ਫੇਸਬੁੱਕ ਜਲਦੀ ਪੇਸ਼ ਕਰੇਗੀ ਆਗਮੈਂਟਿਡ ਰਿਐਲਿਟੀ ਚਸ਼ਮਾ
Sunday, Aug 20, 2017 - 04:18 PM (IST)

ਜਲੰਧਰ- ਫੇਸਬੁੱਕ ਦੁਆਰਾ ਇਸ ਹਫਤੇ ਦੀ ਸ਼ੁਰੂਆਤ 'ਚ ਦਾਖਲ ਕੀਤੀ ਗਈ ਇਕ ਪੇਟੈਂਟ ਅਰਜ਼ੀ ਰਾਹੀਂ ਇਹ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਆਗਮੈਂਟਿਡ ਰਿਐਲਿਟੀ ਚਸ਼ਮਿਆਂ ਨੂੰ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ, ਜੋ ਡਿਜੀਟਲ ਚੀਜ਼ਾਂ ਨੂੰ ਭੌਤਿਕ ਦੁਨੀਆ ਦੇ ਨਾਲ ਜੋੜ ਕੇ ਦਿਖਾਏਗਾ। ਰਿਪੋਰਟ ਮੁਤਾਬਕ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਇਸ ਤਰ੍ਹਾਂ ਦੇ ਚਸ਼ਮਿਆਂ ਦੀ ਫੋਟੋ ਪਹਿਲਾਂ ਵੀ ਦਿਖਾਈ ਸੀ ਅਤੇ ਕਿਹਾ ਸੀ ਕਿ ਇਹ ਚਸ਼ਮੇ ਹੀ ਆਗਮੈਂਟਿਡ ਰਿਐਲਿਟੀ ਦਾ ਭਵਿੱਖ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇਸ ਤਰ੍ਹਾਂ ਦੇ ਪ੍ਰੋਡਕਟ ਵਿਕਸਿਤ ਕਰ ਰਹੀ ਹੈ।
ਆਗਮੈਂਟਿਡ ਰਿਐਲਿਟੀ
ਫੇਸਬੁੱਕ ਦੇ ਸੀ.ਈ.ਓ. ਦਾ ਮੰਨਣਾ ਹੈ ਕਿ ਸਮਾਰਟਫੋਨ ਤੋਂ ਬਾਅਦ ਕੰਜ਼ਿਊਮਰ ਟੈੱਕ ਪਲੇਟਫਾਰਮ ਦੀ ਅਗਲੀ ਵੱਡੀ ਚੀਜ਼ ਆਗਮੈਂਟਿਡ ਰਿਐਲਿਟੀ ਹੀ ਹੋਵੇਗੀ। ਜ਼ੁਕਰਬਰਗ ਨੇ ਕਿਹਾ ਕਿ ਜ਼ਰਾ ਸੋਚੋ, ਤੁਸੀਂ ਕਿੰਨੀਆਂ ਚੀਜ਼ਾਂ ਕਰ ਸਕਦੇ ਹਨ। ਉਨ੍ਹਾਂ ਨੂੰ ਅਸਲ 'ਚ ਭੌਤਿਕ ਰੂਪ ਨਾਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੋਈ ਬੋਰਡ ਗੇਮ ਖੇਡਣਾ ਚਾਹੁੰਦੇ ਹੋ? ਬਸ ਹੱਥ ਘੁਮਾਓ ਅਤੇ ਤੁਹਾਡੇ ਸਾਹਮਣੇ ਬੋਰਡ ਗੇਮ ਹਾਜ਼ਰ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਆਕੁਲਸ ਇਸ ਤਕਨੀਕ ਨੂੰ ਵਿਕਸਿਤ ਕਰ ਰਹੀ ਹੈ ਪਰ ਸਾਲ 2022 ਤੋਂ ਪਹਿਲਾਂ ਇਸ ਦੇ ਵਿਵਹਾਰ 'ਚ ਆਉਣ ਦੀ ਉਮੀਦ ਨਹੀਂ ਹੈ।