕਣਗੇ। 90 ਮਿੰਟ ਦੇ ਸਮੇਂ ’ਚ ਪੌਡਕਾਸਟ, ਕਾਮੇਡੀ ਸਪੈਸ਼ਲ, ਇੰਟਰਵਿਊ ਅਤੇ ਲੜੀਵਾਰ (ਸੀਰੀਅਲ) ਵਰਗੇ ਪ੍ਰੋਗਰਾਮ ਆਸਾਨੀ ਨਾਲ ਪੇਸ਼ ਕੀਤੇ ਜਾ ਸਕਣਗੇ। ਇਸ ਨਾਲ ਉਨ੍ਹਾਂ ਕ੍ਰਿਏਟਰਾਂ ਨੂੰ ਵੀ ਨਵਾਂ ਮੰਚ ਮਿਲ ਸਕਦਾ ਹੈ, ਜੋ ਅਜੇ ਤੱਕ ਲੰਬੇ ਕੰਟੈਂਟ ਲਈ ਯੂ-ਟਿਊਬ ’ਤੇ ਨਿਰਭਰ ਹਨ।
ਸਮਾਰਟ ਟੀ. ਵੀ. ’ਤੇ ਵੀ ਦਸਤਕ ਦੇਣ ਦੀ ਤਿਆਰੀ
ਇੰਸਟਾਗ੍ਰਾਮ ਸਿਰਫ਼ ਮੋਬਾਈਲ ਸਕ੍ਰੀਨ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ। ਕੰਪਨੀ ਰੀਲਜ਼ ਦਾ ਟੀ. ਵੀ. ਵਰਜ਼ਨ ਵਿਕਸਿਤ ਕਰਨ ’ਤੇ ਵੀ ਕੰਮ ਕਰ ਰਹੀ ਹੈ, ਤਾਂ ਜੋ ਕਨੈਕਟਡ ਟੀ. ਵੀ. (ਸੀ. ਟੀ. ਵੀ.) ’ਤੇ ਦਰਸ਼ਕਾਂ ਤੱਕ ਪਹੁੰਚ ਬਣਾਈ ਜਾ ਸਕੇ। ਭਾਰਤ ’ਚ ਵੱਡੇ ਪਰਦੇ ’ਤੇ ਇੰਟਰਨੈੱਟ ਆਧਾਰਤ ਵੀਡੀਓਜ਼ ਦੇਖਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਔਰਮੈਕਸ ਦੇ ਅਨੁਸਾਰ, ਦੇਸ਼ ’ਚ ਸਰਗਰਮ ਸੀ. ਟੀ. ਵੀ. ਦਰਸ਼ਕਾਂ ਦੀ ਗਿਣਤੀ 20.69 ਕਰੋੜ ਤੱਕ ਪਹੁੰਚ ਗਈ ਹੈ, ਜੋ 2025 ਦੇ ਮੁਕਾਬਲੇ 60 ਫੀਸਦੀ ਵੱਧ ਹੈ। ਅਜਿਹੇ ’ਚ ਇੰਸਟਾਗ੍ਰਾਮ ਲਈ ਟੀ. ਵੀ. ਸਕ੍ਰੀਨ ’ਤੇ ਜਗ੍ਹਾ ਬਣਾਉਣਾ ਇਸ਼ਤਿਹਾਰ ਬਾਜ਼ਾਰ ਦੇ ਲਿਹਾਜ਼ ਨਾਲ ਅਹਿਮ ਹੋ ਸਕਦਾ ਹੈ।
ਕ੍ਰਿਏਟਰਾਂ ਨੂੰ ਦੇਣਾ ਹੋਵੇਗਾ ਕਮਾਈ ਦਾ ਭਰੋਸਾ
ਇੰਸਟਾਗ੍ਰਾਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੰਬੀਆਂ ਵੀਡੀਓਜ਼ ਬਣਾਉਣ ਵਾਲੇ ਕ੍ਰਿਏਟਰਾਂ ਨੂੰ ਆਪਣੇ ਵੱਲ ਖਿੱਚਣਾ ਹੈ। 