ਸਾਵਧਾਨ! QR ਕੋਡ ਸਕੈਨ ਕਰਦੇ ਹੀ ਖਾਲੀ ਹੋ ਸਕਦਾ ਹੈ ਬੈਂਕ ਖਾਤਾ, ਹੈਕਿੰਗ ਤੋਂ ਬਚਣ ਲਈ ਅਪਣਾਓ ਇਹ ਤਰੀਕੇ
Saturday, May 30, 2026 - 02:38 PM (IST)
ਗੈਜੇਟ ਡੈਸਕ - ਅੱਜ-ਕੱਲ੍ਹ QR ਕੋਡ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਚਾਹੇ ਰੈਸਟੋਰੈਂਟ ਦਾ ਮੇਨੂ ਹੋਵੇ, ਪਾਰਕਿੰਗ ਦੀ ਪੇਮੈਂਟ ਜਾਂ ਕਰਿਆਨੇ ਦੀ ਦੁਕਾਨ 'ਤੇ UPI ਭੁਗਤਾਨ, ਅਸੀਂ ਤੁਰੰਤ QR ਕੋਡ ਸਕੈਨ ਕਰ ਲੈਂਦੇ ਹਾਂ। ਪਰ ਸਾਵਧਾਨ! ਤੁਹਾਡੀ ਇਹੀ ਸਹੂਲਤ ਹੁਣ ਸਾਈਬਰ ਠੱਗਾਂ ਦਾ ਹਥਿਆਰ ਬਣ ਰਹੀ ਹੈ। ਨਕਲੀ QR ਕੋਡ ਰਾਹੀਂ ਲੋਕਾਂ ਦੇ ਬੈਂਕ ਵੇਰਵੇ, ਪਾਸਵਰਡ ਅਤੇ OTP ਵਰਗੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ।
ਕੀ ਹੈ 'ਕਵਿਸ਼ਿੰਗ' ?
ਸਾਈਬਰ ਮਾਹਿਰ ਇਸ ਨਵੇਂ ਖ਼ਤਰੇ ਨੂੰ 'ਕਵਿਸ਼ਿੰਗ' ਕਹਿੰਦੇ ਹਨ। ਇਹ QR ਕੋਡ 'ਤੇ ਅਧਾਰਤ ਇਕ ਫਿਸ਼ਿੰਗ ਹਮਲਾ ਹੈ। ਆਮ ਲਿੰਕਾਂ 'ਚ URL ਪਹਿਲਾਂ ਹੀ ਦਿਖਾਈ ਦੇ ਜਾਂਦਾ ਹੈ, ਪਰ QR ਕੋਡ 'ਚ ਲਿੰਕ ਛੁਪਿਆ ਰਹਿੰਦਾ ਹੈ। ਠੱਗ ਅਕਸਰ ਅਸਲੀ QR ਕੋਡ ਦੇ ਉੱਪਰ ਆਪਣੇ ਨਕਲੀ ਕੋਡ ਦੇ ਸਟਿੱਕਰ ਚਿਪਕਾ ਦਿੰਦੇ ਹਨ, ਜਿਸ ਨਾਲ ਯੂਜ਼ਰ ਸਿੱਧਾ ਉਨ੍ਹਾਂ ਦੇ ਜਾਲ 'ਚ ਫਸ ਜਾਂਦਾ ਹੈ।
ਇਨ੍ਹਾਂ ਥਾਵਾਂ 'ਤੇ ਰਹੋ ਜ਼ਿਆਦਾ ਚੌਕਸ :-
ਜਨਤਕ ਪੇਮੈਂਟ ਸਿਸਟਮ
- ਪਾਰਕਿੰਗ ਮੀਟਰ, ਦੁਕਾਨਾਂ ਦੇ ਪੇਮੈਂਟ ਬੋਰਡ ਅਤੇ ਜਨਤਕ ਮਸ਼ੀਨਾਂ 'ਤੇ ਲੱਗੇ ਕੋਡ ਸਭ ਤੋਂ ਵੱਧ ਨਿਸ਼ਾਨੇ 'ਤੇ ਹੁੰਦੇ ਹਨ।
ਈਮੇਲ ਅਤੇ ਪਾਰਸਲ
- ਅਣਜਾਣ ਈਮੇਲ ਜਾਂ ਪਾਰਸਲ 'ਚ ਮਿਲੇ QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਕਈ ਵਾਰ ਸੋਚੋ।
ਸਟਿੱਕਰ ਦੀ ਜਾਂਚ
- ਜੇਕਰ ਕਿਸੇ ਸਟਿੱਕਰ ਦੇ ਉੱਪਰ ਦੂਜਾ ਸਟਿੱਕਰ ਚਿਪਕਿਆ ਦਿਖਾਈ ਦੇਵੇ, ਤਾਂ ਇਹ ਖ਼ਤਰੇ ਦਾ ਸੰਕੇਤ ਹੋ ਸਕਦਾ ਹੈ।
ਬਚਣ ਲਈ ਮਾਹਿਰਾਂ ਦੀ ਸਲਾਹ :-
ਸਕੈਨ ਕਰੋ, ਲਿੰਕ ਦੇਖੋ ਅਤੇ ਫਿਰ ਓਪਨ ਕਰੋ
- QR ਸਕੈਨ ਕਰਨ ਤੋਂ ਬਾਅਦ ਲਿੰਕ 'ਤੇ ਤੁਰੰਤ ਕਲਿੱਕ ਨਾ ਕਰੋ। ਪਹਿਲਾਂ ਲਿੰਕ ਨੂੰ ਧਿਆਨ ਨਾਲ ਦੇਖੋ ਕਿ ਵੈੱਬਸਾਈਟ ਦਾ ਪਤਾ ਸਹੀ ਹੈ ਜਾਂ ਨਹੀਂ।
ਡਿਫੌਲਟ ਕੈਮਰਾ ਐਪ ਦੀ ਵਰਤੋਂ
- QR ਸਕੈਨ ਕਰਨ ਲਈ ਹਮੇਸ਼ਾ ਫੋਨ ਦੇ ਆਪਣੇ ਕੈਮਰਾ ਐਪ ਦੀ ਵਰਤੋਂ ਕਰੋ। ਥਰਡ-ਪਾਰਟੀ QR ਸਕੈਨਰ ਐਪਸ ਤੁਹਾਡੀ ਨਿੱਜੀ ਜਾਣਕਾਰੀ ਲਈ ਖ਼ਤਰਾ ਬਣ ਸਕਦੇ ਹਨ।
ਸ਼ੱਕੀ ਜਾਣਕਾਰੀ ਤੋਂ ਬਚੋ
- ਜੇਕਰ ਸਕੈਨ ਕਰਦੇ ਹੀ ਪਾਸਵਰਡ, OTP ਜਾਂ ਕੋਈ ਐਪ ਡਾਊਨਲੋਡ ਕਰਨ ਲਈ ਕਿਹਾ ਜਾਵੇ, ਤਾਂ ਤੁਰੰਤ ਰੁਕ ਜਾਓ।
ਲਿੰਕ ਦੀ ਸਪੈਲਿੰਗ ਚੈੱਕ ਕਰੋ
- ਦੇਖੋ ਕਿ URL ਵਿੱਚ ਕੋਈ ਗਲਤ ਸਪੈਲਿੰਗ ਜਾਂ ਅਜੀਬ ਅੱਖਰ ਤਾਂ ਨਹੀਂ ਹਨ।
ਸਾਈਬਰ ਸੁਰੱਖਿਆ ਏਜੰਸੀਆਂ ਮੁਤਾਬਕ, ਹਰ QR ਕੋਡ ਨੂੰ ਇੱਕ ਅਣਜਾਣ ਲਿੰਕ ਵਾਂਗ ਸਮਝਣਾ ਚਾਹੀਦਾ ਹੈ। ਪਹਿਲਾਂ ਜਾਂਚ ਕਰੋ, ਫਿਰ ਭਰੋਸਾ ਕਰੋ ਅਤੇ ਉਸ ਤੋਂ ਬਾਅਦ ਹੀ ਅੱਗੇ ਵਧੋ।
