ਤਿਉਹਾਰਾਂ ਤੋਂ ਬਾਅਦ ਵੀ ਨਹੀਂ ਘਟੇਗੀ ਰਫ਼ਤਾਰ! ਲਾਂਚ ਹੋਣ ਜਾ ਰਹੀਆਂ ਇਕ ਤੋਂ ਬਾਅਦ ਇਕ ਦਮਦਾਰ 15 SUV''s
Sunday, Nov 09, 2025 - 12:56 PM (IST)
ਗੈਜੇਟ ਡੈਸਕ- ਭਾਰਤੀ ਆਟੋਮੋਬਾਈਲ ਖੇਤਰ 'ਚ ਸਾਲ ਦੇ ਅੰਤ 'ਚ ਵੀ ਸੁਸਤੀ ਦੇ ਕੋਈ ਆਸਾਰ ਨਹੀਂ ਦਿਖ ਰਹੇ। ਨਵੰਬਰ ਤੋਂ ਮਾਰਚ ਦੇ ਵਿਚਕਾਰ ਘੱਟੋ-ਘੱਟ 15 ਨਵੇਂ ਮਾਡਲ, ਜਿਨ੍ਹਾਂ 'ਚੋਂ 13 SUV ਮਾਡਲ ਹੋਣਗੇ, ਬਜ਼ਾਰ 'ਚ ਆਉਣ ਵਾਲੇ ਹਨ। ਤਿਉਹਾਰਾਂ ਦੇ ਸੀਜ਼ਨ 'ਚ ਰਿਕਾਰਡ ਤੋੜ ਵਿਕਰੀ ਅਤੇ ਅਕਤੂਬਰ 'ਚ ਹੋਈ ਇਤਿਹਾਸਕ ਮੰਗ ਤੋਂ ਬਾਅਦ, ਆਟੋ ਕੰਪਨੀਆਂ ਹੁਣ ਇਸ ਰਫ਼ਤਾਰ ਦਾ ਪੂਰਾ ਲਾਭ ਚੁਕਾਉਣ 'ਚ ਲੱਗੀਆਂ ਹਨ।
ਉਦਯੋਗ ਨਾਲ ਜੁੜੇ ਅਧਿਕਾਰੀਆਂ ਦੇ ਅਨੁਸਾਰ, ਮਾਸ ਅਤੇ ਲਗਜ਼ਰੀ ਦੋਵੇਂ ਸੈਗਮੈਂਟ ਦੀਆਂ ਕੰਪਨੀਆਂ ਹੁਣ ਹਾਈ-ਮਾਰਜਿਨ ਮਾਡਲਾਂ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ, ਅਤੇ ਉਤਪਾਦਨ ਨੂੰ ਵੱਧ ਤੋਂ ਵੱਧ ਪੱਧਰ 'ਤੇ ਰੱਖਿਆ ਜਾ ਰਿਹਾ ਹੈ। ਇਕ ਕੰਪਨੀ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ SUV ਉਤਪਾਦਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।
ਟਾਟਾ ਤੇ ਮਹਿੰਦਰਾ ਦੀ ਵੱਡੀ ਤਿਆਰੀ
ਭਾਰਤ 'ਚ SUV ਸੈਗਮੈਂਟ ਹੁਣ ਕੁੱਲ ਪੈਸੇਂਜਰ ਵਾਹਨਾਂ ਦੀ ਵਿਕਰੀ ਦਾ ਅੱਧ ਤੋਂ ਵੱਧ ਹਿੱਸਾ ਬਣ ਚੁੱਕਾ ਹੈ। ਹਾਲਾਂਕਿ ਜੀਐੱਸਟੀ 'ਚ ਕਟੌਤੀ ਤੋਂ ਬਾਅਦ ਛੋਟੀਆਂ ਕਾਰਾਂ ਦੀ ਮੰਗ ਵਧੀ ਹੈ, ਪਰ ਆਉਣ ਵਾਲੇ ਮਹੀਨਿਆਂ 'ਚ ਕੇਵਲ 2 ਨਵੀਆਂ ਕਾਰਾਂ ਹੀ ਲਾਂਚ ਹੋਣਗੀਆਂ — ਇਕ ਸੈਡਾਨ Mercedes CLA ਅਤੇ ਇਕ ਕ੍ਰਾਸਓਵਰ Fronx Hybrid।