90 ਮਿੰਟ ਦਾ ਕੰਟੈਂਟ ਤਿਆਰ ਕਰਨ ’ਚ ਸਮਾਂ, ਤਕਨੀਕ ਅਤੇ ਪੈਸਾ ਤਿੰਨੋਂ ਲੱਗਦੇ ਹਨ, ਅਜਿਹੇ ’ਚ ਸਿਰਫ਼ ਜ਼ਿਆਦਾ ਦਰਸ਼ਕ ਮਿਲਣ ਨਾਲ ਗੱਲ ਨਹੀਂ ਬਣੇਗੀ। ਕ੍ਰਿਏਟਰਾਂ ਨੂੰ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ’ਚ ਪਾਰਦਰਸ਼ੀ ਹਿੱਸੇਦਾਰੀ ਅਤੇ ਸਥਾਈ ਆਮਦਨ ਦਾ ਭਰੋਸਾ ਦੇਣਾ ਹੋਵੇਗਾ। ਮਾਹਿਰਾਂ ਮੁਤਾਬਕ, ਯੂ-ਟਿਊਬ ਦਾ ਸਥਾਪਿਤ ਮੋਨੇਟਾਈਜ਼ੇਸ਼ਨ ਮਾਡਲ ਉਸ ਨੂੰ ਹੁਲਾਰਾ ਦਿੰਦਾ ਹੈ। ਇੰਸਟਾਗ੍ਰਾਮ ਨੂੰ ਵੱਡੇ ਕ੍ਰਿਏਟਰਾਂ ਨੂੰ ਆਪਣੇ ਨਾਲ ਜੋੜਨ ਲਈ ਬਿਹਤਰ ਕਮਾਈ ਦਾ ਪ੍ਰਬੰਧ ਕਰਨਾ ਹੋਵੇਗਾ।
ਇਸ਼ਤਿਹਾਰ ਦੇਣ ਵਾਲਿਆਂ ਨੂੰ ਚਾਹੀਦੇ ਹਨ ਨਵੇਂ ਅੰਕੜੇ
ਲੰਬੀਆਂ ਵੀਡੀਓਜ਼ ਦੇ ਆਉਣ ਨਾਲ ਇਸ਼ਤਿਹਾਰ ਦੇਣ ਦਾ ਤਰੀਕਾ ਵੀ ਬਦਲ ਸਕਦਾ ਹੈ। ਮਿਸਾਲ ਵਜੋਂ, ਕਿਸੇ ਹਿੰਦੀ ਪੌਡਕਾਸਟ ’ਚ ਬ੍ਰਾਂਡ ਦਾ ਇਸ਼ਤਿਹਾਰ 18ਵੇਂ ਮਿੰਟ ’ਤੇ ਦਿਖਾਇਆ ਜਾਂਦਾ ਹੈ ਤਾਂ ਇਸ਼ਤਿਹਾਰ ਦੇਣ ਵਾਲਾ ਇਹ ਜਾਣਨਾ ਚਾਹੇਗਾ ਕਿ ਕਿੰਨੇ ਦਰਸ਼ਕ ਉਸ ਸਮੇਂ ਤੱਕ ਵੀਡੀਓ ਦੇਖਦੇ ਰਹੇ। ਸਿਰਫ਼ ਰੀਲਜ਼ ਦੇ ਵਿਊਜ਼ ਤੋਂ ਇਸ਼ਤਿਹਾਰ ਦੀ ਅਸਲ ਪਹੁੰਚ ਦਾ ਪਤਾ ਨਹੀਂ ਲੱਗੇਗਾ। ਦਰਸ਼ਕਾਂ ਦਾ ਵੀਡੀਓ ਦੇਖਣ ਦਾ ਸਮਾਂ, ਵਿਚਕਾਰ ਛੱਡਣ ਦੀ ਦਰ ਅਤੇ ਅਗਲੇ ਐਪੀਸੋਡ ’ਚ ਉਨ੍ਹਾਂ ਦੀ ਵਾਪਸੀ ਵਰਗੇ ਅੰਕੜੇ ਅਹਿਮ ਹੋਣਗੇ। ਇਸ ਨਾਲ ਬ੍ਰਾਂਡ ਪੂਰੇ ਸੀਜ਼ਨ ਲਈ ਕ੍ਰਿਏਟਰਾਂ ਨਾਲ ਭਾਈਵਾਲੀ ਕਰ ਸਕਣਗੇ।
ਭਾਰਤ ’ਚ ਯੂ-ਟਿਊਬ ਦੀ ਮਜ਼ਬੂਤ ਪਕੜ ਵੱਡੀ ਚੁਣੌਤੀ
ਭਾਰਤ ਇੰਸਟਾਗ੍ਰਾਮ ਅਤੇ ਯੂ-ਟਿਊਬ ਦੋਵਾਂ ਲਈ ਸਭ ਤੋਂ ਵੱਡੇ ਬਾਜ਼ਾਰਾਂ ’ਚ ਸ਼ਾਮਲ ਹੈ। ਸਟੈਟਿਸਟਾ ਅਤੇ ਡੇਟਾ ਰਿਪੋਰਟਲ ਦੇ ਅੰਕੜਿਆਂ ਮੁਤਾਬਕ, ਭਾਰਤ ’ਚ ਇੰਸਟਾਗ੍ਰਾਮ ਦੇ ਕਰੀਬ 48.05 ਕਰੋੜ ਅਤੇ ਯੂ-ਟਿਊਬ ਦੇ ਲਗਭਗ 57.3 ਕਰੋੜ ਖਪਤਕਾਰ (ਯੂਜ਼ਰਜ਼) ਹਨ। ਯੂ-ਟਿਊਬ ਪਹਿਲਾਂ ਹੀ ਲੰਬੀਆਂ ਵੀਡੀਓਜ਼, ਸੰਗੀਤ, ਟਿਊਟੋਰੀਅਲ, ਵੈੱਬ ਸ਼ੋਅ ਅਤੇ ਪੌਡਕਾਸਟ ਦੇ ਮਾਮਲੇ ’ਚ ਮਜ਼ਬੂਤ ਸਥਿਤੀ ’ਚ ਹੈ। ਉਸ ਨੇ ਏਕਤਾ ਕਪੂਰ ਦੀ ‘ਬਾਲਾਜੀ ਟੈਲੀਫਿਲਮਜ਼’ ਨਾਲ 5 ਪ੍ਰੀਮੀਅਮ ਓਰਿਜਨਲ ਸ਼ੋਅ ਅਤੇ 200 ਐਪੀਸੋਡ ਤਿਆਰ ਕਰਨ ਦੀ ਭਾਈਵਾਲੀ ਵੀ ਕੀਤੀ ਹੈ। ਇਸ ਤੋਂ ਸਾਫ਼ ਹੈ ਕਿ ਯੂ-ਟਿਊਬ ਖੁਦ ਨੂੰ ਨਵੇਂ ਦੌਰ ਦੇ ਟੈਲੀਵਿਜ਼ਨ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦਰਸ਼ਕਾਂ ਦੀ ਆਦਤ ਬਦਲਣਾ ਹੋਵੇਗਾ ਅਸਲੀ ਇਮਤਿਹਾਨ
ਮਾਹਿਰਾਂ ਦਾ ਮੰਨਣਾ ਹੈ ਕਿ ਇੰਸਟਾਗ੍ਰਾਮ ਅਤੇ ਯੂ-ਟਿਊਬ ਦੇ ਦਰਸ਼ਕਾਂ ਦੀਆਂ ਲੋੜਾਂ ਕੁਝ ਵੱਖਰੀਆਂ ਹਨ। ਇੰਸਟਾਗ੍ਰਾਮ ’ਤੇ ਲੋਕ ਕ੍ਰਿਏਟਰਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਟੈਂਟ ਨਾਲ ਜੁੜਦੇ ਹਨ, ਜਦਕਿ ਯੂ-ਟਿਊਬ ’ਤੇ ਲੋਕ ਕਿਸੇ ਖਾਸ ਜਾਣਕਾਰੀ, ਗਾਣੇ, ਟਿਊਟੋਰੀਅਲ ਜਾਂ ਪੂਰੇ ਪ੍ਰੋਗਰਾਮ ਦੀ ਭਾਲ ’ਚ ਜਾਂਦੇ ਹਨ। ਅਜਿਹੇ ’ਚ ਇੰਸਟਾਗ੍ਰਾਮ ਲਈ ਸਿਰਫ਼ ਵੀਡੀਓ ਦਾ ਸਮਾਂ ਵਧਾਉਣਾ ਕਾਫ਼ੀ ਨਹੀਂ ਹੋਵੇਗਾ। ਉਸ ਨੂੰ ਦਰਸ਼ਕਾਂ ਨੂੰ ਵਾਰ-ਵਾਰ ਵਾਪਸ ਆਉਣ ਦਾ ਕਾਰਨ ਦੇਣਾ ਹੋਵੇਗਾ। ਭਾਰਤ ’ਚ ਇਸ ਸਹੂਲਤ ਦੀ ਸ਼ੁਰੂਆਤ ਕਦੋਂ ਹੋਵੇਗੀ, ਇਸ ਦੀ ਅਧਿਕਾਰਤ ਸਮਾਂ-ਸੀਮਾ ਅਜੇ ਐਲਾਨੀ ਨਹੀਂ ਗਈ ਹੈ। ਫਿਲਹਾਲ 90 ਮਿੰਟ ਦਾ ਇਹ ਤਜਰਬਾ ਤੈਅ ਕਰੇਗਾ ਕਿ ਇੰਸਟਾਗ੍ਰਾਮ ਸਿਰਫ਼ ਰੀਲਜ਼ ਦਾ ਮੰਚ ਬਣਿਆ ਰਹੇਗਾ ਜਾਂ ਡਿਜੀਟਲ ਮਨੋਰੰਜਨ ਦੀ ਲੰਬੀ ਦੌੜ ’ਚ ਵੀ ਯੂ-ਟਿਊਬ ਨੂੰ ਚੁਣੌਤੀ ਦੇ ਸਕੇਗਾ।