ਇਸ ਸੀਜ਼ਨ ਦੀ ਸਭ ਤੋਂ ਚਰਚਿਤ ਲਾਂਚ ਟਾਟਾ ਮੋਟਰਜ਼ ਦੀ ਨਵੀਂ Tata Sierra ਹੈ, ਜੋ 22 ਸਾਲ ਬਾਅਦ ਵਾਪਸੀ ਕਰ ਰਹੀ ਹੈ। ਇਸ ਦਾ ਟੀਜ਼ਰ ਹੀ ਗਾਹਕਾਂ 'ਚ ਜੋਸ਼ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ। ਇਸ ਦੇ ਨਾਲ ਹੀ, ਮਹਿੰਦਰਾ ਆਪਣੀ ਪਹਿਲੀ ਬੌਰਨ ਇਲੈਕਟ੍ਰਿਕ 7-ਸੀਟਰ SUV ਲਿਆਉਣ ਦੀ ਤਿਆਰੀ 'ਚ ਹੈ, ਜਦੋਂਕਿ ਮਾਰੂਤੀ ਸੁਜ਼ੂਕੀ ਜਲਦ ਹੀ e-Vitara ਲਾਂਚ ਕਰਨ ਜਾ ਰਹੀ ਹੈ।
ਘਰੇਲੂ ਤੇ ਵਿਦੇਸ਼ੀ ਕੰਪਨੀਆਂ ਦੀ ਤਿੱਖੀ ਦੌੜ
ਵਿਦੇਸ਼ੀ ਕੰਪਨੀਆਂ ਵੀ ਪਿੱਛੇ ਨਹੀਂ ਹਨ। ਰੇਨੌਲਟ ਦੀ ਨਵੀਂ ਜਨਰੇਸ਼ਨ Duster ਅਤੇ ਨਿਸਾਨ ਦੀ Tekton SUV ਮਾਰਕੀਟ 'ਚ ਹਲਚਲ ਮਚਾਉਣ ਲਈ ਤਿਆਰ ਹਨ। ਲਗਜ਼ਰੀ ਸੈਗਮੈਂਟ 'ਚ BMW ਅਤੇ Volvo ਆਪਣੀਆਂ ਨਵੀਆਂ ਪ੍ਰੀਮੀਅਮ ਇਲੈਕਟ੍ਰਿਕ SUVs ਲਾਂਚ ਕਰਨ ਵਾਲੀਆਂ ਹਨ। ਆਮ ਤੌਰ 'ਤੇ ਕੰਪਨੀਆਂ ਦੀਵਾਲੀ ਤੋਂ ਬਾਅਦ ਨਵੇਂ ਲਾਂਚ ਤੋਂ ਝਿਜਕਦੀਆਂ ਹਨ, ਪਰ ਇਸ ਵਾਰ ਜੀਐੱਸਟੀ ਰਾਹਤ, ਆਸਾਨ ਫ਼ਾਇਨੈਂਸਿੰਗ ਅਤੇ ਤਿਉਹਾਰਾਂ ਦੀ ਬਿਹਤਰੀਨ ਮੰਗ ਕਾਰਨ ਇਹ ਆਪਣੀ ਲਾਂਚ ਯੋਜਨਾ 'ਤੇ ਕਾਇਮ ਹਨ। ਮਾਰੂਤੀ ਬਰੇਜ਼ਾ (Brezza), ਟਾਟਾ ਨੈਕਸਨ (Nexon) ਅਤੇ ਮਹਿੰਦਰਾ XUV700 ਵਰਗੇ ਮਾਡਲਾਂ ਦੀ 2024 ਤੱਕ ਵੈਟਿੰਗ ਲਿਸਟ ਦਰਸਾਉਂਦੀ ਹੈ ਕਿ ਗਾਹਕਾਂ ਦੀ ਮੰਗ ਕਿੰਨੀ ਮਜ਼ਬੂਤ ਹੈ ਅਤੇ ਉਤਪਾਦਨ ਕਿੱਥੇ ਤਕ ਦਬਾਅ 'ਚ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
